4 ਜੂਨ, 1903 ਨੂੰ, ਮਹਾਤਮਾ ਗਾਂਧੀ ਨੇ ਨਸਲੀ ਭੇਦਭਾਵ ਦੇ ਵਿਰੁੱਧ ਖੜ੍ਹੇ ਹੋਣ ਅਤੇ ਭਾਰਤੀਆਂ ਲਈ ਨਾਗਰਿਕ ਅਧਿਕਾਰਾਂ ’ਤੇ ਜ਼ੋਰ ਦੇਣ ਲਈ ਅਫਰੀਕਾ ’ਚ ‘ਇੰਡੀਅਨ ਓਪੀਨੀਅਨ’ ਦੀ ਸ਼ੁਰੂਆਤ ਕੀਤੀ। ਤਬਦੀਲੀ ਲਿਆਉਣ ਲਈ ਅਖਬਾਰਾਂ ਦੀ ਤਾਕਤ ’ਚ ਗਾਂਧੀ ਦੇ ਵਿਸ਼ਵਾਸ ਨੇ ਉਨ੍ਹਾਂ ਨੂੰ ਪ੍ਰਕਾਸ਼ਨ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ।
‘ਦਿ ਸਟੋਰੀ ਆਫ ਮਾਈ ਐਕਸਪੈਰੀਮੈਂਟਸ ਵਿਦ ਟਰੁਥ’ ਦੀ ਕਹਾਣੀ ’ਚ ਗਾਂਧੀ ਕਹਿੰਦੇ ਹਨ : ‘‘ਇੰਡੀਅਨ ਓਪੀਨੀਅਨ ਦੇ ਪਹਿਲੇ ਮਹੀਨੇ ’ਚ ਹੀ ਮੈਨੂੰ ਅਹਿਸਾਸ ਹੋਇਆ ਕਿ ਪੱਤਰਕਾਰੀ ਦਾ ਇਕਲੌਤਾ ਮਕਸਦ ਸੇਵਾ ਹੋਣਾ ਚਾਹੀਦਾ ਹੈ। ਅਖਬਾਰ ਪ੍ਰੈੱਸ ਇਕ ਮਹਾਨ ਤਾਕਤ ਹੈ ਪਰ ਜਿਸ ਤਰ੍ਹਾਂ ਪਾਣੀ ਦੀ ਬੇਕਾਬੂ ਧਾਰਾ ਪੂਰੇ ਦਿਹਾਤੀ ਇਲਾਕਿਆਂ ਨੂੰ ਡੋਬ ਦਿੰਦੀ ਹੈ ਅਤੇ ਫਸਲਾਂ ਨੂੰ ਬਰਬਾਦ ਕਰ ਦਿੰਦੀ ਹੈ, ਉਸੇ ਤਰ੍ਹਾਂ ਬੇਕਾਬੂ ਕਲਮ ਬਰਬਾਦ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੀ। ਜੇ ਕੰਟਰੋਲ ਬਾਹਰੀ ਹੋਵੇ ਤਾਂ ਇਹ ਕੰਟਰੋਲ ਦੀ ਕਮੀ ਨਾਲੋਂ ਵੀ ਜ਼ਿਆਦਾ ਜ਼ਹਿਰੀਲਾ ਸਾਬਤ ਹੁੰਦਾ ਹੈ । ਇਹ ਉਦੋਂ ਫਾਇਦੇਮੰਦ ਹੋ ਸਕਦਾ ਹੈ ਜਦ ਇਸ ਦੀ ਵਰਤੋਂ ਅੰਦਰੋਂ ਕੀਤੀ ਜਾਵੇ। ਜੇ ਤਰਕ ਦੀ ਪਹਿਲੀ ਲਾਈਨ ਸਹੀ ਹੈ ਤਾਂ ਦੁਨੀਆ ਦੀਆਂ ਕਿੰਨੀਆਂ ਅਖਬਾਰਾਂ ਕਸੌਟੀ ’ਤੇ ਪੂਰੀਆਂ ਉਤਰਨਗੀਆਂ? ਪਰ ਜਿਹੜੀਆਂ ਬੇਕਾਰ ਹਨ ਉਨ੍ਹਾਂ ਨੂੰ ਕੋਣ ਰੋਕੇਗਾ? ਆਮ ਤੌਰ ’ਤੇ ਚੰਗੇ ਅਤੇ ਮਾੜੇ ਦੇ ਵਾਂਗ ਵਰਤੋਂ ਯੋਗ ਅਤੇ ਨਾ ਵਰਤੋਂ ਯੋਗ ਨੂੰ ਇਕੱਠਿਆਂ ਚੱਲਣਾ ਚਾਹੀਦਾ ਹੈ ਅਤੇ ਮਨੁੱਖ ਨੂੰ ਆਪਣੀ ਪਸੰਦ ਬਣਾਉਣੀ ਚਾਹੀਦੀ ਹੈ।
ਜਿਵੇਂ ਕਿ ਮੈਂ ਇਹ ਲਿਖ ਰਿਹਾ ਹਾਂ, ਦੁਨੀਆ 3 ਮਈ ਨੂੰ ਪ੍ਰੈੱਸ ਸੁਤੰਤਰਤਾ ਦਿਵਸ ਮਨਾਉਂਦੀ ਹੈ ਅਤੇ ਮਹਾਤਮਾ ਗਾਂਧੀ ਦੀ ਸਥਾਈ ਬੁੱਧੀਮਤਾ ਇਸ ਤੋਂ ਵੱਧ ਸੱਚੀ ਨਹੀਂ ਹੋ ਸਕਦੀ। ਉਨ੍ਹਾਂ ਦੇ ਸ਼ਬਦ ਪ੍ਰੈੱਸ ਦੀ ਆਜ਼ਾਦੀ ਦੇ ਸਾਰ ਨੂੰ ਦਰਸਾਉਂਦੇ ਹਨ ਕਿ ਸੱਚ ਦੀ ਸਨਮਾਨਜਨਕ ਖੋਜ ਅਤੇ ਸਟੀਕ ਜਾਣਕਾਰੀ ਫੈਲਾ ਕੇ ਜਨਤਾ ਦੀ ਸੇਵਾ ਕੀਤੀ ਜਾਵੇ।
ਮਹਾਤਮਾ ਗਾਂਧੀ ਨੇ ਪ੍ਰੈੱਸ ਦੀ ਤੁਲਨਾ ਇਕ ਜੰਗਲੀ ਨਦੀ ਨਾਲ ਕੀਤੀ ਜੋ ਹਾਂਪੱਖੀ ਤਬਦੀਲੀ ਲਿਆ ਸਕਦੀ ਹੈ ਪਰ ਅਰਾਜਕਤਾ ਵੀ ਪੈਦਾ ਕਰ ਸਕਦੀ ਹੈ। ਉਨ੍ਹਾਂ ਦਾ ਸੰਦੇਸ਼ ਸਰਲ ਅਤੇ ਸਿੱਧਾ ਹੈ। ਪ੍ਰੈੱਸ ਦਾ ਕਾਫੀ ਵੱਡਾ ਪ੍ਰਭਾਵ ਹੈ। ਇਸ ਦਾ ਕੰਮ ਸਮਾਜ ਨੂੰ ਆਕਾਰ ਦੇਣਾ, ਨੀਤੀਆਂ ਦਾ ਮਾਰਗਦਰਸ਼ਨ ਕਰਨਾ ਅਤੇ ਸ਼ਕਤੀਸ਼ਾਲੀ ਲੋਕਾਂ ਨੂੰ ਜਵਾਬਦੇਹ ਬਣਾਏ ਰੱਖਣਾ ਹੈ। ਕਿਸੇ ਵੀ ਤਾਕਤ ਦੇ ਵਾਂਗ ਇਸ ਦੀ ਵਰਤੋਂ ਪੂਰੀ ਜ਼ਿੰਮੇਵਾਰੀ ਨਾਲ ਅਤੇ ਨੈਤਿਕ ਤੌਰ ’ਤੇ ਕੀਤੀ ਜਾਣੀ ਚਾਹੀਦੀ ।
ਹਾਲਾਂਕਿ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਪ੍ਰੈੱਸ ਬਿਨਾਂ ਕੰਟਰੋਲ ਦੇ ਝੂਠੀ ਸੂਚਨਾ ਫੈਲਾ ਸਕਦੀ ਹੈ। ਬਟਵਾਰਾ ਪੈਦਾ ਕਰ ਸਕਦੀ ਹੈ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨਾਲ ਹੀ, ਗਾਂਧੀ ਨੇ ਬਹੁਤ ਜ਼ਿਆਦਾ ਕੰਟਰੋਲ ਕਰਨ ਦੇ ਪ੍ਰਤੀ ਸਾਵਧਾਨ ਕੀਤਾ ਕਿਉਂਕਿ ਇਹ ਸੱਚਾਈ ਨੂੰ ਚੁੱਪ ਕਰਵਾ ਸਕਦੀ ਹੈ ਅਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਭਾਰਤ ’ਚ ਪ੍ਰੈੱਸ ਦੀ ਆਜ਼ਾਦੀ ਇਕ ਚਿੰਤਾ ਦਾ ਵਿਸ਼ਾ ਰਹੀ ਹੈ, ਖਾਸ ਤੌਰ ’ਤੇ ਪਿਛਲੇ ਇਕ ਦਹਾਕੇ ਤੋਂ । ਹਾਲਾਂਕਿ ਭਾਰਤ ’ਚ ਵੱਖ-ਵੱਖ ਆਊਟਲੈਟਸ ਵਾਲਾ ਇਕ ਜਿਊਂਦਾ ਮੀਡੀਆ ਹੈ ਪਰ ਪ੍ਰੈੱਸ ਦੀ ਆਜ਼ਾਦੀ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਇਕ ਪ੍ਰਮੁੱਖ ਮੁੱਦਾ ਰਵਾਇਤੀ ਅਤੇ ਡਿਜੀਟਲ ਮੀਡੀਆ ਆਊਟਲੈਟਸ ਦਾ ਸਿਆਸੀਕਰਨ ਅਤੇ ਸੈਂਸਰਸ਼ਿਪ ਹੈ, ਜੋ ਆਜ਼ਾਦਾਨਾ ਤੌਰ ’ਤੇ ਰਿਪੋਰਟ ਕਰਨ ਦੀ ਕਾਬਲੀਅਤ ’ਚ ਰੁਕਾਵਟ ਪਾ ਸਕਦਾ ਹੈ। ਪੱਤਰਕਾਰਾਂ ਨੂੰ ਆਪਣੀ ਰਿਪੋਰਟਿੰਗ ਲਈ ਸ਼ੋਸ਼ਣ, ਧਮਕੀ ਅਤੇ ਇੱਥੋਂ ਤੱਕ ਕਿ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਖਾਸ ਤੌਰ ’ਤੇ ਸੰਵੇਦਨਸ਼ੀਲ ਸਿਆਸੀ ਵਿਸ਼ਿਆਂ ਨੂੰ ਕਵਰ ਕਰਦੇ ਸਮੇਂ ਜਾਂ ਸਰਕਾਰ ਦੀ ਆਲੋਚਨਾ ਕਰਦੇ ਸਮੇਂ। ਪੱਤਰਕਾਰਾਂ ਅਤੇ ਮੀਡੀਆ ਸੰਗਠਨਾਂ ਨੂੰ ਨਿਸ਼ਾਨਾ ਬਣਾਉਣ ਲਈ ਦੇਸ਼ਧ੍ਰੋਹ, ਮਾਣਹਾਨੀ ਅਤੇ ਅਦਾਲਤ ਦੀ ਉਲੰਘਣਾ ਵਰਗੇ ਕਾਨੂੰਨਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਸਵੈ-ਸੈਂਸਰਸ਼ਿਪ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਭਿਆਨਕ ਅਸਰ ਪਿਆ ਹੈ।
ਆਨਲਾਈਨ ਗਲਤ ਸੂਚਨਾ ਅਤੇ ਮਾੜੇ ਪ੍ਰਚਾਰ ਦਾ ਵਧਣਾ ਅਖਬਾਰੀ ਮੀਡੀਆ ਦੀ ਭਰੋਸੇਯੋਗਤਾ ਨੂੰ ਘੱਟ ਕਰਦਾ ਹੈ ਜਦ ਕਿ ਭਾਰਤ ਨੂੰ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸੰਵਿਧਾਨਕ ਤੌਰ ’ਤੇ ਗਾਰੰਟੀਸ਼ੁਦਾ ਅਧਿਕਾਰ ਪ੍ਰਾਪਤ ਹੈ। ਪ੍ਰੈੱਸ ਨੂੰ ਅਕਸਰ ਅਸਲ ’ਚ ਚੁਣੌਤੀਆਂ ਅਤੇ ਜੋਖਿਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਿਊਜ਼ ਮਿਨਟ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਾਈਮਟਾਈਮ ਟੀ.ਵੀ. ਸਮਾਚਾਰ ਸ਼ੋਅ ਦੀ ਸਮੱਗਰੀ ਦੀ ਜਾਂਚ ਕੀਤੀ । ਇਸ ਨੇ ਮਹੱਤਵਪੂਰਨ ਮੁੱਦਿਆਂ ਬਨਾਮ ਵੱਖਵਾਦੀ ਏਜੰਡੇ ’ਤੇ ਫੋਕਸ ਦਾ ਜਾਇਜ਼ਾ ਲੈਣ ਲਈ 1 ਫਰਵਰੀ ਤੋਂ 12 ਅਪ੍ਰੈਲ ਦੇ ਵਿਚਾਲੇ 6 ਚੈਨਲਾਂ ਅਤੇ 6 ਐਂਕਰਾਂ ’ਚ 429 ਸੈਗਮੈਂਟ ਨੂੰ ਟ੍ਰੈਕ ਕੀਤਾ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ 52 ਫੀਸਦੀ ਕਵਰੇਜ ਵਿਰੋਧੀ ਧਿਰ ਦੇ ਵਿਰੁੱਧ ਸੀ। 27 ਫੀਸਦੀ ਨੇ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ, 5.6 ਫੀਸਦੀ ਨੇ ਸਰਕਾਰ ਤੋਂ ਘੱਟੋ-ਘੱਟ ਪੁੱਛ-ਗਿੱਛ ਦੇ ਨਾਲ ਫਿਰਕੂ ਵਿਸ਼ਿਆਂ ਨੂੰ ਕਵਰ ਕੀਤਾ ਅਤੇ ਸਿਰਫ 1.4 ਫੀਸਦੀ ਨੇ ਨੌਕਰੀਆਂ ਅਤੇ ਮੁਦਰਾਸਫੀਤੀ ਵਰਗੇ ਵਿਸ਼ਿਆਂ ’ਤੇ ਗੱਲ ਕੀਤੀ।
ਇਸ ’ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਭਾਰਤ ਦੀ ਪ੍ਰੈੱਸ ਆਜ਼ਾਦੀ ਸੂਚਕ ਅੰਕ ਰੈਕਿੰਗ ਡਿੱਗ ਗਈ ਹੈ। ਗਲੋਬਲ ਮੀਡੀਆ ਵਾਚਡੋਗ ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰ.ਐੱਸ.ਐੱਫ.) ਦੀ ਸਭ ਤੋਂ ਹਾਲੀਆ ਰਿਪੋਰਟ ਅਨੁਸਾਰ, ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕ ਅੰਕ ’ਚ ਭਾਰਤ ਦੀ ਸਥਿਤੀ 2022 ’ਚ 150 ਤੋਂ ਡਿੱਗ ਕੇ ਇਸ ਸਾਲ 180 ਦੇਸ਼ਾਂ ’ਚੋਂ 161 ’ਤੇ ਆ ਗਈ।
ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ’ਤੇ, ਆਓ ਅਸੀਂ ਭਾਰਤ ’ਚ ਪੱਤਰਕਾਰੀ ਬਾਰੇ ਗਾਂਧੀ ਦੇ ਬਿਆਨ ’ਤੇ ਵਿਚਾਰ ਕਰੀਏ।
ਭਾਰਤ ਦਾ ਲੋਕਤੰਤਰ ਯਕੀਨੀ ਤੌਰ ’ਤੇ ਜਿਊਂਦਾ ਹੈ। ਮੀਡੀਆ ਵੀ ਅਜਿਹਾ ਹੀ ਹੈ, ਜਿਸ ਨੂੰ ਲੋਕਤੰਤਰ ਦੇ ਪਹਿਰੇਦਾਰ ਦੇ ਰੂਪ ’ਚ ਵਿਰੋਧੀ ਧਿਰ ਦੀ ਭੂਮਿਕਾ ਦਾ ਪੂਰਕ ਹੋਣਾ ਚਾਹੀਦਾ। ਚੌਥੇ ਥੰਮ੍ਹ ਦੀ ਤਾਕਤ ਨੂੰ ਕਦੇ-ਕਦੇ ਹੈਰਾਨੀ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਰੁੜ੍ਹਨ ਦੀ ਹਾਲਤ ’ਚ ਡਰ ਦਾ ਇਕ ਤੱਤ ਹੋਣਾ ਚਾਹੀਦਾ। ਹਾਲਾਂਕਿ ਕਦੇ-ਕਦੇ ਪ੍ਰੈੱਸ ਵੀ ਡਰੀ ਹੋਈ ਲੱਗਦੀ ਹੈ। ਸਿਆਸੀ ਮਕਸਦਾਂ ਲਈ ਜ਼ਰੀਏ ਦੇ ਰੂਪ ’ਚ ਮੀਡੀਆ ਦੇ ਵਧਦੇ ਗਲਤ ਇਸਤੇਮਾਲ ਬਾਰੇ ਅਕਸਰ ਗੱਲਾਂ ਸੁਣਨ ਨੂੰ ਮਿਲਦੀਆਂ ਹਨ।
ਹਰੀ ਜੈ ਸਿੰਘ
ਚੋਣ ਮਾਹੌਲ ਵਿਗਾੜ ਰਹੀ ਨੇਤਾਵਾਂ ਦੀ ਘਟੀਆ ਬਿਆਨਬਾਜ਼ੀ
NEXT STORY