ਪਿੰਡ 'ਚ ਜਾਂਚ ਕੈਂਪ ਲਾਏ ਜਾਣਗੇ : ਸਿਵਲ ਸਰਜਨ
ਬਠਿੰਡਾ(ਬਲਵਿੰਦਰ)- ਇਲਾਕੇ ਦੇ ਵੱਡੇ ਪਿੰਡ ਚੁੱਘੇ ਕਲਾਂ 'ਚ ਅੱਜ-ਕੱਲ ਖਾਰਿਸ਼ ਦੀ ਬੀਮਾਰੀ ਫੈਲੀ ਹੋਈ ਹੈ ਪਰ ਇਲਾਜ ਸਹੂਲਤਾਂ ਇਥੇ ਨਾਮਾਤਰ ਹੀ ਹਨ। ਆਮ ਚਰਚਾ ਹੈ ਕਿ ਕੁਝ ਸਮਾਂ ਪਹਿਲਾਂ ਜਲ ਘਰ ਦੀਆਂ ਡਿੱਗੀਆਂ 'ਚੋਂ ਮਰੀਆਂ ਮੱਛੀਆਂ ਤੇ ਸੱਪ ਮਿਲੇ ਸਨ, ਇਹ ਸ਼ਾਇਦ ਉਸੇ ਪਾਣੀ ਦਾ ਅਸਰ ਹੈ। ਸਿਵਲ ਸਰਜਨ ਤੇ ਵਿਧਾਇਕ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਜਾਂਚ ਕੈਂਪ ਲਾਉਣ ਦਾ ਭਰੋਸਾ ਦਿੱਤਾ ਹੈ।
ਕੀ ਹੈ ਮਾਮਲਾ: ਪਿੰਡ ਦੇ ਕਰੀਬ 75 ਫੀਸਦੀ ਲੋਕਾਂ ਦੇ ਸਰੀਰ 'ਤੇ ਫਿਨਸੀਆਂ ਦਾ ਚੱਕਰ ਜਿਹਾ ਬਣ ਜਾਂਦਾ ਹੈ, ਜਿਥੇ ਤੇਜ਼ ਖਾਰਿਸ਼ ਹੁੰਦੀ ਹੈ। ਫਿਰ ਇਹ ਚੱਕਰ ਪੱਕਣ ਲੱਗਦਾ ਹੈ। ਫਿਨਸੀਆਂ 'ਚੋਂ ਨਿਕਲੇ ਪਾਣੀ ਨਾਲ ਖਾਰਿਸ਼ ਅੱਗੇ ਵੀ ਫੈਲਦੀ ਰਹਿੰਦੀ ਹੈ। ਇਸ ਨੂੰ ਛੂਤ ਦੀ ਬੀਮਾਰੀ ਵੀ ਕਿਹਾ ਜਾ ਰਿਹਾ ਹੈ, ਜੋ ਅੱਗੇ ਦੀ ਅੱਗੇ ਹੋਰ ਲੋਕਾਂ ਨੂੰ ਹੁੰਦੀ ਰਹਿੰਦੀ ਹੈ। ਹੌਲੀ-ਹੌਲੀ ਖਾਰਿਸ਼ ਦੀ ਇਹ ਬੀਮਾਰੀ ਲੋਕਾਂ 'ਚ ਡਰ ਬਣਦੀ ਜਾ ਰਹੀ ਹੈ ਪਰ ਜ਼ਿਲਾ ਪ੍ਰਸ਼ਾਸਨ ਇਸ ਤੋਂ ਬੇਖ਼ਬਰ ਬੈਠਾ ਹੈ।
ਆਮ ਲੋਕਾਂ 'ਚ ਚਰਚਾ ਹੈ ਕਿ ਕੁਝ ਸਮਾਂ ਪਹਿਲਾਂ ਜਲ ਘਰ ਦੀਆਂ ਡਿੱਗੀਆਂ ਦੀ ਲੰਬਾ ਸਮਾਂ ਸਫਾਈ ਨਾ ਹੋਣ ਕਾਰਨ ਪੀਣ ਵਾਲੇ ਪਾਣੀ 'ਚੋਂ ਬਦਬੂ ਆਉਣ ਲੱਗੀ ਸੀ, ਜਿਸ ਕਾਰਨ ਪਿੰਡ ਵਾਸੀਆਂ ਨੇ ਜਲ ਘਰ 'ਚ ਇਕੱਠ ਕਰ ਲਿਆ ਸੀ। ਪੜਤਾਲ ਕਰਨ 'ਤੇ ਦੇਖਿਆ ਕਿ ਜਲ ਡਿੱਗੀਆਂ 'ਚ ਮੱਛੀਆਂ ਤੇ ਸੱਪ ਮਰੇ ਪਏ ਸਨ। ਰੌਲਾ ਪੈਣ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਘੁਰਕੀ ਤੋਂ ਬਾਅਦ ਹੀ ਡਿੱਗੀਆਂ ਦੀ ਸਫਾਈ ਹੋ ਸਕੀ। ਉਸ ਤੋਂ ਬਾਅਦ ਹੀ ਲੋਕਾਂ 'ਚ ਇਹ ਖਾਰਿਸ਼ ਦੀ ਬੀਮਾਰੀ ਫੈਲੀ ਹੈ।
ਕੀ ਕਹਿੰਦੇ ਹਨ ਲੋਕ
ਗੁਰਮੇਲ ਸਿੰਘ, ਰਛਪਾਲ ਸਿੰਘ, ਜਸਪਾਲ ਸ਼ਰਮਾ, ਵਿਜੇ ਸਿੰਘ, ਨਵਦੀਪ ਸਿੰਘ ਆਦਿ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਖਾਰਿਸ਼ ਦੀ ਬੀਮਾਰੀ ਹੋ ਚੁੱਕੀ ਹੈ। ਉਹ ਖੁਦ ਵੀ ਖਾਰਿਸ਼ ਤੋਂ ਪੀੜਤ ਹਨ, ਜਿਸ ਦਾ ਇਲਾਜ ਵੀ ਕਰਵਾ ਰਹੇ ਹਨ ਪਰ ਪਿੰਡ 'ਚ ਇਲਾਜ ਨਾਮਾਤਰ ਹੀ ਹੈ। ਜੇਕਰ ਉਹ ਇਲਾਜ ਖਾਤਰ ਬਠਿੰਡਾ ਜਾਂ ਗਿਦੜਬਾਹਾ ਜਾਂਦੇ ਹਨ ਤਾਂ ਡਾਕਟਰੀ ਫੀਸਾਂ ਤੇ ਦਵਾਈਆਂ ਬਹੁਤ ਮਹਿੰਗੀਆਂ ਪੈਂਦੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ 'ਚ ਕੈਂਪ ਲਾ ਕੇ ਲੋਕਾਂ ਦਾ ਇਲਾਜ ਕਰਵਾਇਆ ਜਾਵੇ।
ਮਨਦੀਪ ਕੌਰ ਨੇ ਆਪਣੇ ਹੱਥ 'ਤੇ ਹੋਈ ਖਾਰਸ਼ ਦਿਖਾਉਂਦਿਆਂ ਕਿਹਾ ਕਿ ਉਹ ਇਸ ਬੀਮਾਰੀ ਨਾਲ ਕਈ ਮਹੀਨਿਆਂ ਤੋਂ ਪੀੜਤ ਹੈ। ਕਈ ਤਰ੍ਹਾਂ ਦੀਆਂ ਦਵਾਈਆਂ ਵੀ ਲਈਆਂ ਪਰ ਇਸ ਦਾ ਇਲਾਜ ਨਹੀਂ ਹੋ ਰਿਹਾ। ਜਗਦੀਸ਼ ਰਾਮ ਨੇ ਦੱਸਿਆ ਕਿ ਉਸ ਦੇ ਆਪਣੇ ਸਰੀਰ 'ਤੇ ਵੀ ਖਾਰਿਸ਼ ਹੈ, ਜਦਕਿ ਉਸ ਦੇ ਪੋਤੇ ਦੀ ਪਿੱਠ 'ਤੇ ਵੀ ਫਿਨਸੀਆਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਵਿਅਕਤੀਆਂ ਨੇ ਆਪਣੇ ਪਰਿਵਾਰ 'ਚ 4 ਤੋਂ 5 ਮੈਂਬਰਾਂ ਦੇ ਖਾਰਿਸ਼ ਹੋਣ ਦੀ ਗੱਲ ਕਬੂਲੀ।
ਪਿੰਡ 'ਚ ਕੈਂਪ ਲਵਾਇਆ ਜਾਵੇਗਾ : ਵਿਧਾਇਕਾ
ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇਸ ਸਬੰਧ 'ਚ ਸਿਵਲ ਸਰਜਨ ਨੂੰ ਸਿਫਾਰਿਸ਼ ਕਰ ਕੇ ਪਿੰਡ 'ਚ ਜਾਂਚ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਹ ਖੁਦ ਵੀ ਪਿੰਡ ਦਾ ਦੌਰਾ ਕਰਨਗੇ ਤਾਂ ਕਿ ਲੋਕਾਂ ਦੀ ਸਮੱਸਿਆ ਤੋਂ ਜਾਣੂ ਹੋਇਆ ਜਾ ਸਕੇ। ਦੂਜੇ ਪਾਸੇ ਸਰਪੰਚ ਸੁਖਜਿੰਦਰ ਸਿੰਘ ਨੀਟੂ ਦਾ ਕਹਿਣਾ ਹੈ ਕਿ ਅਜਿਹੇ ਕੁਝ ਕੇਸ ਸਾਹਮਣੇ ਜ਼ਰੂਰ ਆਏ ਹਨ ਪਰ ਅਜਿਹੀ ਕੋਈ ਖਾਸ ਗੱਲ ਨਹੀਂ ਲੱਗੀ। ਫਿਰ ਵੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਪਿੰਡ 'ਚ ਕੈਂਪ ਲਾਉਣਗੇ ਤਾਂ ਕਿ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਪਸ਼ੂ ਹਸਪਤਾਲ ਸ੍ਰੀ ਕੀਰਤਪੁਰ ਸਾਹਿਬ 'ਚ ਨਹੀਂ ਹੈ ਡਾਕਟਰ
NEXT STORY