ਚੰਡੀਗੜ੍ਹ, (ਸੰਦੀਪ)- ਚੋਰੀ ਦੀ ਐਕਟਿਵਾ 'ਤੇ ਇਕ ਤੋਂ ਬਾਅਦ ਇਕ 3 ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀਆਂ ਨੂੰ ਪਲਸੌਰਾ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਕੋਲੋਂ ਉਹ ਚੋਰੀ ਦੀ ਐਕਟਿਵਾ ਵੀ ਬਰਾਮਦ ਕਰ ਲਈ ਹੈ। ਦੋਸ਼ੀਆਂ ਦੀ ਪਛਾਣ ਸੈਕਟਰ-56 ਦੇ ਰਹਿਣ ਵਾਲੇ ਜਮੀਲ ਮੁਹੰਮਦ, ਲੱਕੀ ਤੇ ਕਮਲਪ੍ਰੀਤ ਵਜੋਂ ਹੋਈ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਜਿਹੜੀ ਐਕਟਿਵਾ 'ਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਉਹ ਵੀ ਉਨ੍ਹਾਂ ਨੇ ਸੈਕਟਰ-56 ਤੋਂ ਹੀ ਚੋਰੀ ਕੀਤੀ ਸੀ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪਲਸੌਰਾ ਚੌਕੀ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਪੁਲਸ ਟੀਮ ਨੇ 38/40 ਨੂੰ ਵੰਡਦੀ ਸੜਕ 'ਤੇ ਐਕਟਿਵਾ 'ਤੇ ਜਾਂਦੇ ਤਿੰਨ ਦੋਸ਼ੀਆਂ ਨੂੰ ਰੋਕਿਆ ਸੀ ਤੇ ਜਾਂਚ ਦੌਰਾਨ ਪਾਇਆ ਕਿ ਇਹ ਐਕਟਿਵਾ ਉਨ੍ਹਾਂ ਨੇ ਬੀਤੀ 29 ਦਸੰਬਰ ਨੂੰ ਸੈਕਟਰ-56 ਦੇ ਰਹਿਣ ਵਾਲੇ ਸੁਰੇਸ਼ ਚੰਦਰ ਦੇ ਘਰ ਦੇ ਬਾਹਰੋਂ ਚੋਰੀ ਕੀਤੀ ਸੀ। ਇਹ ਪਤਾ ਲੱਗਣ 'ਤੇ ਜਦੋਂ ਪੁਲਸ ਨੇ ਤਿੰਨਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਕਿ ਤਿੰਨਾਂ ਨੇ ਇਸ ਚੋਰੀ ਦੀ ਐਕਟਿਵਾ 'ਤੇ ਪਹਿਲਾਂ ਮੋਹਾਲੀ ਫੇਜ਼ 6 'ਚ ਮੋਬਾਇਲ ਝਪਟਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਸੈਕਟਰ 38 ਤੇ 40 'ਚ ਵੀ ਮੋਬਾਇਲ ਝਪਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਤਿੰਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਵੀਰਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਸਾਰਿਆਂ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਨੇ ਖਾਣ ਵਾਲੀਆਂ ਚੀਜ਼ਾਂ ਦੇ ਭਰੇ ਸੈਂਪਲ
NEXT STORY