ਜਲੰਧਰ(ਬੁਲੰਦ) - ਆਰਮ ਰੂਲਜ਼ 2016 ਦੇ ਤਹਿਤ ਸਾਰੀਆਂ ਕਮਰਸ਼ੀਅਲ ਇਮਾਰਤਾਂ ਜਿਵੇਂ ਹੋਟਲ, ਰੈਸਟੋਰੈਂਟ, ਸਕੂਲ, ਕਾਲਜ, ਹਸਪਤਾਲ, ਮਲਟੀਪਲੈਕਸ ਆਦਿ ਲਈ ਫਾਇਰ ਆਰਮ ਫ੍ਰੀ ਜ਼ੋਨ ਦਾ ਸਰਟੀਫਿਕੇਟ ਲੈਣਾ ਜ਼ਰੂਰੀ ਹੈ, ਤਾਂ ਜੋ ਜੇਕਰ ਕਿਸੇ ਕੋਲ ਅਸਲਾ ਹੋਵੇ ਤਾਂ ਉਸਨੂੰ ਪਤਾ ਹੋਵੇ ਕਿ ਇਸਨੂੰ ਉਕਤ ਇਮਾਰਤ ਵਿਚ ਨਹੀਂ ਲੈ ਕੇ ਜਾਣਾ। ਇਸ ਨਿਯਮ ਨੂੰ ਪੰਜਾਬ ਪੁਲਸ ਨੇ ਸਖ਼ਤੀ ਨਾਲ ਲਾਗੂ ਕਰਨ ਦੀ ਪਹਿਲ ਕੀਤੀ ਹੈ।
ਸਾਰੇ ਥਾਣਾ ਇੰਚਾਰਜਾਂ ਨੂੰ ਜਾਰੀ ਕੀਤੇ ਨਿਰਦੇਸ਼
ਮਾਮਲੇ ਬਾਰੇ ਪੁਲਸ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੇ ਆਪਣੇ ਅਧੀਨ ਆਉਂਦੇ ਸਾਰੇ ਪੁਲਸ ਥਾਣਾ ਇੰਚਾਰਜਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਇਲਾਕੇ ਦੀਆਂ ਸਾਰੀਆਂ ਮੁੱਖ ਕਮਰਸ਼ੀਅਲ ਇਮਾਰਤਾਂ ਦੇ ਮਾਲਕਾਂ ਨੂੰ ਕਹਿਣ ਕਿ ਉਹ ਆਪਣੀ ਇਮਾਰਤ ਲਈ ਪੁਲਸ ਵਿਭਾਗ ਕੋਲੋਂ ਫਾਇਰ ਆਰਮ ਫ੍ਰੀ ਜ਼ੋਨ ਦਾ ਸਰਟੀਫਿਕੇਟ ਜ਼ਰੂਰ ਲੈ ਲੈਣ।
ਮੁਸ਼ਕਲ ਬੇਨਤੀ ਪ੍ਰਕਿਰਿਆ ਬਣ ਰਹੀ ਹੈ ਅੜਿੱਕਾ
ਮਾਮਲੇ ਬਾਰੇ ਕਮਰਸ਼ੀਅਲ ਬਿਲਡਿੰਗਾਂ ਦੇ ਮਾਲਕਾਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਪੁਲਸ ਥਾਣਿਆਂ ਤੋਂ ਉਨ੍ਹਾਂ ਨੂੰ ਫਾਰਮ ਆਰਮ ਫ੍ਰੀ ਸਰਟੀਫਿਕੇਟ ਲੈਣ ਲਈ ਕਿਹਾ ਗਿਆ ਹੈ, ਕਿਉਂਕਿ ਸਰਟੀਫਿਕੇਟ ਲਈ ਬੇਨਤੀ ਪ੍ਰਕਿਰਿਆ ਔਖੀ ਹੈ , ਇਸ ਲਈ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਲਈ ਇਮਾਰਤ ਦਾ ਅਪਰੂਵਡ ਨਕਸ਼ਾ ਤੇ ਹੋਰ ਕਈ ਕਾਗਜ਼ ਫਾਈਲ ਦੇ ਨਾਲ ਲਾਉਣੇ ਪੈਂਦੇ ਹਨ।
ਜੇਕਰ ਲੋਕਾਂ ਨੇ ਸਹਿਯੋਗ ਨਾ ਦਿੱਤਾ ਤਾਂ ਕਰਨੀ ਪਵੇਗੀ ਸਖ਼ਤੀ : ਪ੍ਰਵੀਨ ਸਿਨ੍ਹਾ
ਮਾਮਲੇ ਬਾਰੇ ਜਲੰਧਰ ਦੇ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰੋਗਰਾਮਾਂ ਵਿਚ ਗੋਲੀ ਚੱਲਣ ਦੇ ਲਗਾਤਾਰ ਹੁੰਦੇ ਹਾਦਸਿਆਂ ਤੋਂ ਪੁਲਸ ਵਿਭਾਗ ਚਿੰਤਤ ਹੈ, ਇਸ ਲਈ ਕਮਰਸ਼ੀਅਲ ਇਮਾਰਤਾਂ ਨੂੰ ਫਾਇਰ ਆਰਮ ਫ੍ਰੀ ਜ਼ੋਨ ਸਰਟੀਫਿਕੇਟ ਲੈਣ ਲਈ ਕਿਹਾ ਗਿਆ ਹੈ। ਜੇਕਰ ਕੋਈ ਇਮਾਰਤ ਮਾਲਕ ਇਸ ਸਰਟੀਫਿਕੇਟ ਨੂੰ ਨਹੀਂ ਲੈਂਦਾ ਤਾਂ ਉਸਦੀ ਪ੍ਰਾਪਰਟੀ ਵਿਚ ਗੋਲੀ ਚੱਲਣ ਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਇਮਾਰਤ ਮਾਲਕ 'ਤੇ ਵੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਮਾਜ ਦੀ ਭਲਾਈ ਤੇ ਹਾਦਸਿਆਂ ਤੋਂ ਬਚਣ ਲਈ ਸਾਰਿਆਂ ਨੂੰ ਫਾਇਰ ਆਰਮ ਫ੍ਰੀ ਸਰਟੀਫਿਕੇਟ ਲੈਣ ਵਿਚ ਪੁਲਸ ਦਾ ਸਾਥ ਦੇਣਾ ਚਾਹੀਦਾ ਹੈ।
2 ਆਈ.ਪੀ.ਐੱਸ. ਤੇ 6 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ
NEXT STORY