ਜਲੰਧਰ (ਅਜੀਤ ਸਿੰਘ ਬੁਲੰਦ, ਰਮਨਦੀਪ ਸੋਢੀ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਜਥੇ. ਅਜੀਤ ਸਿੰਘ ਕੋਹਾੜ ਨੇ ਜਗ ਬਾਣੀ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ 5 ਮਹੀਨੇ ਦੀ ਸਰਕਾਰ ਚਲਾਉਂਦੇ ਹੋਏ ਕਾਂਗਰਸ ਪਾਰਟੀ ਹਰ ਪੱੱਧਰ'ਤੇ ਅਸਫਲ ਸਾਬਿਤ ਹੋਈ ਹੈ ਅਤੇ ਪੰਜਾਬ ਦੀ ਜਨਤਾ ਇਹ ਕਹਿੰਦੀ ਵਿਖਾਈ ਦਿੰਦੀ ਹੈ। ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਲਈ ਬਿਹਤਰ ਸੀ। ਕੋਹਾੜ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਲਈ ਜਿੰਨੀ ਮਿਹਨਤ ਕਰ ਰਹੇ ਹਨ, ਉਸ ਤੋਂ ਇੰਝ ਜਾਪਦਾ ਕਿ ਪ੍ਰਕਾਸ਼ ਸਿੰਘ ਬਾਦਲ ਖੁਦ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਵਿਚ ਵੱਡੇ ਬਾਦਲ ਸਾਹਿਬ ਦੇ ਸਾਰੇ ਗੁਣ ਹਨ ਅਤੇ ਉਹ ਅਕਾਲੀ ਦਲ ਦੇ ਉਜਵਲ ਭਵਿੱਖ ਦੇ ਕਰਤਾ ਸਾਬਿਤ ਹੋਣਗੇ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਕੇ ਕਸਮ ਖਾਧੀ ਸੀ ਕਿ 10 ਦਿਨਾਂ ਵਿਚ ਬਰਗਾੜੀ ਕਾਂਡ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ ਪਰ ਹੁਣ ਕਮਿਸ਼ਨ ਗਠਿਤ ਕਰ ਕੇ ਪੰਜਾਬ ਦੀ ਜਨਤਾ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਆਪ ਕਹਿ ਰਹੇ ਹਨ ਕਿ ਜੋ ਕਿਸਾਨ ਖੁਦਕੁਸ਼ੀ ਕਰੇਗਾ, ਉਸ ਦਾ ਸਾਰਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ ਪਰ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਘਰ ਕਾਂਗਰਸ ਦਾ ਕੋਈ ਵੀ ਨੇਤਾ ਅਫਸੋਸ ਤੱਕ ਕਰਨ ਨਹੀਂ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕਾਂਗਰਸ ਦਾ ਪੂਰਾ ਜ਼ੋਰ ਅਕਾਲੀ ਦਲ ਦੇ ਵਰਕਰਾਂ 'ਤੇ ਝੂਠੇ ਕੇਸ ਪਾਉਣ 'ਤੇ ਲੱਗਾ ਹੋਇਆ ਹੈ, ਜਿਸ ਦੇ ਵਿਰੋਧ ਵਿਚ ਸੁਖਬੀਰ ਬਾਦਲ ਨੇ ਜਬਰ ਵਿਰੋਧੀ ਲਹਿਰ ਆਰੰਭ ਕੀਤੀ ਹੋਈ ਹੈ ਅਤੇ ਇਸ ਨਾਲ ਕਾਂਗਰਸ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ 'ਚ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਇੰਨਾ ਵੱਧ ਗਿਆ ਹੈ ਕਿ ਖੁਦ ਕਾਂਗਰਸ ਦੇ ਇਕ ਨੇਤਾ ਨੇ ਬੀਤੇ ਦਿਨੀਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ 'ਤੇ ਇਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਅੱਜ ਪੰਜਾਬ ਦੀ ਗਲੀ-ਗਲੀ ਵਿਚ ਨਸ਼ਾ ਵਿਕ ਰਿਹਾ ਹੈ। ਕੋਹਾੜ ਨੇ ਕਿਹਾ ਕਿ ਰੇਤੇ ਦੇ ਮੁੱਲ ਕਈ ਗੁਣਾ ਵਧਾ ਦਿੱਤੇ ਗਏ ਹਨ ਅਤੇ ਰੇਤਾ ਤਸਕਰੀ ਵਿਚ ਕਾਂਗਰਸ ਦੇ ਨੇਤਾ ਸਿੱਧੇ ਰੂਪ ਵਿਚ ਸ਼ਾਮਲ ਹਨ।
ਕੋਹਾੜ ਨੇ ਦੱਸਿਆ ਕਿ ਪੰਜਾਬ ਕਾਂਗਰਸ ਨੂੰ ਪਤਾ ਹੈ ਕਿ ਜਨਤਾ ਨੇ ਕਾਂਗਰਸ ਦਾ ਅਸਫਲ ਚਿਹਰਾ ਪਛਾਣ ਲਿਆ ਹੈ। ਇਸ ਲਈ ਕਾਂਗਰਸ ਪੰਜਾਬ ਵਿਚ ਨਿਗਮ ਦੀਆਂ ਚੋਣਾਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਮਾਂ ਤਾਂ ਪੰਚਾਇਤ ਚੋਣਾਂ ਦਾ ਆ ਗਿਆ ਹੈ ਪਰ ਜਾਪਦਾ ਹੈ ਕਿ ਕਾਂਗਰਸ ਪੰਚਾਇਤ ਚੋਣਾਂ ਕਰਵਾਏਗੀ ਨਹੀਂ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਪੰਜਾਬ ਵਿਚ ਅਜਿਹਾ ਵੇਖਿਆ ਜਾ ਰਿਹਾ ਹੈ। ਨਾ ਤਾਂ ਕੈਬਨਿਟ ਹੀ ਪੂਰੀ ਤਰ੍ਹਾਂ ਨਾਲ ਬਣ ਸਕੀ ਹੈ ਅਤੇ ਨਾ ਹੀ ਸਰਕਾਰੀ ਵਿਭਾਗਾਂ ਵਿਚ ਜਨਤਾ ਦੇ ਕੰਮ ਹੀ ਸੁਚਾਰੂ ਰੂਪ ਵਿਚ ਹੋ ਰਹੇ ਹਨ ਅਤੇ ਪੰਜਾਬ ਵਿਚ ਜੋ ਵਿਕਾਸ ਕੰਮ ਅਕਾਲੀ ਦਲ ਨੇ ਸ਼ੁਰੂ ਕਰਵਾਏ ਸਨ, ਉਹ ਵੀ ਕਾਂਗਰਸ ਨੇ ਬੰਦ ਕਰਵਾ ਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਸਰਕਾਰ ਨਹੀਂ ਚੱਲ ਸਕਦੀ।
ਟਰਾਲੇ ਦੀ ਟੱਕਰ ਨਾਲ ਟਰੱਕ ਚਾਲਕ ਦੀ ਮੌਤ
NEXT STORY