ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਦਿਨ-ਦਿਹਾੜੇ ਸਿਵਲ ਹਸਪਤਾਲ 'ਚ ਐਮਰਜੈਂਸੀ ਵਾਰਡ ਦੀ ਛੱਤ 'ਤੇ ਇਕ ਨੌਜਵਾਨ ਦਾ ਸੂਏ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ 'ਚ ਗੰਭੀਰ ਰੂਪ 'ਚ ਜ਼ਖਮੀ ਨੌਜਵਾਨ ਐਮਰਜੈਂਸੀ ਛੱਤ ਦੀਆਂ ਪੌੜੀਆਂ 'ਤੇ ਤੜਫ ਰਿਹਾ ਸੀ। ਤੜਫਦੇ ਨੌਜਵਾਨ 'ਤੇ ਹਸਪਤਾਲ ਦੇ ਸਕਿਊਰਟੀ ਗਾਰਡ ਦੀ ਨਜ਼ਰ ਪਈ। ਨੌਜਵਾਨ ਨੂੰ ਸਕਿਓਰਟੀ ਗਾਰਡ ਜਰਨੈਲ ਸਿੰਘ ਨੇ ਇਲਾਜ ਲਈ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ। ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਘਟਨਾ ਤੋਂ ਪਹਿਲਾਂ ਦੀ ਫੋਟੋ ਵਟਸਅਪ 'ਤੇ ਵਾਇਰਲ ਹੋਈ ਹੈ। ਜਿਸ 'ਚ ਉਸ ਨਾਲ ਦੋਸ਼ੀ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਉਸ ਦੇ ਆਸ ਪਾਸ ਦੋ ਤਿੰਨ ਨੌਜਵਾਨ ਹੋਰ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਰਾਜੇਸ਼ ਕੁਮਾਰ ਛਿੱਬਰ ਭਾਰੀ ਪੁਲਸ ਫੋਰਸ ਲੈ ਕੇ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਹਸਪਤਾਲ ਦੇ ਸਟਾਫ ਵਲੋਂ ਮ੍ਰਿਤਕ ਦੇ ਪਿਤਾ ਨੂੰ ਦਿੱਤੀ ਗਈ ਸੂਚਨਾ
ਐਮਰਜੈਂਸੀ 'ਚ ਤਾਇਨਾਤ ਡਾ. ਸੰਜੇ ਕੁਮਾਰ ਜ਼ਖਮੀ ਨੌਜਵਾਨ ਰਮੇਸ਼ ਕੁਮਾਰ ਦਾ ਇਲਾਜ ਕਰ ਰਹੇ ਸਨ। ਰਮੇਸ਼ ਕੁਮਾਰ ਨੇ ਆਪਣੇ ਪਿਤਾ ਦਾ ਮੋਬਾਇਲ ਨੰਬਰ ਅਤੇ ਨਾਮ ਡਾਕਟਰਾਂ ਨੂੰ ਦੱਸਿਆ। ਹਸਪਤਾਲ ਦੇ ਸਟਾਫ ਨੇ ਇਸ ਘਟਨਾ ਦੀ ਸੂਚਨਾ ਉਸ ਦੇ ਪਿਤਾ ਦਇਆ ਰਾਮ ਜੋ ਕਿ ਰੇਲਵੇ ਵਿਭਾਗ 'ਚ ਕਰਮਚਾਰੀ ਹੈ ਨੂੰ ਦਿੱਤੀ। ਉਸ ਦਾ ਪਿਤਾ ਜਦੋਂ ਸਿਵਲ ਹਸਪਤਾਲ 'ਚ ਪੁੱਜਾ ਤਾਂ ਜ਼ਖਮੀ ਰਮੇਸ਼ ਕੁਮਾਰ ਤੋਂ ਘਟਨਾ ਸੰਬੰਧੀ ਸੂਚਨਾ ਹਾਸਿਲ ਕੀਤੀ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਸ ਦੇ ਪਿਤਾ ਦਇਆ ਰਾਮ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਮੈਨੂੰ ਦੱਸਿਆ ਕਿ ਮੇਰੇ ਢਿੱਡ ਅਤੇ ਛਾਤੀ 'ਚ ਮਨੋਜ ਕੁਮਾਰ ਜਿਸ ਦਾ ਪਿਤਾ ਸਿਵਲ ਹਸਪਤਾਲ 'ਚ ਮਾਲੀ ਹੈ, ਨੇ ਚਾਕੂ ਮਾਰੇ ਹਨ ਤਾਂ ਮੌਕੇ 'ਤੇ ਖੜ੍ਹੀ ਪੁਲਸ ਨੇ ਮਨੋਜ ਕੁਮਾਰ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਸ ਤੋਂ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ।
ਦੁਪਹਿਰ 12 ਵਜੇ ਫੋਨ ਕਰਕੇ ਬੁਲਾਇਆ ਘਰ
ਘਟਨਾ ਸੰਬੰਧੀ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਪੁੱਛਗਿਛ ਲਈ ਹਿਰਾਸਤ 'ਚ ਲਿਆ ਹੈ। ਜਿਸ ਵਿਚ ਮਨੋਜ ਕੁਮਾਰ, ਅਰੁਣ ਕੁਮਾਰ ਅਤੇ ਨਰੇਸ਼ ਕੁਮਾਰ ਹਨ। ਅਰੁਣ ਕੁਮਾਰ ਅਤੇ ਨਰੇਸ਼ ਕੁਮਾਰ ਨੇ ਕਿਹਾ ਕਿ ਮਨੋਜ ਕੁਮਾਰ ਨੇ ਮ੍ਰਿਤਕ ਰਮੇਸ਼ ਕੁਮਾਰ ਨੂੰ ਮੋਬਾਇਲ 'ਤੇ ਫੋਨ ਕਰਕੇ 12 ਵਜੇ ਦੇ ਕਰੀਬ ਆਪਣੇ ਘਰ ਬੁਲਾਇਆ ਸੀ। ਇਸ ਤੋਂ ਬਾਅਦ ਅਸੀਂ ਉਥੇ ਕੋਲਡ ਡਰਿੰਕ ਪੀਤੀ। ਕੋਲਡ ਡਰਿੰਕ ਪੀਣ ਤੋਂ ਬਾਅਦ ਅਸੀਂ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਲੱਗਾ ਕਿ ਕੀ ਘਟਨਾ ਵਾਪਰੀ। ਪੁਲਸ ਨੇ ਮਨੋਜ ਕੁਮਾਰ ਦੇ ਘਰ ਦੀ ਸਰਚ ਕਰਕੇ ਉਥੋਂ ਕੋਲਡ ਡਰਿੰਕ ਦੀਆਂ ਬੋਤਲਾਂ ਅਤੇ ਇਕ ਕਾਲੀ ਪੈਂਟ ਵੀ ਬਰਾਮਦ ਕੀਤੀ। ਜਿਸ ਵਿਚ ਖੂਨ ਦੇ ਛਿੱਟੇ ਲੱਗੇ ਨਜ਼ਰ ਆ ਰਹੇ ਸਨ।
ਵਾਇਰਲ ਹੋਈ ਵਟਸਅਪ ਦੀ ਫੋਟੋ ਦੀ ਇਕ ਘੰਟੇ ਬਾਅਦ ਮਨੋਜ ਕੁਮਾਰ ਨੇ ਬਦਲੇ ਹੋਏ ਸਨ ਕੱਪੜੇ
ਘਟਨਾ ਤੋਂ ਪਹਿਲਾਂ ਜੋ ਫੋਟੋ ਵਟਸਅਪ ਗਰੁੱਪ 'ਚ ਵਾਇਰਲ ਹੋਈ ਸੀ ਉਸ 'ਚ ਦੋਸ਼ੀ ਮਨੋਜ ਕੁਮਾਰ ਦੇ ਚਿੱਟੀ ਸ਼ਰਟ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ। ਜਦੋਂ ਇਕ ਘੰਟੇ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ ਤਾਂ ਉਸ ਦੇ ਨੀਲੀ ਟੀਸ਼ਰਟ ਅਤੇ ਲੋਅਰ ਪਹਿਨੀ ਹੋਈ ਸੀ।
ਮ੍ਰਿਤਕ ਨੂੰ ਦੋਸ਼ੀਆਂ ਨੇ ਹਸਪਤਾਲ ਦੀ ਚਿਮਨੀ 'ਚ ਸੁੱਟਣ ਦੀ ਕੀਤੀ ਕੋਸ਼ਿਸ਼
ਹਸਪਤਾਲ ਦੀ ਛੱਤ 'ਤੇ ਖੂਨ ਹੀ ਖੂਨ ਖਿਲਰਿਆ ਪਿਆ ਸੀ। ਹਸਪਤਾਲ ਦੀ ਛੱਤ 'ਤੇ ਜੋ ਚਿਮਨੀ ਬਣੀ ਹੋਈ ਸੀ ਉਸ ਚਿਮਨੀ 'ਤੇ ਵੀ ਖੂਨ ਦੇ ਦਾਗ ਲੱਗੇ ਹੋਏ ਸਨ। ਇੰਝ ਲਗਦਾ ਸੀ ਕਿ ਦੋਸ਼ੀਆਂ ਨੇ ਮ੍ਰਿਤਕ ਰਮੇਸ਼ ਕੁਮਾਰ ਨੂੰ ਸੂਏ ਮਾਰਨ ਤੋਂ ਬਾਅਦ ਉਸ ਨੂੰ ਚਿਮਨੀ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਕੋਸ਼ਿਸ਼ 'ਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਹ ਛੱਤ ਤੋਂ ਹੇਠਾਂ ਆ ਗਏ ਅਤੇ ਮ੍ਰਿਤਕ ਰਮੇਸ਼ ਕੁਮਾਰ ਤੜਫਦਾ ਹੋਇਆ ਐਮਰਜੈਂਸੀ ਦੀਆਂ ਪੌੜੀਆਂ 'ਤੇ ਆ ਗਿਆ। ਡੀ.ਐਸ.ਪੀ. ਰਾਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਿਰਾਸਤ 'ਚ ਲਏ ਗਏ ਨੌਜਵਾਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁੱਛਗਿਛ ਦੌਰਾਨ ਹੀ ਪੁਲਸ ਇਸ ਕੇਸ ਸਬੰਧੀ ਦੱਸ ਸਕੇਗੀ।
ਨੌਸਰਬਾਜ਼ ਗੱਡੀ 'ਚੋਂ ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਲੈ ਕੇ ਹੋਇਆ ਫਰਾਰ
NEXT STORY