ਜਲੰਧਰ, (ਨਰੇਸ਼ ਕੁਮਾਰ)— ਆਉਂਦੇ ਸਾਲ ਮਾਰਚ-ਅਪ੍ਰੈਲ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਿਆਰੀ ਕਰਨ ਦੀ ਥਾਂ ਪੰਜਾਬ ਦੀਆਂ 2 ਪ੍ਰਮੁੱਖ ਵਿਰੋਧੀ ਪਾਰਟੀਆਂ ਅੰਦਰੂਨੀ ਸੰਕਟ ਨਾਲ ਜੂਝ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚ ਮਚੇ ਘਮਾਸਾਨ ਕਾਰਨ ਕਾਂਗਰਸ ਬਹੁਤ ਖੁਸ਼ ਹੈ ਕਿਉਂਕਿ ਉਸਨੂੰ ਦੋਵਾਂ ਪਾਰਟੀਆਂ ਦੇ ਅੰਦਰੂਨੀ ਸੰਕਟ ਕਾਰਨ ਲਾਭ ਮਿਲਦਾ ਨਜ਼ਰ ਆ ਰਿਹਾ ਹੈ।
ਇਕ ਪਾਸੇ ਜਿੱਥੇ ਅਕਾਲੀ ਦਲ ’ਚ 2 ਧੜੇ ਬਣ ਗਏ ਹਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਦੋਫਾੜ ਹੋ ਗਈ ਹੈ। ਅਕਾਲੀ ਦਲ ਦਾ ਸੰਕਟ ਪੰਥਕ ਏਜੰਡਾ ਛੱਡਣ ਕਾਰਨ ਵਧ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਦਾ ਸੰਕਟ ਪਾਰਟੀ ਦੇ ਆਗੂਆਂ ਦੇ ਆਪਸੀ ਹੰਕਾਰ ਦਾ ਸਿੱਟਾ ਹੈ। ਦੋਵਾਂ ਪਾਰਟੀਆਂ ਵਿਚ ਚੱਲ ਰਹੀ ਜੰਗ ਨੂੰ ਕਾਂਗਰਸ ਬਹੁਤ ਦਿਲਚਸਪੀ ਨਾਲ ਵੇਖ ਰਹੀ ਹੈ। ਨਾਲ ਹੀ ਉਹ ਅੰਦਰਖਾਤੇ ਲੋਕ ਸਭਾ ਦੀਆਂ ਚੋਣਾਂ ਬਾਰੇ ਤਿਆਰੀ ਵੀ ਕਰ ਰਹੀ ਹੈ। ਭਾਜਪਾ ਇਸ ਪੂਰੀ ਖੇਡ ਦੌਰਾਨ ਖਾਮੋਸ਼ ਦਰਸ਼ਕ ਦੀ ਭੂਮਿਕਾ ਨਿਭਾਅ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਭਾਜਪਾ ਨੇ ਸੂਬੇ ਵਿਚ ਲੋਕ ਸਭਾ ਦੀਆਂ ਸਿਰਫ 3 ਸੀਟਾਂ ’ਤੇ ਹੀ ਚੋਣ ਲੜਨੀ ਹੈ। ਲੋਕ ਸਭਾ ਚੋਣਾਂ ਪੱਖੋਂ ਪੰਜਾਬ ਦੀ ਉਸ ਲਈ ਕੋਈ ਖਾਸ ਅਹਿਮੀਅਤ ਨਹੀਂ।
ਅਕਾਲੀ ਦਲ ਦਾ ਸਿਆਸੀ ਸੰਕਟ : ਹੁਣ ਤੱਕ ਦਾ ਘਟਨਾਚੱਕਰ—
2 ਸਤੰਬਰ : ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਕੋਲੋਂ ਅਸਤੀਫਾ ਮੰਗਿਆ।
29 ਸਤੰਬਰ : ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਅਹੁਦਿਆਂ ਤੋਂ ਅਸਤੀਫਾ ਦਿੱਤਾ।
30 ਸਤੰਬਰ : ਟਕਸਾਲੀ ਅਕਾਲੀ ਆਗੂਆਂ ਦੀ ਪ੍ਰੈੱਸ ਕਾਨਫਰੰਸ ’ਚ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਦਾ ਵਿਰੋਧ।
7 ਅਕਤੂਬਰ : ਨਾਰਾਜ਼ ਟਕਸਾਲੀ ਆਗੂਆਂ ਨੇ ਪਟਿਆਲਾ ਦੀ ਰੈਲੀ ਤੋਂ ਬਣਾਈ ਦੂਰੀ।
18 ਅਕਤੂਬਰ : ਚਾਰੇ ਪਾਸਿਓਂ ਵਿਰੋਧ ਪਿੱਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਸਤੀਫਾ ਦਿੱਤਾ।
22 ਅਕਤੂਬਰ : ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ।
23 ਅਕਤੂਬਰ : ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸਭ ਅਹੁਦਿਆਂ ਤੋਂ ਅਸਤੀਫਾ ਦਿੱਤਾ।
27 ਅਕਤੂਬਰ : ਸੇਵਾ ਸਿੰਘ ਸੇਖਵਾਂ ਨੇ ਜਨਤਕ ਤੌਰ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ।
28 ਅਕਤੂਬਰ : ਸੁਖਬੀਰ ਵਲੋਂ ਅਸਤੀਫੇ ਦੀ ਪੇਸ਼ਕਸ਼।
29 ਅਕਤੂਬਰ : ਚੰਡੀਗੜ੍ਹ ਵਿਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ। ਪਾਰਟੀ ਨੇ ਸੁਖਬੀਰ ਦੀ ਪ੍ਰਧਾਨਗੀ ਵਿਚ ਭਰੋਸਾ ਪ੍ਰਗਟ ਕੀਤਾ।
3 ਨਵੰਬਰ : ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੇ ਸਭ ਅਹੁਦਿਆਂ ਤੋਂ ਅਸਤੀਫਾ ਦਿੱਤਾ।
3 ਨਵੰਬਰ : ਸੇਖਵਾਂ ਦੇ ਐਲਾਨ ਤੋਂ 2 ਘੰਟਿਆਂ ਬਾਅਦ ਹੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ।
ਆਮ ਆਦਮੀ ਪਾਰਟੀ ਦਾ ਸੰਕਟ : ਹੁਣ ਤੱਕ ਦਾ ਘਟਨਾਚੱਕਰ—
26 ਜੁਲਾਈ : ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਗਿਆ।
2 ਅਗਸਤ : ਖਹਿਰਾ ਗਰੁੱਪ ਨੇ ਬਠਿੰਡਾ ਵਿਚ ਵੱਖ ਕਨਵੈਨਸ਼ਨ ਕੀਤੀ।
25 ਸਤੰਬਰ : ਸੁਖਪਾਲ ਖਹਿਰਾ ਨੇ ਗੱਲਬਾਤ ਲਈ 5 ਮੈਂਬਰੀ ਕਮੇਟੀ ਬਣਾਈ।
3 ਅਕਤੂਬਰ : ਆਮ ਆਦਮੀ ਪਾਰਟੀ ਨੇ 22 ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ।
16 ਅਕਤੂਬਰ : ਆਮ ਆਦਮੀ ਪਾਰਟੀ ਨੇ ਸਰਬਜੀਤ ਮਾਣੂੰਕੇ ਦੀ ਅਗਵਾਈ ਵਿਚ 5 ਮੈਂਬਰੀ ਕਮੇਟੀ ਬਣਾਈ।
23 ਅਕਤੂਬਰ : ਦੋਵਾਂ ਧਿਰਾਂ ਦੀ 5 ਮੈਂਬਰੀ ਤਾਲਮੇਲ ਕਮੇਟੀ ਦੀ ਪਹਿਲੀ ਅਤੇ ਇਕੋ-ਇਕ ਮੀਟਿੰਗ ਹੋਈ।
23 ਅਕਤੂਬਰ : ਆਮ ਆਦਮੀ ਪਾਰਟੀ ਵਿਚ 14 ਮੈਂਬਰਾਂ ਦੇ ਨਵੇਂ ਢਾਂਚੇ ਦਾ ਐਲਾਨ।
24 ਅਕਤੂਬਰ : ਖਹਿਰਾ ਨੇ ਨਵੇਂ ਢਾਂਚੇ ਦੇ ਐਲਾਨ ਦਾ ਵਿਰੋਧ ਕੀਤਾ ਅਤੇ 1 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ।
26 ਅਕਤੂਬਰ : ਮਾਣੂੰਕੇ ਨੇ ਕੰਵਰ ਸੰਧੂ ਨੂੰ ਲਿਖੀ ਚਿੱਠੀ, ਖਹਿਰਾ ਗਰੁੱਪ ਨੂੰ ਪ੍ਰਧਾਨਗੀ ਮੰਗਣ ਦੇ ਲਾਏ ਦੋਸ਼।
29 ਅਕਤੂਬਰ : ਦੋਆਬਾ ਜ਼ੋਨ ਦੇ ਸਾਬਕਾ ਇੰਚਾਰਜ ਪਰਮਜੀਤ ਸਚਦੇਵਾ ਵਲੋਂ ਅਸਤੀਫਾ।
30 ਅਕਤੂਬਰ : ਪਾਰਟੀ ਨੇ ਇਕਪਾਸੜ ਢੰਗ ਨਾਲ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਕੀਤਾ ਐਲਾਨ।
1 ਨਵੰਬਰ : ਚੰਡੀਗੜ੍ਹ ਵਿਚ ਕੇਜਰੀਵਾਲ ਬੋਲੇ-ਖਹਿਰਾ ਕੋਈ ਮੁੱਦਾ ਨਹੀਂ।
3 ਨਵੰਬਰ : ਸੁਖਪਾਲ ਖਹਿਰਾ ਤੇ ਕੰਵਰ ਸੰਧੂ ਆਮ ਆਦਮੀ ਪਾਰਟੀ ਵਿਚੋਂ ਸਸਪੈਂਡ।
ਪੰਜਾਬ ਸਰਕਾਰ ਜਨਵਰੀ ਤੋਂ ਨੌਜਵਾਨਾਂ ਨੂੰ ਵੰਡੇਗੀ 70 ਕਰੋੜ ਦੇ 'ਤੋਹਫੇ'
NEXT STORY