ਬਲਾਚੌਰ (ਬ੍ਰਹਮਪੁਰੀ)— ਪਿਛਲੇ ਦਿਨਾਂ ਤੋਂ ਨਵਾਂਸ਼ਹਿਰ ਦੀ ਕਾਂਗਰਸ ਪਾਰਟੀ ਵਿਚ ਸਿਆਸੀ ਤੌਰ 'ਤੇ ਵੱਡੇ ਬਦਲਾਅ ਦਾ ਮਾਹੌਲ ਦਿਖ ਰਿਹਾ ਹੈ। ਜਿਸ ਦਾ ਕਾਰਨ ਦਲਿਤ ਵਰਗ ਦੇ ਸਿਆਸਤਦਾਨ ਸਤਨਾਮ ਸਿੰਘ ਕੈਂਥ ਸਾਬਕਾ ਐੱਮ. ਪੀ. ਅਤੇ ਹਲਕਾ ਇੰਚਾਰਜ ਬੰਗਾ ਦੀ ਅਚਨਚੇਤ ਮੌਤ ਹੈ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚ 3 ਵਿਧਾਨ ਸਭਾ ਹਲਕੇ ਬਲਾਚੌਰ, ਨਵਾਂਸ਼ਹਿਰ ਅਤੇ ਬੰਗਾ ਹਨ। ਇਨ੍ਹਾਂ 'ਚੋਂ ਬਲਾਚੌਰ ਤੋਂ ਚੌ. ਦਰਸ਼ਨ ਲਾਲ ਮੰਗੂਪੁਰ ਅਤੇ ਨਵਾਂਸ਼ਹਿਰ ਤੋਂ ਅੰਗਦ ਸੈਣੀ ਕਾਂਗਰਸ ਦੇ ਵਿਧਾਇਕ ਹਨ। 2017 ਦੀਆਂ ਚੋਣਾਂ ਦੌਰਾਨ ਬੰਗਾ ਤੋਂ ਸੁਖਵਿੰਦਰ ਸੁੱਖੀ ਅਕਾਲੀ ਦਲ ਦੇ ਵਿਧਾਇਕ ਬਣੇ ਤੇ ਸਤਨਾਮ ਕੈਂਥ ਹਾਰ ਗਏ ਸਨ। ਮੌਜੂਦਾ ਸਮੇਂ ਦੌਰਾਨ ਸਤਨਾਮ ਸਿੰਘ ਕੈਂਥ ਦੀ ਮੌਤ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲੇ ਦੇ ਟਕਸਾਲੀ ਕਾਂਗਰਸੀ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਬੰਗਾ ਹਲਕੇ ਦਾ ਇੰਚਾਰਜ ਲਾ ਦਿੱਤਾ। ਇਸ ਨਾਲ ਪੱਲੀ ਝਿੱਕੀ ਦਾ ਸਿਆਸੀ ਕੱਦ ਜ਼ਿਲਾ ਪ੍ਰਧਾਨਗੀ ਦੇ ਨਾਲ-ਨਾਲ ਹਲਕੇ ਦਾ ਇੰਚਾਰਜ ਲੱਗਣ ਨਾਲ ਉੱਚਾ ਹੋਇਆ ਹੈ।
ਕਿਵੇਂ ਹੋਈ ਪੱਲੀ ਝਿੱਕੀ ਦੀ ਕੈਪਟਨ ਨਾਲ ਨੇੜਤਾ
ਨਵਾਂਸ਼ਹਿਰ ਦੀ ਜ਼ਿਮਨੀ ਚੋਣ (ਸ. ਦਿਲਬਾਗ ਸਿੰਘ ਦੀ ਮੌਤ ਉਪਰੰਤ), ਦੌਰਾਨ ਉਸ ਸਮੇਂ ਦੀ ਹਾਕਮ ਪਾਰਟੀ ਅਕਾਲੀ ਦਲ ਬਾਦਲ ਵੱਲੋਂ ਕਾਂਗਰਸ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਉਸ ਸਮੇਂ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਨ। ਪੋਲਿੰਗ ਦੌਰਾਨ ਪਿੰਡ ਦੇ ਬੂਥ 'ਤੇ ਅਕਾਲੀ ਦਲ ਵਾਲੇ ਧੱਕਾ ਕਰਨ ਲੱਗ ਪਏ ਤੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਨਾਲ ਸਤਵੀਰ ਸਿੰਘ ਪੱਲੀ ਝਿੱਕੀ ਵੱਲੋਂ ਸਿੱਧੀ ਟੱਕਰ ਲੈ ਲਈ ਅਤੇ ਗੋਲੀਆਂ ਤੱਕ ਚੱਲੀਆਂ। ਉਸ ਸਮੇਂ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਸਨ ਅਤੇ ਨਵਾਂਸ਼ਹਿਰ ਤੋਂ ਪ੍ਰਕਾਸ਼ ਸਿੰਘ ਸੈਣੀ (ਮੌਜੂਦਾ ਵਿਧਾਇਕ ਅੰਗਦ ਸੈਣੀ ਦੇ ਪਿਤਾ) ਕਾਂਗਰਸ ਦੇ ਉਮੀਦਵਾਰ ਸਨ। ਇਸ ਪ੍ਰਤੀਨਿਧੀ ਨੇ ਉਸ ਸਮੇਂ ਪੱਲੀ ਝਿੱਕੀ ਬੂਥ ਦਾ ਉਹ ਦ੍ਰਿਸ਼ ਅੱਖੀਂ ਦੇਖਿਆ ਸੀ ਜਦੋਂ ਟੈਂਟ ਫਟੇ, ਗੋਲੀਆਂ ਚੱਲੀਆਂ ਅਤੇ ਪੱਲੀ ਝਿੱਕੀ ਦੀ ਇਸ ਬਹਾਦਰੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੱਲੀ ਝਿੱਕੀ ਨੁੰ ਆਪਣੀ ਗੱਡੀ 'ਚ ਬਿਠਾ ਕੇ ਨਾਲ ਲੈ ਗਏ ਸਨ। ਬਸ ਉਸ ਦਿਨ ਤੋਂ ਬਾਅਦ ਪੱਲੀ ਝਿੱਕੀ ਕੈਪਟਨ ਦੀ ਸਾਂਝ ਗੂੜ੍ਹੀ ਯਾਰੀ 'ਚ ਬਦਲ ਗਈ।
ਜ਼ਿਲਾ ਕਾਂਗਰਸ 'ਚ ਵਿਖਰੇਵਾਂ
ਇਥੇ ਗੌਰਤਲਬ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਉਦੋਂ ਪੱਲੀ ਝਿੱਕੀ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਕੇ ਧਰਮਪਾਲ ਬੰਗੜ ਰਾਹੋਂ ਨੂੰ ਜ਼ਿਲਾ ਪ੍ਰਧਾਨ ਬਣਾਇਆ ਗਿਆ ਅਤੇ ਪੱਲੀ ਝਿੱਕੀ ਨੂੰ ਸਿਆਸੀ ਝਟਕਾ ਲੱਗਿਆ। ਇਸ ਉਪਰੰਤ ਕੈਪਟਨ ਦੇ ਮੁੜ ਪ੍ਰਧਾਨ ਬਣਨ 'ਤੇ ਪੱਲੀ ਝਿੱਕੀ ਫਿਰ ਪ੍ਰਧਾਨ ਬਣੇ ਤੇ ਰਾਣਾ ਗਰੁੱਪ ਹਾਸ਼ੀਏ 'ਤੇ ਚਲਾ ਗਿਆ। ਇਹ ਜਗ ਜ਼ਾਹਰ ਹੈ ਕਿ ਪੱਲੀ ਝਿੱਕੀ ਦਾ ਜ਼ਿਲੇ ਅੰਦਰ ਟਕਸਾਲੀ ਕਾਂਗਰਸੀ ਵਜੋਂ ਵੱਖਰਾ ਰੁਤਬਾ ਹੈ ਅਤੇ ਜੋਕਿ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਰਾਣਾ, ਅੰਗਦ ਸੈਣੀ ਐੱਮ. ਐੱਲ. ਏ . ਨਵਾਂਸ਼ਹਿਰ ਲਈ ਹੁਣ ਉਦੋਂ ਹੋਰ ਵੱਡੀ ਸਿਰਦਰਦੀ ਬਣ ਗਿਆ ਜਦੋਂ ਬੰਗਾ ਹਲਕੇ ਦੀ ਨੁਮਾਇੰਦਗੀ ਪਾਰਟੀ ਤੌਰ 'ਤੇ ਪੱਲੀ ਝਿੱਕੀ ਨੂੰ ਮਿਲ ਗਈ। ਭਾਵੇਂ ਕਿ ਦੋਵਾਂ ਵਿਧਾਇਕਾਂ ਅੰਗਦ ਸਿੰਘ ਨਵਾਂਸ਼ਹਿਰ ਅਤੇ ਚੌ. ਦਰਸ਼ਨ ਲਾਲ ਮੰਗੂਪੁਰ ਬਲਾਚੌਰ ਨੇ ਪੱਲੀ ਝਿੱਕੀ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਪਰ ਹੁਣ ਜਿਸ ਕਦਰ ਪੱਲੀ ਝਿੱਕੀ ਸਿਆਸੀ ਤਾਕਤ ਨਾਲ ਮਜ਼ਬੂਤ ਹੋਇਆ ਹੈ ਤਾਂ ਦੋਵਾਂ ਵਿਧਾਇਕਾਂ ਨਾਲ ਖਿਚੋਤਾਣ ਅਤੇ ਰਾਣਾ ਗਰੁੱਪ ਦੀ ਸਿਆਸੀ ਧੱਕੇਸ਼ਾਹੀ ਨੂੰ ਠੱਲ੍ਹ ਪਵੇਗੀ ਅਤੇ ਟਕਸਾਲੀ ਕਾਂਗਰਸੀਆਂ ਵਿਚ ਜੋਸ਼ ਜਾਗੇਗਾ।
ਵਿਧਾਇਕ ਬਰਾੜ ਦੀ ਹਾਜ਼ਰੀ 'ਚ ਅਨੂੰ ਮਿੱਤਲ ਨੇ ਸੰਭਾਲਿਆ ਕੌਂਸਲ ਪ੍ਰਧਾਨ ਦਾ ਅਹੁਦਾ
NEXT STORY