ਬਾਘਾਪੁਰਾਣਾ (ਚਟਾਨੀ) - ਪੈਦਾ ਹੋ ਰਹੀ ਗੰਦਗੀ ਕਾਰਨ ਬੀਮਾਰੀਆਂ ਦੀ ਜਕੜ 'ਚ ਆਏ ਬਾਬਾ ਜੀਵਨ ਸਿੰਘ ਨਗਰ ਦੇ ਲੋਕਾਂ ਵੱਲੋਂ ਸਿਹਤ ਵਿਭਾਗ ਅੱਗੇ ਕੱਢੀਆਂ ਜਾ ਰਹੀਆਂ ਲੇਲੜੀਆਂ ਦੇ ਬੇਸਿੱਟਾ ਰਹਿਣ ਕਾਰਨ ਆਖਿਰ ਇਸ ਨਗਰ ਦੇ ਲੋਕਾਂ ਨੂੰ ਆਪਣੇ ਹੱਥੀਂ ਹੀ ਆਪਣਾ ਕਾਜ ਸੰਵਾਰਨਾ ਪਿਆ। ਇਸ ਨਗਰ ਦੀ ਨਵੀਂ ਗਠਿਤ ਹੋਈ ਬਾਬਾ ਬੰਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਨੂੰ ਨਗਰ ਵਾਸੀਆਂ ਵੱਲੋਂ ਸਫਾਈ ਸਬੰਧੀ ਕੀਤੀ ਗਈ ਅਰਜੋਈ 'ਤੇ ਕਲੱਬ ਨੇ ਬਿਨਾਂ ਦੇਰੀ ਅਮਲ ਕਰ ਵਿਖਾਇਆ।
ਕਲੱਬ ਪ੍ਰਧਾਨ ਗੋਬਿੰਦ ਸਿੰਘ ਭਿੰਦੀ ਅਤੇ ਸਰਪ੍ਰਸਤ ਸੁਖਪ੍ਰੀਤ ਸਿੰਘ ਪੱਪੂ ਦੀ ਅਗਵਾਈ ਹੇਠਲੀ ਟੀਮ ਨੇ ਛੱਪੜ ਦੇ ਆਲੇ-ਦੁਆਲੇ ਲੱਗੇ ਗੰਦਗੀ ਦੇ ਢੇਰਾਂ ਨੂੰ ਚੁੱਕਵਾਉਣ ਅਤੇ ਛੱਪੜ ਦੀ ਸਫਾਈ ਕਰਨ ਲਈ ਅੱਜ ਤੜਕਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਲੱਬ ਦੇ ਉੱਦਮੀਆਂ ਰਾਜ ਕੁਮਾਰ ਰਾਜਾ, ਪਰਦਮਨ ਸਿੰਘ ਭੱਟੀ, ਡਾ. ਸੁਖਪਾਲ ਸਿੰਘ, ਵੇਦ ਪ੍ਰਕਾਸ਼ ਸਿੰਘ, ਸੁਖਮੰਦਰ ਸਿੰਘ ਭੱਟੀ, ਗੁਰਦਿੱਤ ਸਿੰਘ ਭੱਟੀ, ਹਰਪ੍ਰੀਤ ਸਿੰਘ ਮੋਟੂ, ਪ੍ਰਧਾਨ ਗੁਰਦੇਵ ਸਿੰਘ ਦੇਬੀ ਆਦਿ ਨੇ ਜੇ. ਸੀ. ਬੀ. ਮਸ਼ੀਨ ਦੇ ਨਾਲ ਆਪਣੀਆਂ ਕਹੀਆਂ ਚਲਾ ਕੇ ਬਾਬਾ ਜੀਵਨ ਸਿੰਘ ਨਗਰ ਦੀ ਦਿਖ ਬਦਲ ਦਿੱਤੀ।
ਕਲੱਬ ਮੈਂਬਰਾਂ ਦੇ ਵੱਡੇ ਉੱਦਮ ਦੀ ਦਾਦ ਦਿੰਦਿਆਂ ਆਸ-ਪਾਸ ਦੇ ਘਰਾਂ ਵਾਲਿਆਂ ਨੇ ਡੂੰਘੇ ਟੋਇਆਂ ਨੂੰ ਭਰਨ ਲਈ ਮਿੱਟੀ ਦੀਆਂ ਟਰਾਲੀਆਂ ਪਾਉਣ ਲਈ ਆਪਣੀ ਇੱਛਾ ਪ੍ਰਗਟਾਈ। ਕਲੱਬ ਦੇ ਹੰਭਲੇ ਬਦਲੇ ਲੋਕਾਂ ਨੇ ਨਾ ਸਿਰਫ ਉਨ੍ਹਾਂ ਦੀ ਫੋਕੀ ਸਾਬਾਸ਼ ਹੀ ਦਿੱਤੀ ਸਗੋਂ ਮਾਇਆ ਨਾਲ ਵੀ ਕਲੱਬ ਦੀ ਪਿੱਠ ਥਾਪੜੀ। ਕਲੱਬ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮਿਸ਼ਨ ਲੋਕ ਸੇਵਾ ਅਤੇ ਬੱਚਿਆਂ ਅੰਦਰ ਖੇਡਾਂ ਪ੍ਰਤੀ ਭਾਵਨਾ ਪੈਦਾ ਕਰਨਾ ਹੈ ਅਤੇ ਉਹ ਸਰਕਾਰ ਪਾਸੋਂ ਵੀ ਲੋਕ ਭਲਾਈ ਕਾਰਜਾਂ ਅਤੇ ਹੋਰ ਸਹੂਲਤਾਂ ਦੀ ਮੰਗ ਕਰਦੇ ਹਨ। ਕਲੱਬ ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਉਹ ਇਸ ਆਬਾਦੀ ਦੀਆਂ ਚਿਰੋਕਣੀਆਂ ਸਮੱਸਿਆਵਾਂ ਵੱਲ ਧਿਆਨ ਕੇਂਦਰਿਤ ਜ਼ਰੂਰ ਕਰਨ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਆਸ-ਪਾਸ ਦੇ ਘਰ ਵੱਲੋਂ ਕਲੱਬ ਨੂੰ ਸਹਿਯੋਗ ਵਾਸਤੇ ਕੀਤੀ ਗਈ ਪਹਿਲਕਦਮੀ ਲਈ ਕਲੱਬ ਪ੍ਰਧਾਨ ਨੇ ਵਿਸ਼ੇਸ਼ ਧੰਨਵਾਦ ਕੀਤਾ।
ਪੁਲਸ ਨੇ ਨਸ਼ਿਆਂ ਵਿਰੋਧੀ ਕੱਢੀ ਮੋਟਰਸਾਈਕਲ ਰੈਲੀ
NEXT STORY