ਜਲੰਧਰ (ਸੁਧੀਰ)–ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਵ-ਨਿਯੁਕਤ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਮਰ ਕੱਸ ਲਈ ਹੈ। ਉਨ੍ਹਾਂ ਜਿੱਥੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਅਤੇ ਅਪਰਾਧੀਆਂ ਦੀ ਨਕੇਲ ਕੱਸਣ ਲਈ ਨਿਰਦੇਸ਼ ਜਾਰੀ ਕੀਤੇ ਹਨ, ਉਥੇ ਹੀ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਅਪਰਾਧ ਹੋਇਆ ਤਾਂ ਇਲਾਕੇ ਦਾ ਅਧਿਕਾਰੀ ਅਤੇ ਥਾਣਾ ਇੰਚਾਰਜ ਜਵਾਬਦੇਹ ਹੋਵੇਗਾ।
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅਪਰਾਧੀਆਂ ਅਤੇ ਨਸ਼ਾ ਸਮੱਗਲਰਾਂ ਦੀ ਨਕੇਲ ਕੱਸਣ ਦੇ ਨਾਲ-ਨਾਲ ਲੋਕਾਂ ਨੂੰ ਇਨਸਾਫ਼ ਦਿਵਾਉਣਾ ਅਤੇ ਸ਼ਿਕਾਇਤਾਂ ਦਾ ਜਲਦ ਨਿਬੇੜਾ ਕਰਵਾਉਣਾ ਉਨ੍ਹਾਂ ਦੀ ਪਹਿਲੀ ਪਹਿਲ ਹੋਵੇਗੀ। ਹੁਣ ਥੋੜ੍ਹੇ ਸਮੇਂ ਵਿਚ ਕਮਿਸ਼ਨਰੇਟ ਪੁਲਸ ਵਿਚ ਸੁਧਾਰ ਦਿਸੇਗਾ। ਦੂਜੇ ਪਾਸੇ ਉਨ੍ਹਾਂ ਬੁਲੇਟ ਮੋਟਰਸਾਈਕਲਾਂ ਨਾਲ ਪਟਾਕੇ ਵਜਾਉਣ ਵਾਲੇ ਸਾਈਲੈਂਸਰਾਂ ਨੂੰ ਵੇਚਣ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ 29 ਅਕਤੂਬਰ ਤੱਕ ਲਾਗੂ ਰਹੇਗਾ। ਹੁਣ ਵਧੇਰੇ ਲੋਕਾਂ ਦੇ ਕੰਮ ਥਾਣਿਆਂ ਵਿਚ ਹੀ ਹੋ ਜਾਣਗੇ। ਲੋਕਾਂ ਨੂੰ ਕਮਿਸ਼ਨਰ ਦਫ਼ਤਰ ਦੇ ਵਾਰ-ਵਾਰ ਚੱਕਰ ਨਹੀਂ ਕੱਟਣੇ ਪੈਣਗੇ। ਉਨ੍ਹਾਂ ਦੱਸਿਆ ਕਿ ਜਨਮ ਅਸ਼ਟਮੀ ’ਤੇ ਸ਼ਹਿਰ ਦੇ ਧਾਰਮਿਕ ਅਸਥਾਨਾਂ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਸੀ. ਪੀ. ਨੇ ਦੱਸਿਆ ਕਿ ਸਾਰੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਧਾਰਮਿਕ ਅਸਥਾਨਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੇ ਨਾਈਟ ਵਿਜ਼ਨ ਬਿਲਕੁਲ ਠੀਕ ਰੱਖਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਤਾਂ ਕਿ ਲੋੜ ਪੈਣ ’ਤੇ ਕਮਿਸ਼ਨਰੇਟ ਪੁਲਸ ਨੂੰ ਸ਼ੱਕੀ ਲੋਕਾਂ ਦੀ ਫੁਟੇਜ ਸਾਫ਼ ਮਿਲ ਸਕੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸੁਖਬੀਰ ਨੇ ਬਾਘਾਪੁਰਾਣਾ ਤੋਂ ਤੀਰਥ ਸਿੰਘ ਮਾਹਲਾ ਨੂੰ ਐਲਾਨਿਆ ਉਮੀਦਵਾਰ
ਉਨ੍ਹਾਂ ਦੱਸਿਆ ਕਿ ਧਾਰਮਿਕ ਅਸਥਾਨਾਂ ਦੇ ਆਲੇ-ਦੁਆਲੇ ਸਾਦੇ ਕੱਪੜਿਆਂ ਵਿਚ ਵੀ ਪੁਲਸ ਮੁਲਾਜ਼ਮ ਵਿਸ਼ੇਸ਼ ਰੂਪ ਵਿਚ ਤਾਇਨਾਤ ਕੀਤੇ ਜਾ ਰਹੇ ਹਨ। ਸ਼ਹਿਰ ਨੂੰ ਅਪਰਾਧ ਅਤੇ ਨਸ਼ਾ-ਮੁਕਤ ਬਣਾਉਣ ਦੇ ਪੂਰੇ ਯਤਨ ਕੀਤੇ ਜਾਣਗੇ। ਸ਼ਹਿਰ ਵਿਚ ਜਲਦ ਨਸ਼ਾ ਸਮੱਗਲਰਾਂ ਦੀ ਨਕੇਲ ਕੱਸਣ ਲਈ ਇਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪੁਲਸ ਮੁਲਾਜ਼ਮ ਦੀ ਕਿਸੇ ਨਸ਼ਾ ਸਮੱਗਲਰ ਨਾਲ ਮਿਲੀਭੁਗਤ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਨੂੰ ਵੀ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅਜੇ ਉਨ੍ਹਾਂ ਨੂੰ ਕਮਿਸ਼ਨਰੇਟ ਪੁਲਸ ਦਾ ਚਾਰਜ ਸੰਭਾਲਿਆਂ ਕੁਝ ਦਿਨ ਹੀ ਹੋਏ ਹਨ ਅਤੇ ਜਲਦ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਸਬੰਧੀ ਉਹ ਵਿਸ਼ੇਸ਼ ਮੀਟਿੰਗ ਕਰਨਗੇ।
ਫੈਸਟੀਵਲ ਸੀਜ਼ਨ ’ਚ 24 ਘੰਟੇ ਹੋਵੇਗੀ ਸਖ਼ਤ ਸੁਰੱਖਿਆ, ਅਧਿਕਾਰੀ ਨਾਕਿਆਂ ’ਤੇ ਹੋਣਗੇ ਤਾਇਨਾਤ
ਨਵ-ਨਿਯੁਕਤ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਫੈਸਟੀਵਲ ਸੀਜ਼ਨ ਨੇੜੇ ਆਉਂਦੇ ਹੀ ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਸੀ. ਪੀ. ਨੇ ਦੱਸਿਆ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਵਿਚ ਰੋਜ਼ਾਨਾ ਪ੍ਰਮੁੱਖ ਚੌਰਾਹਿਆਂ ਵਿਚ ਸਮਾਂ ਬਦਲ ਬਦਲ ਕੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ ਅਤੇ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਇਲਾਕੇ ਅਨੁਸਾਰ ਥਾਣਾ ਇੰਚਾਰਜ ਦੇ ਨਾਲ ਨਾਕਿਆਂ ’ਤੇ ਤਾਇਨਾਤ ਹੋਣਗੇ। ਉਨ੍ਹਾਂ ਅਧਿਕਾਰੀਆਂ ਨੂੰ ਸਾਫ਼ ਨਿਰਦੇਸ਼ ਦਿੱਤੇ ਕਿ ਦੋਪਹੀਆ ਵਾਹਨਾਂ ’ਤੇ ਟ੍ਰਿਪਲ ਰਾਈਡਿੰਗ ਕਰਨ, ਬਿਨਾਂ ਕਾਗਜ਼ਾਤ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ’ਤੇ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼ਹਿਰ ਵਿਚ ਐਂਟਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ।
ਇਹ ਵੀ ਪੜ੍ਹੋ: ਜਲੰਧਰ: ਰੱਖੜੀ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਕਮਿਸ਼ਨਰੇਟ ਦਫ਼ਤਰ ’ਚ ਵੀ ਕੰਮ ਕਰਨ ਦਾ ਤਰੀਕਾ ਬਦਲਿਆ, ਹਰ ਸ਼ਿਕਾਇਤ ਦਾ ਸੀ. ਪੀ. ਖ਼ੁਦ ਲੈਣਗੇ ਫ਼ੈਸਲਾ
ਨਵ-ਨਿਯੁਕਤ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਚਾਰਜ ਸੰਭਾਲਣ ਦੇ ਕੁਝ ਦਿਨਾਂ ਅੰਦਰ ਹੀ ਕਮਿਸ਼ਨਰੇਟ ਦਫਤਰ ਦੇ ਕੰਮ ਕਰਨ ਦਾ ਤਰੀਕਾ ਹੀ ਬਦਲ ਦਿੱਤਾ ਹੈ। ਹੁਣ ਕਮਿਸ਼ਨਰ ਦਫ਼ਤਰ ਵਿਚ ਆਉਣ ਵਾਲੀ ਹਰ ਸ਼ਿਕਾਇਤ ਦੀ ਉਹ ਖੁਦ ਜਾਂਚ ਕਰ ਕੇ ਲੋਕਾਂ ਨੂੰ ਇਨਸਾਫ ਦਿਵਾਉਣਗੇ। ਈਮਾਨਦਾਰ ਅਕਸ ਲਈ ਜਾਣੇ ਜਾਂਦੇ ਸੀ. ਪੀ. ਸੁਖਚੈਨ ਸਿੰਘ ਗਿੱਲ ਨੇ ਕਮਿਸ਼ਨਰ ਦਫ਼ਤਰ ਵਿਚ ਅਧਿਕਾਰੀਆਂ ਨੂੰ ਸਾਫ਼ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਹਰ ਕੇਸ ਦੀ ਉਨ੍ਹਾਂ ਨਾਲ ਡਿਸਕਸ ਕੀਤੀ ਜਾਵੇ। ਆਮ ਤੌਰ ’ਤੇ ਪਹਿਲਾਂ ਕਮਿਸ਼ਨਰ ਦਫ਼ਤਰ ਵਿਚ ਆਉਣ ਵਾਲੀ ਸ਼ਿਕਾਇਤ ਵਿਚ ਜੇਕਰ ਕੋਈ ਕਮੀ ਰਹਿੰਦੀ ਸੀ ਤਾਂ ਉਹ ਫਿਰ ਉਕਤ ਅਧਿਕਾਰੀ ਕੋਲ ਵਾਪਸ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਕਮਿਸ਼ਨਰ ਦਫਤਰ ਵਿਚ ਆਉਣ ਵਾਲੀ ਹਰ ਸ਼ਿਕਾਇਤ ਦੀ ਪਹਿਲਾਂ ਸੀ. ਪੀ. ਖੁਦ ਜਾਂਚ ਕਰਨਗੇ। ਜਾਂਚ ਵਿਚ ਜੇਕਰ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਖੁਦ ਸਬੰਧਤ ਅਧਿਕਾਰੀ ਨੂੰ ਸ਼ਿਕਾਇਤ ਸੌਂਪ ਕੇ ਮਾਮਲੇ ਦੀ ਜਾਂਚ ਕਰਵਾ ਕੇ ਲੋਕਾਂ ਨੂੰ ਇਨਸਾਫ ਦਿਵਾਉਣਗੇ।
ਨਾਕਿਆਂ ਦੀ ਖ਼ੁਦ ਕਰਾਂਗਾ ਸਰਪ੍ਰਾਈਜ਼ ਚੈਕਿੰਗ
ਫੈਸਟੀਵਲ ਸੀਜ਼ਨ ਨੇੜੇ ਆਉਂਦੇ ਹੀ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਉਥੇ ਹੀ, ਦੂਜੇ ਪਾਸੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਨਾਕਿਆਂ ਦੀ ਖ਼ੁਦ ਸਰਪ੍ਰਾਈਜ਼ ਚੈਕਿੰਗ ਕਰਨਗੇ। ਜੇਕਰ ਡਿਊਟੀ ਦੌਰਾਨ ਕੋਈ ਵੀ ਮੁਲਾਜ਼ਮ ਕੋਤਾਹੀ ਵਰਤਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਾਈਟ ਡੋਮੀਨੇਸ਼ਨ ਕਾਰਨ ਵੀ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਔਰਤਾਂ ਦੀ ਸੁਰੱਖਿਆ ਨੂੰ ਬਣਾਇਆ ਜਾਵੇਗਾ ਯਕੀਨੀ
ਸੀ. ਪੀ. ਸੁਖਚੈਨ ਸਿੰਘ ਗਿੱਲ ਨੇ ਸਾਫ਼ ਕਿਹਾ ਕਿ ਸ਼ਹਿਰ ਵਿਚ ਔਰਤਾਂ ਦੀ ਸੁਰੱਖਿਆ ਨੂੰ ਵਿਸ਼ੇਸ਼ ਰੂਪ ਵਿਚ ਯਕੀਨੀ ਬਣਾਇਆ ਜਾਵੇਗਾ। ਆਮ ਤੌਰ ’ਤੇ ਫੈਸਟੀਵਲ ਸੀਜ਼ਨ ਵਿਚ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਭੀੜ ਹੁੰਦੀ ਹੈ। ਉਥੇ ਹੀ, ਬਾਜ਼ਾਰਾਂ ਵਿਚ ਖਰੀਦਦਾਰੀ ਕਰਨ ਆਈਆਂ ਔਰਤਾਂ ਸਨੈਚਰਾਂ ਦਾ ਸ਼ਿਕਾਰ ਬਣਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਵੂਮੈਨ ਹੈਲਪਲਾਈਨ ਦੀਆਂ ਮੁਲਾਜ਼ਮਾਂ ਅਤੇ ਪੀ. ਸੀ. ਆਰ. ਮੁਲਾਜ਼ਮਾਂ ਨੂੰ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੰਟਰੋਲ ਰੂਮ ਤੋਂ ਮੈਸੇਜ ਆਉਣ ’ਤੇ ਮੁਲਾਜ਼ਮਾਂ ਨੂੰ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਸ਼ੁਰੂ ਹੋਵੇਗੀ ਇਹ ਨਵੀਂ ਸਕੀਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬੀ ਯੂਨੀਵਰਸਿਟੀ ਅਧਿਆਪਕਾਂ 'ਤੇ ਮਿਹਰਬਾਨ!, ਨਾਨ-ਟੀਚਿੰਗ ਸਟਾਫ਼ ਲਈ ਜਾਰੀ ਕੀਤੇ ਸਖ਼ਤ ਹੁਕਮ
NEXT STORY