ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕ੍ਰਿਕਟਰ ਜਸਇੰਦਰ ਅਤੇ ਉਸਦੇ ਪਿਤਾ ਨੂੰ ਜਨਤਾ ਦੇ ਸਾਹਮਣੇ ਲਿਆ ਕੇ ਵੱਡੇ ਰਾਜ਼ ਦਾ ਪਰਦਾਫ਼ਾਸ਼ ਕਰਨ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰੈੱਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਖੇਡ ਮੰਤਰੀ ਪਰਗਟ ਸਿੰਘ ਤੇ ਚੰਨੀ ਦੇ ਭਤੀਜੇ ਹਾਜ਼ਰ ਸਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਖਿਆ ਕਿ ਮੈਨੂੰ ਬਦਨਾਮ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਹੁਣ ਮੇਰੇ ਪਰਿਵਾਰ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਹੈ। ਚੰਨੀ ਨੇ ਆਖਿਆ ਕਿ ਮੈਂ ਗੁਰੂ ਤੇ ਲੋਕਾਂ 'ਤੇ ਓਟ ਰੱਖਦਾ ਹਾਂ ਤੇ ਮੈਂ ਪਰਮਾਤਮਾ ਦੇ ਭਰੋਸੇ 'ਤੇ ਚੱਲਦਾ ਹਾਂ। ਮੇਰੇ 'ਤੇ ਇਲਜ਼ਾਮ ਪਹਿਲਾਂ ਤੋਂ ਲੱਗਦੇ ਆਏ ਹਨ, ਲੱਗ ਰਹੇ ਹਨ ਤੇ ਲੱਗਦੇ ਰਹਿਣਗੇ ਪਰ ਆਖ਼ਰ ਉਹੀ ਹੁੰਦਾ ਹੈ, ਜੋ ਸਹੀ ਹੁੰਦਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੀ ਮਨਸ਼ਾ ਮੈਨੂੰ ਬਦਨਾਮ ਕਰਨ ਦੀ ਹੈ ਤੇ ਮੇਰੇ ਤੋਂ ਇਲਾਵਾ ਸਾਰੇ ਕਾਂਗਰਸੀਆਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- CM ਮਾਨ ਨੇ ਖੋਲ੍ਹ ਦਿੱਤੇ ਚਰਨਜੀਤ ਚੰਨੀ ਦੇ ਰਾਜ਼, ਕ੍ਰਿਕਟਰ ਬਾਰੇ ਮੀਡੀਆ ਅੱਗੇ ਕਰ ਦਿੱਤੇ ਵੱਡੇ ਖ਼ੁਲਾਸੇ (ਵੀਡੀਓ)
ਚੰਨੀ ਨੇ ਆਖਿਆ ਕਿ ਪਹਿਲਾਂ ਮੁੱਖ ਮੰਤਰੀ ਇਲਜ਼ਾਮ ਲਗਾ ਰਹੇ ਸਨ ਕਿ ਰਿਸ਼ਵਤ ਦੇ ਮਾਮਲੇ 'ਚ ਮੇਰਾ ਭਤੀਜਾ-ਭਾਣਜਾ ਸ਼ਾਮਲ ਹੈ ਪਰ ਹੁਣ ਉਹ ਇਕੱਲੇ ਭਤੀਜੇ 'ਤੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਆਖਿਆ ਕਿ ਮੇਰਾ ਭਤੀਜੇ ਮੇਰਾ ਨਾਲ ਆਇਆ ਹੈ, ਇਸ ਦਾ ਸਾਰਾ ਪਰਿਵਾਰ ਡਾਕਟਰੀ ਕਿਤੇ ਨਾਲ ਸਬੰਧ ਰੱਖਦਾ ਹੈ ਤੇ ਮੇਰਾ ਭਤੀਜੇ ਖ਼ੁਦ ਵੀ ਡਾਕਟਰੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਕਦੇ ਰਾਜਨੀਤੀ 'ਚ ਇੰਨੀ ਦਿਲਚਸਪੀ ਨਹੀਂ ਦਿਖਾਈ ਤੇ ਪੜ੍ਹਣ-ਲਿਖਣ ਵਾਲੇ ਮੁੰਡੇ ਨੂੰ ਸਿਆਸਤ ਬਾਰੇ ਕੀ ਹੀ ਪਤਾ ਹੋਵੇਗਾ। ਚੰਨੀ ਨੇ ਆਖਿਆ ਕਿ ਜੋ ਮੁੰਡਾ ਸਾਡੇ 'ਤੇ ਇਲਜ਼ਾਮ ਲਗਾ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਉਹ ਨੌਕਰੀ ਲਈ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗਿਆ ਪਰ ਉਸ ਵੇਲੇ ਕੈਪਟਨ ਦੀ ਸਰਕਾਰ ਟੁੱਟ ਗਈ। ਫਿਰ ਉਹ ਮੇਰੇ ਕੋਲ ਆਇਆ ਤੇ ਮੈਂ ਉਸਨੂੰ ਕਿਹਾ ਕਿ ਉਸ ਦਾ ਕੇਸ ਬਣਦਾ ਹੈ, ਉਹ ਮੇਰੇ ਭਤੀਜੇ ਕੋਲ ਚਲਾ ਜਾਵੇ। ਚੰਨੀ ਨੇ ਸਵਾਲ ਕਰਦਿਆਂ ਪੁੱਛਿਆ ਕਿ ਜੇਕਰ ਉਹ ਕੈਪਟਨ ਤੇ ਮੇਰੇ ਕੋਲ ਆ ਸਕਦਾ ਹੈ ਤਾਂ ਫਿਰ ਸਵਾ ਸਾਲ ਤੋਂ ਕੀ ਉਹ ਮੁੱਖ ਮੰਤਰੀ ਮਾਨ ਕੋਲ ਨਹੀਂ ਗਿਆ ਹੋਵੇਗਾ? ਉਹ ਮੁੱਖ ਮੰਤਰੀ ਮਾਨ ਕੋਲ ਆਇਆ ਹੋਵੇਗਾ ਤੇ ਉਨ੍ਹਾਂ ਉਸ ਨੂੰ ਕਿਹਾ ਹੋਵੇਗਾ ਕਿ ਤੈਨੂੰ ਨੌਕਰੀ ਦੇ ਦੇਵਾਂਗੇ ਪਰ ਤੈਨੂੰ ਚੰਨੀ ਦੇ ਖ਼ਿਲਾਫ਼ ਬੋਲਣਾ ਪਵੇਗਾ। ਉਸ ਨੂੰ ਨੌਕਰੀ ਦਾ ਲਾਲਚ ਦੇ ਕਿ ਮੇਰੇ ਖ਼ਿਲਾਫ਼ ਬੋਲਣ ਲਈ ਆਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰੀ ਰੂਹ ਕੰਬਾਊ ਘਟਨਾ, ਸਹੁਰਿਆਂ ਨੇ ਜ਼ਿੰਦਾ ਸਾੜੀ ਨੂੰਹ ਤੇ 10 ਮਹੀਨਿਆਂ ਦਾ ਮਾਸੂਮ ਪੁੱਤ
ਚੰਨੀ ਨੇ ਦੱਸਿਆ ਕਿ ਉਕਤ ਖਿਡਾਰੀ ਪਹਿਲਾਂ ਪਬਲੀਕ ਸਰਵਿਸ ਕਮਿਸ਼ਨ ਕੋਲ ਵੀ ਪਹੁੰਚ ਕਰ ਚੁੱਕਿਆ ਹੈ ਪਰ ਕਮਿਸ਼ਨ ਨੇ ਉਸ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ ਤੇ ਫਿਰ ਉਹ ਹਾਈ ਕੋਰਟ ਵੀ ਜਾ ਚੁੱਕਿਆ ਹੈ ਪਰ ਉਨ੍ਹਾਂ ਨੇ ਵੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਜੇਕਰ ਸਭ ਉਸ ਨੂੰ ਖ਼ਾਰਜ ਕਰ ਰਹੇ ਹਨ ਤਾਂ ਉਕਤ ਖਿਡਾਰੀ 'ਚ ਜ਼ਰੂਰ ਕੋਈ ਕਮੀ ਹੋਵੇਗੀ। ਹੁਣ ਪਤਾ ਲੱਗਿਆ ਹੈ ਕਿ ਉਸ ਨੇ ਅਰਜ਼ੀ ਵਾਪਸ ਲੈ ਲਈ ਹੈ ਕਿਉਂਕਿ ਹੁਣ ਉਸਦਾ ਭਗਵੰਤ ਮਾਨ ਨਾਲ ਸੌਦਾ ਹੋ ਗਿਆ। ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਜੇਕਰ ਸਾਨੂੰ ਮਾਰਨਾ ਜਾਂ ਬਦਨਾਮ ਕਰਨਾ ਹੈ ਤਾਂ ਇੰਨੇ ਵੱਡੇ ਇਲਜ਼ਾਮ ਲਗਾਉਣ ਦੀ ਲੋੜ ਨਹੀਂ, ਵੈਸੇ ਹੀ ਸਾਡਾ ਇਨਕਾਊਂਟਰ ਕਰਦੋ। ਸਵਾ ਸਾਲ ਤੋਂ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਵਾ ਸਾਲ ਤੋਂ ਸਾਰੇ ਕਾਂਗਰਸੀਆਂ ਨਾਲ ਇਹੀ ਹੋ ਰਿਹਾ ਹੈ। ਇਸ ਮੌਕੇ ਚੰਨੀ ਦੇ ਭਤੀਜੇ ਨੇ ਵੀ ਮੀਡੀਆ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੇਰੇ ਉਕਤ ਖਿਡਾਰੀ ਨਾਲ ਕੋਈ ਸਬੰਧ ਨਹੀਂ ਤੇ ਨਾਂ ਹੀ ਮੈਂ ਉਸ ਨੂੰ ਪਛਾਣਦਾ ਹਾਂ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਯੋਗ ਕੈਂਪ ਸ਼ੁਰੂ
NEXT STORY