ਲੁਧਿਆਣਾ (ਪੰਕਜ)-10 ਸਾਲਾਂ ਬਾਅਦ ਸੱਤਾ 'ਚ ਵਾਪਸੀ ਕਰਨ ਵਾਲੀ ਕਾਂਗਰਸ ਪਾਰਟੀ 'ਚ ਨਿਗਮ ਚੋਣਾਂ ਨੂੰ ਲੈ ਕੇ ਹਾਲਾਤ ਅਜੀਬ ਬਣਦੇ ਜਾ ਰਹੇ ਹਨ। ਵਿਧਾਨ ਸਭਾ ਚੋਣਾਂ 'ਚ ਜਿੱਤ ਦਰਜ ਕਰਨ ਵਾਲੇ ਜ਼ਿਆਦਾਤਰ ਵਿਧਾਇਕਾਂ ਵਲੋਂ ਵਾਰਡਾਂ 'ਚ ਇਕ ਤੋਂ ਜ਼ਿਆਦਾ ਨੇਤਾਵਾਂ ਨੂੰ ਟਿਕਟ ਦਿਵਾਉਣ ਸਬੰਧੀ ਕੀਤਾ ਵਾਅਦਾ ਹਾਲਾਤ ਵਿਸਫੋਟਕ ਬਣਾਉਂਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਇਕ ਵਾਰਡ 'ਚ ਕਈ ਨੇਤਾਵਾਂ ਵਲੋਂ ਟਿਕਟ ਮਿਲਣ ਸਬੰਧੀ ਭਰੋਸਾ ਮਿਲਣ 'ਤੇ 24 ਘੰਟੇ ਜਨਤਾ ਦੀ ਸੇਵਾ 'ਚ ਹਾਜ਼ਰ ਸਲੋਗਨ ਵਾਲੇ ਜਗ੍ਹਾ-ਜਗ੍ਹਾ ਬੋਰਡ ਲਗਵਾ ਕੇ ਆਪਣੀ-ਆਪਣੀ ਦਾਅਵੇਦਾਰੀ ਦਾ ਦਮ ਭਰਿਆ ਜਾ ਰਿਹਾ ਹੈ।
ਮਹਾਨਗਰ 'ਚ ਜਲਦੀ ਹੋਣ ਜਾ ਰਹੀਆਂ ਨਿਗਮ ਚੋਣਾਂ ਤਹਿਤ ਸ਼ਹਿਰੀ ਵਿਧਾਨ ਸਭਾ ਸੀਟਾਂ ਪੂਰਵੀ, ਪੱਛਮੀ, ਉੱਤਰੀ, ਆਤਮ ਪਾਰਕ, ਦੱਖਣੀ, ਗਿੱਲ ਅਤੇ ਸਾਹਨੇਵਾਲ ਦੇ ਕੁੱਝ ਹਿੱਸੇ ਨਿਗਮ ਦੀ ਹੱਦ ਅੰਦਰ ਆਉਣ ਕਾਰਨ ਅਤੇ ਵਾਰਡਾਂ ਦੀ ਗਿਣਤੀ 75 ਤੋਂ ਵਧ ਕੇ 95 ਹੋਣ ਦੇ ਕਾਰਨ ਹਰ ਨੇਤਾ ਨਿਗਮ ਚੋਣ ਲੜਨ ਲਈ ਕਮਰ ਕੱਸਦਾ ਨਜ਼ਰ ਆ ਰਿਹਾ ਹੈ। ਇਕ-ਦੋ ਵਿਧਾਇਕਾਂ ਨੂੰ ਛੱਡ ਕੇ ਤਾਂ ਬਾਕੀ ਨੇ ਆਪਣੀ ਚੋਣਾਂ 'ਚ ਜਿੱਤ ਦਰਜ ਕਰਨ ਦੀ ਰਣਨੀਤੀ ਤਹਿਤ ਕਈਆਂ ਨੂੰ ਨਿਗਮ ਚੋਣਾਂ 'ਚ ਟਿਕਟ ਦਿਵਾਉਣ ਦਾ ਵਾਅਦਾ ਕੀਤਾ ਸੀ। ਪਾਰਟੀ ਦੇ ਸੱਤਾ 'ਚ ਹੋਣ ਕਾਰਨ ਹਰ ਨੇਤਾ ਜਿੱਤ ਪੱਕੀ ਹੋਣ ਦਾ ਸੁਪਨਾ ਦੇਖ ਰਿਹਾ ਹੈ, ਬੇਸ਼ੱਕ ਪਾਰਟੀ ਟਿਕਟ ਤਾਂ ਕਿਸੇ ਇਕ ਨੂੰ ਹੀ ਮਿਲਣੀ ਹੈ। ਇਸ ਦੌਰਾਨ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ, ਉਸ ਦਾ ਵਿਰੋਧ ਪਾਰਟੀ ਉਮੀਦਵਾਰ ਲਈ ਨਿਸ਼ਚਿਤ ਨੁਕਸਾਨਦਾਇਕ ਹੋਵੇਗਾ।
ਇਸ ਦੇ ਇੰਤਜ਼ਾਰ 'ਚ ਬੈਠੀਆਂ ਵਿਰੋਧੀ ਪਾਰਟੀਆਂ ਵੀ ਆਪਣੇ ਪੱਤੇ ਸਮੇਂ 'ਤੇ ਖੇਡਣ ਦੀ ਰਣਨੀਤੀ 'ਤੇ ਕੰਮ ਕਰ ਰਹੀਆਂ ਹਨ। ਵਿਧਾਨ ਸਭਾ ਚੋਣਾਂ 'ਚ ਪਾਸਾ ਬਦਲਣ ਵਾਲਿਆਂ ਦੀ ਬਜਾਏ ਟਿਕਟ ਨਾ ਮਿਲਣ 'ਤੇ ਪਾਰਟੀ ਉਮੀਦਵਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਜ਼ਮੀਨੀ ਨੇਤਾਵਾਂ 'ਤੇ ਨਜ਼ਰ ਗੱਡੀ ਬੈਠੇ ਵਿਰੋਧੀ ਨੇਤਾ ਸਮਾਂ ਆਉਣ 'ਤੇ ਉਨ੍ਹਾਂ ਲਈ ਆਪਣੀ ਪਾਰਟੀ ਦੇ ਦਰਵਾਜ਼ੇ ਖੋਲ੍ਹਣ ਦਾ ਸਿਆਸੀ ਖੇਡ ਖੇਡਣ ਦੀ ਤਿਆਰੀ 'ਚ ਹਨ।
ਅਕਾਲੀ-ਭਾਜਪਾ ਗੱਠਜੋੜ ਦੇ ਵਿਚਕਾਰ ਵਾਰਡਾਂ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਅਤੇ ਕਾਂਗਰਸ 'ਚ ਟਿਕਟਾਂ ਨਾ ਮਿਲਣ ਨਾਲ ਮੋਰਚਾ ਖੋਲ੍ਹਣ ਵਾਲੇ ਨੇਤਾਵਾਂ 'ਤੇ ਪੈਨੀ ਨਜ਼ਰ ਰੱਖੀ ਬੈਠੀ ਲੋਕ ਇਨਸਾਫ ਪਾਰਟੀ ਨਿਗਮ ਹਾਊਸ 'ਚ ਕਬਜ਼ਾ ਕਰਨ ਦੀ ਇੱਛਾ 'ਚ ਹਰ ਸਿਆਸੀ ਚਾਲ ਖੇਡਣ ਦੀ ਤਿਆਰੀ 'ਚ ਦਿਖਾਈ ਦਿੰਦੀ ਹੈ। ਸਭ ਤੋਂ ਪਹਿਲਾਂ ਵਾਰਡਾਂ 'ਚ ਵੋਟਰਾਂ ਨਾਲ ਸਿੱਧਾ ਸੰਪਰਕ ਕਰਨ 'ਚ ਲੱਗੀ ਲੋਕ ਇਨਸਾਫ ਪਾਰਟੀ ਆਪਣੀ ਸਹਿਯੋਗੀ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਅਕਾਲੀ-ਭਾਜਪਾ ਗੱਠਜੋੜ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਦਾ ਚੋਣਾਵੀ ਗਣਿਤ ਵਿਗਾੜਨ ਦੀ ਰਣਨੀਤੀ 'ਤੇ ਕੰਮ ਕਰਦੀ ਦਿਖਾਈ ਦਿੰਦੀ ਹੈ। ਇਸ ਦੌਰਾਨ ਆਉਣ ਵਾਲੇ ਦਿਨਾਂ 'ਚ ਮਹਾਨਗਰ ਦੀ ਸਿਆਸਤ 'ਚ ਕਾਫੀ ਉਬਾਲ ਆਉਣ ਦੀ ਉਮੀਦ ਹੈ, ਜਿਸ ਨੂੰ ਲੈ ਕੇ ਆਮ ਵੋਟਰ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ।
ਹੋਰ ਸਕੂਲਾਂ ਵਿਚ ਪ੍ਰੀਖਿਆ ਕੇਂਦਰ ਬਣਾ ਕੇ ਹੀ ਲਈਆਂ ਜਾਣਗੀਆਂ ਸਾਲਾਨਾ ਪ੍ਰੀਖਿਆਵਾਂ
NEXT STORY