ਪਟਿਆਲਾ/ਰੱਖੜਾ (ਰਾਣਾ) - 1955 ਵਿਚ ਪੈਪਸੂ ਰਾਜ ਵਿਚ ਸੈਂਕੜੇ ਪਿੰਡ ਉਜਾੜ ਕੇ ਚਾਲੂ ਕੀਤੀ ਭਾਖੜਾ ਮੇਨ ਲਾਈਨ ਪਟਿਆਲਾ ਸਫਾਈ ਅਤੇ ਮੁਰੰਮਤ ਪੱਖੋਂ ਹਾਲੋਂ-ਬੇਹਾਲ ਸੀ। ਇਸ ਨੂੰ ਲੈ ਕੇ 'ਜਗ ਬਾਣੀ' ਵੱਲੋਂ ਖੁਲਾਸਾ ਕੀਤਾ ਗਿਆ ਸੀ। ਪਿਛਲੇ 25 ਸਾਲਾਂ ਤੋਂ ਭਾਖੜਾ ਮੇਨ ਲਾਈਨ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਰੁਕਿਆ ਹੋਇਆ ਸੀ। ਭਾਵੇਂ ਸਮੇਂ ਦੀਆਂ ਸਰਕਾਰਾਂ ਨੂੰ ਇਸ ਬਾਰੇ ਪਤਾ ਤਾਂ ਸੀ ਪਰ ਜਾਣ-ਬੁੱਝ ਕੇ ਸਫਾਈ ਅਤੇ ਮੁਰੰਮਤ ਨੂੰ ਲੈ ਕੇ ਅਣਗਹਿਲੀ ਵਰਤੀ ਜਾ ਰਹੀ ਸੀ। ਭਾਖੜਾ ਮੇਨ ਲਾਈਨ ਵਿਚ ਵੱਖ-ਵੱਖ ਥਾਵਾਂ 'ਤੇ ਖੱਡੇ ਪਏ ਹੋਏ ਸਨ। ਅੰਦਰਲੀਆਂ ਸਾਈਡਾਂ 'ਤੇ ਵੱਡੇ-ਵੱਡੇ ਦਰੱਖਤ ਉੱਗ ਚੁੱਕੇ ਸਨ। ਇਨ੍ਹਾਂ ਕਾਰਨ ਕਦੇ ਵੀ ਘਾਰਾਂ ਪੈ ਸਕਦੀਆਂ ਸਨ।
'ਜਗ ਬਾਣੀ' ਵੱਲੋਂ ਦਿੱਤੇ ਗਏ ਹਲੂਣੇ ਦੇ ਲੰਬੇ ਸਮੇਂ ਬਾਅਦ ਹੁਣ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਚੁੱਕੀ ਹੈ। ਇਸ ਨੂੰ ਠੀਕ ਕਰਨ ਲਈ ਬੀਤੀ ਰਾਤ ਪਾਣੀ ਦਾ ਪੱਧਰ ਨੰਗਲ ਡੈਮ ਤੋਂ ਬੰਦ ਕਰ ਦਿੱਤਾ ਗਿਆ ਤਾਂ ਜੋ ਇਸ ਅੰਦਰਲੀ ਸਫਾਈ ਅਤੇ ਮੁਰੰਮਤ ਦਾ ਕੰਮ ਪੂਰਾ ਕੀਤਾ ਜਾ ਸਕੇ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਲਈ ਇਹ ਨਹਿਰ ਵਰਦਾਨ ਸਾਬਤ ਹੋਈ ਹੈ। ਇਸ ਨੂੰ ਸੰਵਾਰਨ ਲਈ ਨਹਿਰੀ ਵਿਭਾਗ ਸਰਕਾਰ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ, ਜੋ ਹੁਣ ਖਤਮ ਹੋ ਚੁੱਕੀ ਹੈ ਅਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਹਿਰ ਦੀ ਕੁੱਲ ਲੰਬਾਈ 361 ਕਿਲੋਮੀਟਰ ਹੈ। ਇਸ ਵਿਚ ਪਾਣੀ ਛੱਡਣ ਦੀ ਸਮਰੱਥਾ ਹਰ ਰੋਜ਼ 12500 ਕਿਊਸਿਕ ਹੈ। ਮਲਬਾ ਭਰ ਜਾਣ ਕਾਰਨ ਇਹ 11250 ਕਿਊਸਿਕ ਰਹਿ ਗਈ ਸੀ, ਜਿਸ ਨਾਲ ਟੇਲਾਂ 'ਤੇ ਪਾਣੀ ਦੀ ਪਹੁੰਚ ਘੱਟ ਹੋ ਰਹੀ ਸੀ।
ਗੋਤਾਖੋਰਾਂ ਨੂੰ ਲੱਗੀਆਂ ਮੌਜਾਂ
ਬੀਤੀ ਰਾਤ ਤੋਂ ਭਾਖੜਾ ਨਹਿਰ ਦਾ ਪਾਣੀ ਬੰਦ ਹੋ ਜਾਣ ਕਰ ਕੇ ਗੋਤਾਖੋਰਾਂ ਨੂੰ ਮੌਜਾਂ ਲੱਗ ਗਈਆਂ ਹਨ। ਜਿਹੜੇ ਲੋਕ ਪੰਡਿਤਾਂ ਰਾਹੀਂ ਆਪਣੇ ਕਸ਼ਟ ਦੂਰ ਕਰਨ ਲਈ ਸੋਨਾ, ਚਾਂਦੀ ਅਤੇ ਕਰੰਸੀ ਸਿੱਕਿਆਂ ਦਾ ਦਾਨ ਕਰਦੇ ਹਨ, ਉਹ ਸਭ ਭਾਵੇਂ ਕਿ ਸਰਕਾਰ ਦੀ ਜਾਇਦਾਦ ਹੈ ਪਰ ਹੁਣ ਗੋਤਾਖੋਰ ਉਸ ਨੂੰ ਇਕੱਠੇ ਕਰ ਰਹੇ ਹਨ। ਜਦੋਂ 'ਜਗ ਬਾਣੀ' ਵੱਲੋਂ ਬੰਦ ਕੀਤੀ ਨਹਿਰ ਦਾ ਦੌਰਾ ਕੀਤਾ ਗਿਆ ਤਾਂ ਵੱਖ-ਵੱਖ ਥਾਵਾਂ 'ਤੇ ਗੋਤਾਖੋਰ ਤੇ ਹੋਰ ਸਹਿਯੋਗੀ ਭਾਖੜਾ ਵਿਚਲਾ ਸਾਮਾਨ ਕਢਦੇ ਦੇਖੇ ਗਏ।
ਵਿਭਾਗ ਨੂੰ ਨਹੀਂ ਕੋਈ ਪ੍ਰਵਾਹ
ਭਾਖੜਾ ਨਹਿਰ ਅੰਦਰਲਾ ਪਾਣੀ ਬੰਦ ਹੋਏ ਨੂੰ ਭਾਵੇਂ ਅੱਜ ਕਾਫੀ ਸਮਾਂ ਹੋ ਗਿਆ ਪਰ ਇਸ ਦਰਮਿਆਨ ਨਹਿਰੀ ਵਿਭਾਗ ਆਪਣੀ ਜਾਇਦਾਦ ਨੂੰ ਸੰਭਾਲਣ ਵਿਚ ਅਸਮਰੱਥ ਦਿਖਾਈ ਦਿੱਤਾ। ਵਿਭਾਗ ਨੂੰ ਲੱਖਾਂ-ਕਰੋੜਾਂ ਰੁਪਏ ਦੀ ਜਾਇਦਾਦ ਬਾਰੇ ਕੋਈ ਪ੍ਰਵਾਹ ਹੀ ਨਹੀਂ ਹੈ।
ਬੱਸ ਅਤੇ ਮੋਟਰਸਾਈਕਲ ਦੀ ਟੱਕਰ 'ਚ 1 ਦੀ ਮੌਤ
NEXT STORY