ਗਿੱਦੜਬਾਹਾ (ਸੰਧਿਆ) - ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ-2018 ਤਹਿਤ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਤੇ ਸੈਨੇਟਰੀ ਇੰਸਪੈਕਟਰ ਮਾਨ ਸਿੰਘ ਦੀ ਪ੍ਰਧਾਨਗੀ ਹੇਠ ਵਿਜੇ ਕੁਮਾਰ ਨੇ ਸਫ਼ਾਈ ਮੁਲਾਜ਼ਮਾਂ ਦੀ ਮਦਦ ਨਾਲ ਸ਼ਹਿਰ 'ਚ ਰਾਤ ਨੂੰ ਸਫ਼ਾਈ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਇਸ ਸਮੇਂ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਮਾਨ ਸਿੰਘ ਨੇ ਦੱਸਿਆ ਕਿ 'ਸਵੱਛ ਭਾਰਤ ਮੁਹਿੰਮ' ਤਹਿਤ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਸ਼ਹਿਰ ਨੂੰ ਸੁੰਦਰ ਦਿੱਖ ਦੇਣ ਲਈ ਸਫਾਈ ਮੁਲਾਜ਼ਮਾਂ ਦੀ ਮਦਦ ਨਾਲ ਰਾਤ ਸਮੇਂ ਸ਼ਹਿਰ 'ਚ ਥਾਂ-ਥਾਂ 'ਤੇ ਸਫਾਈ ਕਰਵਾਈ ਗਈ। ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਰਾਤ ਸਮੇਂ ਜਦੋਂ ਥਾਂ-ਥਾਂ 'ਤੇ ਕੂੜਾ ਸੁੱਟਿਆ ਜਾਂਦਾ ਹੈ ਤਾਂ ਸਫਾਈ ਮੁਲਾਜ਼ਮ ਰਾਤ ਸਮੇਂ ਹੀ ਇਹ ਕੂੜਾ ਚੁੱਕ ਲੈਂਦੇ ਹਨ।
ਸੈਨੇਟਰੀ ਇੰਸਪੈਕਟਰ ਨੇ ਦੁਕਾਨਦਾਰਾਂ ਨੂੰ ਦੁਕਾਨਾਂ 'ਚ ਡਸਟਬਿਨ ਰੱਖਣ ਦੀ ਹਦਾਇਤ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਛੋਲੇ-ਭਟੂਰੇ, ਕੁਲਚੇ, ਗੋਲ ਗੱਪੇ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਰੇਹੜੀਆਂ ਲਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਕੂੜਾਦਾਨ ਰੱਖਣ ਕਿਉਂਕਿ ਉਨ੍ਹਾਂ ਵੱਲੋਂ ਵਰਤੋਂ ਕੀਤੇ ਜਾਂਦੇ ਡਿਸਪੋਜ਼ੇਬਲ ਪਲੇਟਾਂ 'ਚ ਜਦੋਂ ਗਾਹਕ ਸਾਮਾਨ ਖਾਂਦਾ ਹੈ ਤਾਂ ਉਹ ਉਸ ਨੂੰ ਸੜਕ 'ਤੇ ਹੀ ਸੁੱਟ ਦਿੰਦਾ ਹੈ, ਜਿਸ ਨਾਲ ਗੰਦਗੀ 'ਚ ਵਾਧਾ ਹੁੰਦਾ ਹੈ, ਜੇਕਰ ਰੇਹੜੀ ਵਾਲੇ ਕੂੜਾਦਾਨ ਰੱਖਣਗੇ ਤਾਂ ਲੋਕ ਵੀ ਡਿਸਪੋਜ਼ੇਬਲ ਪਲੇਟਾਂ ਨੂੰ ਬਾਅਦ ਕੂੜੇਦਾਨ 'ਚ ਹੀ ਸੁੱਟਣਗੇ, ਜਿਸ ਨਾਲ ਗੰਦਗੀ ਨਹੀਂ ਫੈਲੇਗੀ।
ਉਨ੍ਹਾਂ ਕਿਹਾ ਕਿ ਰਾਤ ਨੂੰ ਸਫਾਈ ਸ਼ੁਰੂ ਕਰਨ ਦਾ ਮਕਸਦ ਇਹ ਹੈ ਕਿ ਸਵੇਰ ਸਮੇਂ ਜਦੋਂ ਸ਼ਹਿਰ ਵਾਸੀ ਸੈਰ ਕਰਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਈਆ ਹੋ ਸਕੇ। ਇਸ ਨਾਲ ਜਿੱਥੇ ਲੋਕ ਸਫ਼ਾਈ ਪ੍ਰਤੀ ਜਾਗਰੂਕ ਹੋਣਗੇ, ਉੱਥੇ ਹੀ ਬੀਮਾਰੀਆਂ ਵੀ ਘੱਟ ਫੈਲਣਗੀਆਂ।
ਕਾਰ ਦੀ ਲਪੇਟ 'ਚ ਆ ਕੇ ਬਟਾਲਾ ਵਾਸੀ ਵਿਅਕਤੀ ਦੀ ਮੌਤ
NEXT STORY