ਬੀਜਾ (ਵਿਪਨ) : ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ‘ਆਪ’ ਨਾਲ ਗਠਜੋੜ ਬਾਰੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਰਾਏ ਇੱਕੋ ਜਿਹੀ ਨਹੀਂ ਹੈ। ਇਸ ਸਬੰਧੀ ਪਾਰਟੀ ਅੰਦਰਲੀ ਫੁੱਟ ਵੀ ਵੱਧਦੀ ਜਾ ਰਹੀ ਹੈ। ਖੰਨਾ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਰਸ ਹਾਈਕਮਾਨ 'ਆਪ' ਨਾਲ ਗਠਜੋੜ ਕਰਦੀ ਹੈ ਤਾਂ ਇਹ ਆਤਮਘਾਤੀ ਫ਼ੈਸਲਾ ਹੋਵੇਗਾ ਕਿਉਂਕਿ ਅਜਿਹੇ ਫ਼ੈਸਲਿਆਂ ਕਾਰਨ ਪਾਰਟੀ ਪਹਿਲਾਂ ਹੀ ਬੈਕਫੁੱਟ 'ਤੇ ਆ ਚੁੱਕੀ ਹੈ। ਇਸ ਸਮੇਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਨਾ ਕਿ ਕਾਂਗਰਸ ਨੂੰ ਸਹਾਰੇ ਲਈ ਕਿਸੇ ਬੈਸਾਖੀ ਦੀ ਲੋੜ ਹੈ।
'ਆਪ' ਨਾਲ ਮਤਭੇਦ ਕਦੇ ਦੂਰ ਨਹੀਂ ਹੋ ਸਕਦੇ
ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਮੰਤਰੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਸ਼ਰੇਆਮ ਧੱਕਾ ਕੀਤਾ ਗਿਆ। ਅਜੇ ਵੀ ਕਈ ਮੰਤਰੀਆਂ ਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵੱਡੇ ਘਪਲੇ ਹਨ, ਜੋ ਕੈਪਟਨ ਸਰਕਾਰ ਦੇ ਸਮੇਂ ਹੋਏ ਹਨ। ਅਜਿਹੇ ਹਾਲਾਤ 'ਚ ਆਮ ਆਦਮੀ ਪਾਰਟੀ ਨਾਲ ਜੋ ਵੀ ਮੱਤਭੇਦ ਹਨ, ਉਹ ਕਦੇ ਵੀ ਦੂਰ ਨਹੀਂ ਹੋ ਸਕਦੇ। ਦੂਲੋ ਨੇ ਕਿਹਾ ਕਿ ਇਸ ਵੇਲੇ ਪੰਜਾਬ 'ਚ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। ਜੇਕਰ ਸੱਤਾ ਤੇ ਵਿਰੋਧੀ ਧਿਰ ਇਕੱਠੇ ਹੋ ਗਏ ਤਾਂ ਸਰਕਾਰ ਨੂੰ ਕੌਣ ਘੇਰੇਗਾ? ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗੀਆਂ ਜਾਣਗੀਆਂ?
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਕਾਰ ਨੂੰ ਅੱਗ ਲੱਗਣ ਮਗਰੋਂ ਜ਼ਿੰਦਾ ਸੜਿਆ ਨੌਜਵਾਨ (ਤਸਵੀਰਾਂ)
ਕਾਂਗਰਸ ਦਾ ਕਲਚਰ ਬਦਲ ਗਿਆ ਹੈ
ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਕਾਂਗਰਸ ਦਾ ਕਲਚਰ ਬਦਲ ਗਿਆ ਹੈ। ਉਹ ਇੰਦਰਾ ਗਾਂਧੀ ਦੇ ਸਮੇਂ ਸਾਲ 1978 'ਚ ਕਾਂਗਰਸ 'ਚ ਸ਼ਾਮਲ ਹੋਏ ਸਨ। ਅੱਤਵਾਦ ਦੌਰਾਨ ਪਾਰਟੀ ਦਾ ਝੰਡਾ ਬੁਲੰਦ ਕੀਤਾ। ਅੱਜ ਤੱਕ ਪਾਰਟੀ ਨਹੀਂ ਛੱਡੀ। ਦੂਜੇ ਪਾਸੇ ਅੱਜ ਦੀ ਕਾਂਗਰਸ ਚਾਪਲੂਸੀ ਦੀ ਪਾਰਟੀ ਬਣ ਗਈ ਹੈ। ਜਿਹੜਾ ਦਿੱਲੀ ਜਾ ਕੇ ਚਾਪਲੂਸੀ ਕਰਦਾ ਹੈ, ਉਸਨੂੰ ਅਹੁਦੇ ਦਿੱਤੇ ਜਾਂਦੇ ਹਨ। ਰਾਜਨੀਤੀ 'ਚ ਵੀ ਪੈਸਾ ਰੋਲ ਅਦਾ ਕਰਨ ਲੱਗ ਪਿਆ ਹੈ। ਟਕਸਾਲੀ ਕਾਂਗਰਸੀਆਂ ਦੀ ਕੋਈ ਕਦਰ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਹੱਡ ਚੀਰਵੀਂ ਠੰਡ ਨੂੰ ਲੈ ਕੇ Red Alert ਜਾਰੀ, 2 ਦਿਨ ਸਫ਼ਰ ਕਰਨ ਤੋਂ ਕਰੋ ਪਰਹੇਜ਼ (ਵੀਡੀਓ)
ਕੈਪਟਨ, ਚੰਨੀ, ਵੜਿੰਗ, ਬਾਜਵਾ ਸਾਰੇ ਨਿਸ਼ਾਨੇ 'ਤੇ
ਦੂਲੋ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ 'ਤੇ ਵੀ ਨਿਸ਼ਾਨਾ ਸਾਧਿਆ। ਦੂਲੋ ਨੇ ਕਿਹਾ ਕਿ ਇਹ ਦੂਜੀਆਂ ਪਾਰਟੀਆਂ ਚੋਂ ਡੈਪੂਟੇਸ਼ਨ ਉਪਰ ਆਉਣ ਵਾਲੇ ਲੀਡਰ ਹਨ। ਕਾਂਗਰਸ ਦੇ ਰਾਜ ਵਿਚ ਆਨੰਦ ਮਾਣ ਕੇ ਚਲੇ ਜਾਂਦੇ ਹਨ। ਕੈਪਟਨ ਤੇ ਚੰਨੀ ਅਕਾਲੀ ਦਲ ਤੋਂ ਆਏ। ਕੈਪਟਨ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਂਗਰਸ ਨੇ ਚੰਨੀ ਨੂੰ ਥੋੜ੍ਹੇ ਸਮੇਂ ਵਿੱਚ ਹੀ ਅਹਿਮ ਅਹੁਦੇ ਦਿੱਤੇ। ਇਸੇ ਦਾ ਨਤੀਜਾ ਹੈ ਕਿ ਅੱਜ ਸੂਬੇ ਦੇ ਲੱਖਾਂ ਕਾਂਗਰਸੀ ਨਾਰਾਜ਼ ਹੋ ਕੇ ਘਰ ਬੈਠੇ ਹਨ। ਦੂਲੋ ਨੇ ਵੜਿੰਗ ਤੇ ਬਾਜਵਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਾਰਾਜ਼ ਵਰਕਰਾਂ ਨੂੰ ਮਿਲਣਾ ਚਾਹੀਦਾ ਹੈ। ਇਹ ਤਾਂ ਜਦੋਂ ਖੰਨਾ ਆਉਂਦੇ ਹਨ ਤਾਂ ਉਨ੍ਹਾਂ (ਦੂਲੋ) ਨੂੰ ਫ਼ੋਨ ਕਰਨਾ ਵੀ ਮੁਨਾਸਿਬ ਨਹੀਂ ਸਮਝਦੇ।
ਸਿੱਧੂ ਦੀਆਂ ਰੈਲੀਆਂ 'ਚ ਲੋਕਾਂ ਦੀ ਭੀੜ
ਸ਼ਮਸ਼ੇਰ ਸਿੰਘ ਦੂਲੋ ਨੇ ਨਵਜੋਤ ਸਿੱਧੂ ਪ੍ਰਤੀ ਨਰਮੀ ਦਿਖਾਈ। ਦੂਲੋ ਨੇ ਕਿਹਾ ਕਿ ਨਵਜੋਤ ਸਿੱਧੂ ਦੀਆਂ ਰੈਲੀਆਂ 'ਚ ਲੋਕਾਂ ਦੀ ਭੀੜ ਹੁੰਦੀ ਹੈ। ਲੋਕ ਉਸ ਨੂੰ ਪਸੰਦ ਕਰਦੇ ਹਨ, ਜਿਸਦਾ ਕੋਈ ਕਾਰਨ ਜ਼ਰੂਰ ਹੋਵੇਗਾ। ਰੈਲੀਆਂ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਬਾਜਵਾ ਨੂੰ ਹਟਾ ਕੇ ਕੈਪਟਨ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਵੀ ਅਜਿਹਾ ਮਾਹੌਲ ਬਣਿਆ ਸੀ। ਅੱਜ ਇਕੱਲੇ ਸਿੱਧੂ ਨੂੰ ਲੈ ਕੇ ਹੰਗਾਮਾ ਕਿਉਂ ਕੀਤਾ ਜਾ ਰਿਹਾ ਹੈ? ਨਾਰਾਜ਼ਗੀ ਦਾ ਸਵਾਲ ਹੈ ਤਾਂ ਜੇਕਰ ਸਿੱਧੂ ਦੀ ਕੋਈ ਨਰਾਜ਼ਗੀ ਹੈ ਤਾਂ ਦਿੱਲੀ ਵਿਚ ਬੈਠੀ ਪਾਰਟੀ ਹਾਈਕਮਾਨ ਨੂੰ ਚਾਹੀਦਾ ਹੈ ਕਿ ਉਹ ਦੋਵੇਂ ਧਿਰਾਂ ਨੂੰ ਇਕੱਠੇ ਬੈਠ ਕੇ ਹੱਲ ਕੱਢਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਦਿੱਤੀਆਂ ਮੁਬਾਰਕਾਂ
NEXT STORY