ਅੰਮ੍ਰਿਤਸਰ (ਜ. ਬ.) - ਯੂਨਾਈਟਿਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ 4 ਫਰਵਰੀ ਨੂੰ ਧਰਮ ਯੁੱਧ ਮੋਰਚਾ ਦੀ ਕਾਨਫਰੰਸ 'ਚ ਸ਼ਾਮਲ ਹੋਣ ਲਈ ਦੂਰੋਂ-ਦੂਰੋਂ ਸਿੱਖ ਸੰਗਤਾਂ ਪੂਰੇ ਜੋਸ਼ੋ-ਖਰੋਸ਼ ਨਾਲ ਪੁੱਜ ਰਹੀਆਂ ਹਨ। ਉਹ ਅੱਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਸਮੇਂ ਉਨ੍ਹਾਂ ਨਾਲ ਗੁਰਜੀਤ ਸਿੰਘ ਬਠਿੰਡਾ ਤੇ ਪਰਮਜੀਤ ਸਿੰਘ ਜਿਜੇਆਣੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕੱਲ ਦੀ ਕਾਨਫਰੰਸ ਪੰਜਾਬ ਦੀ ਸਿਆਸਤ ਨੂੰ ਇਕ ਨਵੀਂ ਦਿਸ਼ਾ ਦੇਵੇਗੀ। ਧਰਮ ਯੁੱਧ ਕਾਨਫਰੰਸ ਦਾ ਮਕਸਦ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹੇ ਕਰਨ ਲਈ ਸਰਕਾਰ ਨੂੰ ਮਜਬੂਰ ਕਰਨਾ ਹੈ ਅਤੇ ਬਹਿਬਲ ਕਲਾਂ ਵਿਖੇ ਹੋਏ ਤਸ਼ੱਦਦ ਦੇ ਦੋਸ਼ੀਆਂ ਵਿਰੁੱਧ ਰਣਨੀਤੀ ਘੜਨਾ ਹੈ। ਸਰਬੱਤ ਖਾਲਸਾ ਦੀ ਕਾਮਯਾਬੀ ਤੋਂ ਬਾਅਦ ਯੂਨਾਈਟਿਡ ਅਕਾਲੀ ਦਲ ਨੇ ਇਕ ਵਾਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਆਨ ਤੇ ਸ਼ਾਨ ਦੀ ਬਹਾਲੀ ਤੇ ਪੰਜਾਬ ਦੇ ਲਟਕਦੇ ਆ ਰਹੇ ਮਸਲਿਆਂ ਦੇ ਹੱਲ ਲਈ ਆਮ ਲੋਕਾਂ ਦੇ ਸਹਿਯੋਗ ਨਾਲ 4 ਫਰਵਰੀ ਦਿਨ ਐਤਵਾਰ ਨੂੰ 'ਧਰਮ ਯੁੱਧ ਕਾਨਫਰੰਸ' ਕਰਨ ਦੇ ਵਿੱਢੇ ਗਏ ਪ੍ਰੋਗਰਾਮ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਾਨਫਰੰਸ ਵਿਚ ਭਾਰੀ ਗਿਣਤੀ 'ਚ ਪੁੱਜ ਕੇ ਕੇਂਦਰ ਤੇ ਸੂਬਾ ਸਰਕਾਰ ਨੂੰ ਪੰਜਾਬ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇ।
ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਭਾਈ ਪਰਮਜੀਤ ਸਿੰਘ ਜਿਜੇਆਣੀ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਤੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਹੋਈ ਬੇਅਦਬੀ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਮੰਗ ਕਰਦੇ ਹਨ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।
ਨਗਰ ਕੌਂਸਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ 'ਤੇ ਵਿਧਾਇਕ ਅਰੋੜਾ ਨੇ ਫਿਰ ਉਠਾਏ ਸਵਾਲ
NEXT STORY