ਮੋਗਾ (ਸੰਦੀਪ) - ਸੋਮਵਾਰ ਦੀ ਅੱਧੀ ਰਾਤ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਸੜਕ ਦੁਰਘਟਨਾ ਵਿਚ ਜ਼ਖ਼ਮੀ ਹੋਏ ਕੋਟ ਈਸੇ ਖਾਂ ਦੇ ਗੁਰਮੇਲ ਸਿੰਘ ਦੇ ਰਿਸ਼ਤੇਦਾਰਾਂ ਵੱਲੋਂ ਵਾਰਡ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਅਤੇ ਸਟਾਫ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਦੇ ਨਾਲ ਹੀ ਧੱਕੇ ਨਾਲ ਹਸਪਤਾਲ ਦੀ ਰਿਕਾਰਡ ਫਾਈਲ ਵੀ ਸਟਾਫ ਕੋਲੋਂ ਜ਼ਬਰਦਸਤੀ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡਿਊਟੀ 'ਤੇ ਤਾਇਨਾਤ ਡਾ. ਸੂਰਜ ਅਤੇ ਸਟਾਫ ਅੰਮ੍ਰਿਤਾ ਤੇ ਗੁਰਵਰਿੰਦਰ ਸਿੰਘ ਅਨੁਸਾਰ 11 ਵਜੇ ਵਾਰਡ 'ਚ ਪੁੱਜੇ ਉਕਤ ਮਰੀਜ਼ ਦਾ ਸਟਾਫ ਨੂੰ ਸਪੈਸ਼ਲ ਤੌਰ 'ਤੇ ਸੱਦ ਕੇ ਐਕਸ-ਰੇ ਵੀ ਕਰਵਾ ਦਿੱਤਾ ਗਿਆ ਸੀ ਅਤੇ ਇਲਾਜ ਤੋਂ ਬਾਅਦ ਮੈਡੀਕਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਇਸ ਦੌਰਾਨ ਮੈਡੀਕਲ ਵਾਰਡ 'ਚ ਤਾਇਨਾਤ ਸਟਾਫ ਮੈਂਬਰਾਂ ਵੱਲੋਂ ਇਕ ਸੀਰੀਅਸ ਮਰੀਜ਼ ਨੂੰ ਐਮਰਜੈਂਸੀ ਵਾਰਡ ਵਿਚ ਲੈ ਕੇ ਜਾਣ ਲਈ ਕਿਹਾ, ਜਿਸ 'ਤੇ ਨਾਰਾਜ਼ ਹੋਏ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਵਾਪਸ ਐਮਰਜੈਂਸੀ ਵਾਰਡ ਵਿਚ ਆ ਕੇ ਉਨ੍ਹਾਂ ਨੂੰ ਸਰਕਾਰੀ ਫਾਈਲ ਦੇਣ ਲਈ ਕਿਹਾ। ਸਰਕਾਰੀ ਰਿਕਾਰਡ ਦੇਣ ਤੋਂ ਮਨ੍ਹਾ ਕਰਨ 'ਤੇ ਉਕਤ ਲੋਕਾਂ ਨੇ ਡਾਕਟਰ ਅਤੇ ਸਟਾਫ ਨੂੰ ਕਥਿਤ ਤੌਰ 'ਤੇ ਅਪਸ਼ਬਦ ਬੋਲਣ ਦੇ ਨਾਲ-ਨਾਲ ਧੱਕਾ-ਮੁੱਕੀ ਵੀ ਕੀਤੀ ਅਤੇ ਧੱਕੇ ਨਾਲ ਰਿਕਾਰਡ ਫਾਈਲ ਆਪਣੇ ਨਾਲ ਲੈ ਕੇ ਚਲੇ ਗਏ। ਇਹੀ ਨਹੀਂ ਹਸਪਤਾਲ ਦੇ ਆਰਥੋ ਵਾਰਡ ਵਿਚ ਡਿਊਟੀ 'ਤੇ ਤਾਇਨਾਤ ਸਟਾਫ ਮੈਂਬਰ ਨਵਦੀਪ ਨੇ ਵੀ ਵਾਰਡ 'ਚ ਦਾਖਲ ਇਕ ਮਰੀਜ਼ ਦੇ ਰਿਸ਼ਤੇਦਾਰ ਵੱਲੋਂ ਉਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਹਨ। ਇਸ ਮਾਮਲੇ ਦੀ ਸੂਚਨਾ ਥਾਣਾ ਸਿਟੀ-2 ਪੁਲਸ ਨੂੰ ਦੇ ਦਿੱਤੀ ਗਈ ਹੈ।
ਵਾਰ-ਵਾਰ ਮਰੀਜ਼ ਨੂੰ ਘੁਮਾਉਣ ਕਾਰਨ ਹੋਇਆ ਵਿਵਾਦ : ਕੁਲਵੰਤ ਸਿੰਘ
ਸਿਵਲ ਹਸਪਤਾਲ 'ਚ ਸੋਮਵਾਰ ਦੀ ਰਾਤ ਐਮਰਜੈਂਸੀ ਵਾਰਡ 'ਚ ਹੋਏ ਵਿਵਾਦ ਸਬੰਧੀ ਜਦੋਂ ਹੰਗਾਮਾ ਕਰਨ ਦੇ ਦੋਸ਼ਾਂ 'ਚ ਘਿਰੇ ਮਰੀਜ਼ ਦੇ ਭਰਾ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਉਸ ਦੇ ਭਰਾ ਦੇ ਐਕਸ-ਰੇ ਕਰਵਾਉਣ ਸਬੰਧੀ ਸਟਾਫ ਨਾ ਹੋਣ ਦੀ ਗੱਲ ਕਹੀ ਗਈ ਅਤੇ ਉਨ੍ਹਾਂ ਦੇ ਇਤਰਾਜ਼ ਕਰਨ 'ਤੇ ਸਟਾਫ ਨੂੰ ਬੁਲਾ ਕੇ ਐਕਸ-ਰੇ ਕਰਵਾਇਆ ਗਿਆ, ਜਿਸ ਉਪਰੰਤ ਉਨ੍ਹਾਂ ਦੇ ਮਰੀਜ਼ ਨੂੰ ਤੀਸਰੀ ਮੰਜ਼ਿਲ 'ਤੇ ਮੈਡੀਕਲ ਵਾਰਡ ਵਿਚ ਸ਼ਿਫਟ ਕੀਤਾ ਗਿਆ, ਜਿੱਥੇ ਡਿਊਟੀ 'ਤੇ ਤਾਇਨਾਤ ਸਟਾਫ ਨੇ ਬੈੱਡ ਨਾ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਦੂਸਰੀ ਮੰਜ਼ਿਲ ਦੇ ਆਰਥੋ ਵਾਰਡ ਵਿਚ ਭੇਜ ਦਿੱਤਾ ਪਰ ਉੱਥੇ ਵੀ ਉਨ੍ਹਾਂ ਦੇ ਮਰੀਜ਼ ਲਈ ਬੈੱਡ ਨਾ ਹੋਣ ਦੀ ਗੱਲ ਕਹੀ ਗਈ ਅਤੇ ਦੁਬਾਰਾ ਐਮਰਜੈਂਸੀ ਵਾਰਡ 'ਚ ਭੇਜ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਦਾ ਪਤਾ ਲੈਣ ਆਏ ਕੁਝ ਨੌਜਵਾਨਾਂ ਨੇ ਗੁੱਸੇ ਵਿਚ ਆ ਕੇ ਹੰਗਾਮਾ ਕੀਤਾ। ਉਸ ਨੇ ਵੀ ਉਕਤ ਲੜਕਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ।
ਸਰਕਾਰੀ ਰਿਕਾਰਡ ਦੀ ਫਾਈਲ ਬਰਾਮਦ ਕਰ ਕੇ ਹਸਪਤਾਲ ਪ੍ਰਬੰਧਕਾਂ ਨੂੰ ਸੌਂਪੀ : ਥਾਣਾ ਮੁਖੀ
ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ-2 ਦੇ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਉਕਤ ਮਰੀਜ਼ ਦੇ ਮੋਗਾ ਦੇ ਹੀ ਇਕ ਹਸਪਤਾਲ ਵਿਚ ਦਾਖਲ ਹੋਣ ਦਾ ਪਤਾ ਲੱਗਾ ਹੈ ਅਤੇ ਸਰਕਾਰੀ ਰਿਕਾਰਡ ਦੀ ਫਾਈਲ ਵੀ ਉਸ ਕੋਲੋਂ ਬਰਾਮਦ ਕਰ ਲਈ ਗਈ ਹੈ, ਜਿਸ ਨੂੰ ਪੁਲਸ ਵੱਲੋਂ ਹਸਪਤਾਲ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨ ਲਈ ਹੌਲਦਾਰ ਗੁਰਦੇਵ ਸਿੰਘ ਨੂੰ ਕਿਹਾ ਗਿਆ ਹੈ।
ਪਿੰਡ ਵਾਸੀਆਂ ਨੇ ਨਵਾਂ ਬੱਸ ਸਟੈਂਡ ਬਣਾਇਆ
NEXT STORY