ਅੰਮ੍ਰਿਤਸਰ (ਬਿਊਰੋ) - ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਹੈ ਕਿ ਜਿਹੜਾ ਅਕਾਲੀ ਦਲ ਲਗਾਤਾਰ 10 ਸਾਲ ਪੰਜਾਬ ਨੂੰ ਲੁੱਟਦਾ ਰਿਹਾ, ਉਹ ਅੱਜ ਦੁੱਧ ਧੋਤਾ ਸਾਬਿਤ ਹੋਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਲੋਕਾਂ ਦੀ ਮਾਨਸਿਕਤਾ ਵਿਚ ਇਹ ਪੱਕਾ ਬੈਠ ਚੁੱਕਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੀ ਵਿਗੜੀ ਆਰਥਿਕ ਵਿਵਸਥਾ ਨੂੰ ਠੀਕ ਕਰਨ ਦੀ ਸਮਰੱਥਾ ਰੱਖਦੇ ਹਨ। ਉਹ ਅੱਜ ਜ਼ਿਲਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਰੱਖੀ ਇਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਂਗਰਸ 'ਤੇ ਇਲਜ਼ਾਮਬਾਜ਼ੀ ਕਰਨ ਦੀ ਨੈਤਿਕ ਜ਼ਿੰਮੇਵਾਰ ਗਵਾ ਚੁੱਕਾ ਹੈ। ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੀ ਕਿਰਸਾਨੀ ਨੂੰ ਰੋਲਣ, ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਣ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵਿਗਾੜਨ ਵਿਚ ਸਭ ਤੋਂ ਵੱਡਾ ਰੋਲ ਅਕਾਲੀ ਜਥੇਦਾਰਾਂ ਦਾ ਹੀ ਰਿਹਾ ਹੈ। ਹੁਣ ਪੰਜਾਬ ਵਿਚ ਨੌਕਰੀ ਮੇਲੇ ਲਾ ਕੇ ਇਕ ਚੰਗਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀਆਂ ਕੰਪਨੀਆਂ ਅਤੇ ਉਦਯੋਗਪਤੀ ਪੰਜਾਬ ਵੱਲ ਮੂੰਹ ਨਹੀਂ ਸਨ ਕਰਦੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਦੂਰਦ੍ਰਿਸ਼ਟੀ ਕਾਰਨ ਨਿਵੇਸ਼ ਕਰਨ ਲਈ ਤਿਆਰ ਹੋਏ ਹਨ।
ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ 'ਚ ਹੀ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਮਿਲ ਗਈਆਂ ਹਨ ਅਤੇ ਰਹਿੰਦੇ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਹੁਣ ਚਿੰਤਾ ਨਹੀਂ ਸਤਾ ਰਹੀ। ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਕੈਬਨਿਟ ਨੇ ਆਪਣੇ ਮੋਢਿਆਂ 'ਤੇ ਚੁੱਕੀ ਹੈ। ਗੁਰਦਾਸਪੁਰ ਦੀ ਜ਼ਿਮਨੀ ਚੋਣ ਅਤੇ ਆਗਾਮੀ ਨਗਰ ਨਿਗਮ ਦੀਆਂ ਚੋਣਾਂ 'ਚ ਲੋਕ ਮੁੜ ਕਾਂਗਰਸ ਦੇ ਹੱਕ ਵਿਚ ਫਤਵਾ ਦੇਣ ਲਈ ਮਾਨਸਿਕ ਤੌਰ 'ਤੇ ਤਿਆਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਕਾਰੇ ਹੋਏ ਅਕਾਲੀ ਆਗੂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਪਣੀ ਆਦਤ ਛੱਡ ਦੇਣ।
ਇਸ ਸਮੇਂ ਉਨ੍ਹਾਂ ਨਾਲ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸੁਖਪਾਲ ਸਿੰਘ ਗਿੱਲ, ਰਵਿੰਦਰ ਸਿੰਘ ਗਿੱਲ, ਗੁਰਬੀਰ ਸਿੰਘ, ਸੁਖਪਾਲ ਸਿੰਘ ਕੰਦੋਵਾਲੀ ਤੇ ਰਾਜਦੀਪ ਸਿੰਘ ਤੋਂ ਇਲਾਵਾ ਜ਼ਿਲੇ ਦੇ ਅਹੁਦੇਦਾਰ ਤੇ ਬਲਾਕ ਪ੍ਰਧਾਨ ਵੀ ਹਾਜ਼ਰ ਸਨ।
ਡਿਫਾਲਟਰ ਹੋਇਆ ਰਾਮ ਰਹੀਮ ਦਾ ਡੇਰਾ ਸੱਚਾ ਸੌਦਾ, ਨਹੀਂ ਦਿੱਤਾ ਹਜ਼ਾਰਾਂ ਦਾ ਬਿਲ
NEXT STORY