ਅੰਮ੍ਰਿਤਸਰ (ਮਹਿੰਦਰ)- ਕਾਂਗਰਸ ਪ੍ਰਦੇਸ਼ ਦੇ ਸਾਬਕਾ ਸਕੱਤਰ ਅਤੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਇਕ ਵਾਰ ਫਿਰ ਜ਼ੋਰਦਾਰ ਸਿਆਸੀ ਹਮਲਾ ਕੀਤਾ। ਮੰਨਾ ਨੇ ਕਿਹਾ ਕਿ ਸਿੱਧੂ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ 'ਚ ਕਰੋੜਾਂ ਦੇ ਘਪਲੇ ਦੀਆਂ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਉਨ੍ਹਾਂ ਦੀ ਆਪਣੀ ਨਾਕਾਮੀ ਕਾਰਨ ਹੀ ਟਰੱਸਟ ਅਤੇ ਨਿਗਮ ਵਿਚ ਨਾ ਸਿਰਫ ਕਰੋੜਾਂ ਦੇ ਘਪਲੇ ਹੋ ਰਹੇ ਹਨ, ਸਗੋਂ ਟਰੱਸਟ ਅਤੇ ਨਿਗਮ ਦੀਆਂ ਕਰੋੜਾਂ ਦੀਆਂ ਜ਼ਮੀਨ-ਜਾਇਦਾਦਾਂ 'ਤੇ ਧੜੱਲੇ ਨਾਲ ਨਾਜਾਇਜ਼ ਕਬਜ਼ੇ ਤੇ ਉਸਾਰੀ ਵੀ ਹੋ ਰਹੀ ਹੈ।
ਮੰਨਾ ਨੇ ਦੱਸਿਆ ਕਿ ਸਥਾਨਕ ਮਕਬੂਲ ਰੋਡ 'ਤੇ ਸਥਿਤ ਡਿਪਟੀ ਕਮਿਸ਼ਨਰ ਦੇ ਘਰ ਨੇੜੇ ਟਰੱਸਟ ਦੀ 177.76 ਵਰਗ ਗਜ਼ ਜ਼ਮੀਨ 'ਤੇ ਕਾਂਗਰਸ ਪਾਰਟੀ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਆਪਣੇ ਬੇਟੇ ਦੇ ਨਾਂ 'ਤੇ ਵਕਫ ਬੋਰਡ ਤੋਂ ਗਲਤ ਤਰੀਕੇ ਨਾਲ ਲੀਜ਼ ਡੀਡ ਕਰਵਾ ਕੇ ਉਸ 'ਤੇ ਦੁਕਾਨਾਂ ਦੀ ਨਾਜਾਇਜ਼ ਉਸਾਰੀ ਤਾਂ ਕਰਵਾਈ ਹੀ ਸੀ, ਨਾਲ ਹੀ ਇਹ ਦੁਕਾਨਾਂ ਕੁਝ ਲੋਕਾਂ ਕੋਲ ਅੱਗੇ ਵੇਚ ਦਿੱਤੀਆਂ ਹੋਈਆਂ ਹਨ। ਹਾਲਾਂਕਿ ਟਰੱਸਟ ਬਿਜਲੀ ਵਿਭਾਗ ਨੂੰ ਇਸ ਵਿਵਾਦਤ ਪਲਾਟ ਵਾਲੀ ਜ਼ਮੀਨ 'ਤੇ ਬਣੀਆਂ ਦੁਕਾਨਾਂ ਵਿਚ ਕਿਸੇ ਨੂੰ ਬਿਜਲੀ ਕੁਨੈਕਸ਼ਨ ਨਾ ਦੇਣ ਅਤੇ ਨਿਗਮ ਨੂੰ ਪਾਣੀ ਤੇ ਸੀਵਰੇਜ ਕੁਨੈਕਸ਼ਨ ਨਾ ਜਾਰੀ ਕਰਨ ਸਬੰਧੀ ਪੱਤਰ ਵੀ ਜਾਰੀ ਕਰ ਚੁੱਕਾ ਸੀ। ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਨਾਲ-ਨਾਲ ਨਾਜਾਇਜ਼ ਉਸਾਰੀ ਰੁਕਵਾਉਣ ਲਈ ਟਰੱਸਟ ਅਧਿਕਾਰੀ ਅਤੇ ਕਰਮਚਾਰੀ ਉਥੇ ਜਾਂਦੇ ਸਨ ਤਾਂ ਉਨ੍ਹਾਂ ਨੂੰ ਧਮਕਾ ਕੇ ਵਾਪਸ ਭੇਜ ਦਿੱਤਾ ਜਾਂਦਾ ਸੀ, ਜਿਸ ਕਾਰਨ ਪੁਲਸ ਨੂੰ ਕਥਿਤ ਦੋਸ਼ੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਅਤੇ ਸੁਰੱਖਿਆ ਉਪਲਬਧ ਕਰਵਾਉਣ ਨੂੰ ਕਈ ਵਾਰ ਲਿਖਿਆ ਗਿਆ ਸੀ।
ਬਾਵਜੂਦ ਇਸ ਦੇ ਰਾਜਨੀਤਕ ਦਬਾਅ ਕਾਰਨ ਗਲਤ ਤਰੀਕੇ ਨਾਲ ਲੀਜ਼ ਡੀਡ ਤਿਆਰ ਕਰ ਕੇ ਨਾਜਾਇਜ਼ ਉਸਾਰੀ ਕਰਨ ਵਾਲੇ ਲੋਕਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ, ਜਿਸ ਕਾਰਨ ਟਰੱਸਟ ਦੀ ਇਹ ਕਰੀਬ 2 ਕਰੋੜ ਦੀ ਜ਼ਮੀਨ ਹੜੱਪੀ ਜਾ ਚੁੱਕੀ ਹੈ। ਇਸ ਦੇ ਲਈ ਮੰਨਾ ਸਿੱਧੂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾ ਰਿਹਾ ਹੈ।
ਪੋਲੀ ਗ੍ਰੀਨ ਹਾਊਸ ਬਣਾਉਣ ਦੇ ਨਾਮ ਤੇ ਠੱਗੀ ਕਰਨ ਵਾਲੇ ਦੋ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ
NEXT STORY