ਲੁਧਿਆਣਾ (ਖੁਰਾਣਾ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਭਰ ’ਚ ਲਾਗੂ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ’ਚ ਡਰਾਈਵਰਾਂ ਵੱਲੋਂ ਧਰਨੇ ਪ੍ਰਦਰਸ਼ਨ ਵਜੋਂ ਛੇੜੇ ਸੰਘਰਸ਼ ਦਾ ਅਸਰ ਅਜੇ ਵੀ ਮਹਾਨਗਰ ਦੇ ਜ਼ਿਆਦਾਤਰ ਗੈਸ ਏਜੰਸੀਆਂ ’ਤੇ ਬੈਕਲਾਗ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਆਦਾਤਰ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਭਰਵਾਉਣ ਲਈ ਕਰੀਬ 10-10 ਦਿਨਾਂ ਦਾ ਵੱਡਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇੰਡੀਅਨ ਗੈਸ ਕੰਪਨੀ ਨਾਲ ਸਬੰਧਿਤ ਵੱਡੇ ਡੀਲਰਾਂ ਦੀ ਮੰਨੀਏ ਤਾਂ ਮਹਾਨਗਰ ’ਚ ਫਰਵਰੀ ਮਹੀਨੇ ਦੇ ਸ਼ੁਰੂ ਦੇ ਦਿਨਾਂ ਤੱਕ ਗੈਸ ਸਿਲੰਡਰਾਂ ਦੀ ਸਪਲਾਈ ਆਮ ਹੋਣ ਦੀ ਸੰਭਾਵਨਾ ਹੈ। ਇਸ ’ਚ ਖ਼ਪਤਕਾਰਾਂ ਵੱਲੋਂ ਬੁਕਿੰਗ ਕਰਵਾਉਣ ਤੋਂ ਤੁਰਤ ਬਾਅਦ ਉਨ੍ਹਾਂ ਨੂੰ ਸਿਲੰਡਰ ਦੀ ਸਪਲਾਈ ਦਿੱਤੀ ਜਾ ਸਕੇਗੀ ਪਰ ਹਾਲ ਦੀ ਘੜੀ ਜ਼ਿਆਦਾਤਰ ਏਜੰਸੀਆਂ ’ਤੇ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਚੱਲ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚੋਂ ਤਾਬੂਤ 'ਚ ਬੰਦ ਹੋ ਕੇ ਆਈ ਜਵਾਨ ਪੁੱਤ ਦੀ ਲਾਸ਼, ਪਲਾਂ 'ਚ ਟੁੱਟੇ ਮਾਪਿਆਂ ਦੇ ਵੱਡੇ ਸੁਫ਼ਨੇ
ਅਜਿਹੇ ’ਚ ਮਹਾਨਗਰ ਦੇ ਜ਼ਿਆਦਾਤਰ ਇਲਾਕਿਆਂ ’ਚ ਸਰਗਰਮ ਮਾਫ਼ੀਆ ਦੇ ਗੁਰਗਿਆਂ ਵੱਲੋਂ ਮੌਕੇ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹੋਏ ਘਰੇਲੂ ਗੈਸ ਦੀ ਕਾਲਾ ਬਾਜ਼ਾਰੀ ਪੂਰੇ ਧੜੱਲੇ ਨਾਲ ਕੀਤੀ ਜਾ ਰਹੀ ਹੈ। ਇਸ ’ਚ ਘਰੇਲੂ ਗੈਸ ਦੇ ਕਾਲਾ ਬਜ਼ਾਰੀਆਂ ਵੱਲੋਂ ਕਈ ਸ਼ੱਕੀ ਗੈਸ ਏਜੰਸੀਆਂ ਦੇ ਡਲਿਵਰੀ ਮੈਨਜ਼ ਨਾਲ ਸੈਟਿੰਗ ਕਰ ਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਘਰਾਂ ’ਚ ਛੋਟੇ ਗੈਸ ਸਿਲੰਡਰ ਭਰਨ ਦੇ ਨਾਂ ’ਤੇ ਉਕਤ ਪਰਿਵਾਰਾਂ ਦਾ ਜੰਮ ਕੇ ਖੂਨ ਨਿਚੋੜਿਆ ਜਾ ਰਿਹਾ ਹੈ। ਦੂਜੇ ਪਾਸੇ ਇਹ ਮਾਮਲਾ ਵੀ ਸਾਹਮਣੇ ਆ ਰਿਹਾ ਹੈ ਕਿ ਕਈ ਗੈਸ ਏਜੰਸੀਆਂ ਦੇ ਡਲਿਵਰੀ ਮੈਨ ਖ਼ਪਤਕਾਰਾਂ ਦੇ ਘਰਾਂ ’ਚ ਘਰੇਲੂ ਸਿਲੰਡਰਾਂ ਦੀ ਸਪਲਾਈ ਦੇਣ ਤੋਂ ਪਹਿਲਾਂ ਗੈਸ ਸਿਲੰਡਰਾਂ ਵਿਚੋਂ 2 ਤੋਂ 3 ਕਿਲੋ ਗੈਸ ਚੋਰੀ ਕਰ ਰਹੇ ਹਨ ਅਤੇ ਮਹਾਨਗਰ ਦੇ ਜ਼ਿਆਦਾਤਰ ਇਲਾਕਿਆਂ ’ਚ ਚੱਲ ਰਹੀਆਂ ਗੈਸ ਏਜੰਸੀਆਂ ਨੂੰ ਡਲਿਵਰੀ ਮੈਨਾਂ ਵੱਲੋਂ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਦਾ ਇਹ ਨੈੱਟਵਰਕ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ’ਤੇ ਚਲਾਇਆ ਜਾ ਰਿਹਾ ਹੈ, ਜੋ 9 ਗੈਸ ਸਿਲੰਡਰਾਂ ਨੂੰ 10 ਬਣਾ ਕੇ ਆਮ ਖ਼ਪਤਕਾਰਾਂ ਦਾ ਦੋਹਰਾ ਖੂਨ ਨਿਚੋੜਣ ਰਹੇ ਹਨ। ਦੂਜੇ ਪਾਸੇ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ 930 ਰੁਪਏ ਦੀ ਜਗ੍ਹਾ ਕਰੀਬ 1 ਹਜ਼ਾਰ ਰੁਪਏ ਅਦਾ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਕਾਨ ਬਣਾਉਣ ਲਈ ਮਨਜ਼ੂਰੀ ਲੈਣੀ ਹੋਈ ਸੌਖੀ, ਘਰ ਬੈਠੇ ਹੀ ਹੋਵੇਗਾ ਨਕਸ਼ਾ ਪਾਸ
ਜ਼ਿਆਦਾਤਰ ਖ਼ਪਤਕਾਰਾਂ ਨੇ ਜਾਣ-ਬੁੱਝ ਕੇ ਮਾਹੌਲ ਬਣਾਇਆ ਪੈਨਿਕ
ਅਵਤਾਰ ਗੈਸ ਫਲੇਮਜ਼ ਦੇ ਸੰਚਾਲਕ ਗੌਰਵ ਹਾਂਡਾ ਨੇ ਦੱਸਿਆ ਕਿ ਗੈਸ ਦੀ ਸਪਲਾਈ ਸਬੰਧੀ ਸਥਿਤੀ ਹੌਲੀ-ਹੌਲੀ ਆਮ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਜਨਵਰੀ ਦੇ ਅਖ਼ੀਰ ਜਾਂ ਫਰਵਰੀ ਦੇ ਸ਼ੁਰੂਆਤੀ ਦਿਨਾਂ ਤੱਕ ਪੂਰੇ ਸ਼ਹਿਰ ’ਚ ਖ਼ਪਤਕਾਰਾਂ ਨੂੰ ਪਹਿਲਾਂ ਵਾਂਗ ਗੈਸ ਬੁੱਕ ਕਰਵਾਉਣ ਤੋਂ ਚੰਦ ਘੰਟੇ ਬਾਅਦ ਹੀ ਸਿਲੰਡਰ ਦੀ ਸਪਲਾਈ ਮੁਹੱਈਆ ਕਰਵਾਈ ਜਾ ਸਕੇਗੀ। ਗੌਰਵ ਹਾਂਡਾ ਨੇ ਦਾਅਵਾ ਕੀਤਾ ਕਿ ਕਿਸੇ ਵੀ ਗੈਸ ਏਜੰਸੀ ਦੇ ਡਲਿਵਰੀ ਮੈਨ ਵੱਲੋਂ ਨਾ ਤਾਂ ਸਿਲੰਡਰ ਬਲੈਕ ਕੀਤੇ ਜਾ ਰਹੇ ਹਨ ਅਤੇ ਨਾ ਹੀ ਓਵਰ ਚਾਰਜਿੰਗ ਕੀਤੀ ਜਾ ਰਹੀ ਹੈ। ਅਸਲ ’ਚ ਕਿਸਾਨੀ ਸੰਘਰਸ਼ ਦੌਰਾਨ ਜ਼ਿਆਦਾਤਰ ਖ਼ਪਤਕਾਰਾਂ ਵੱਲੋਂ ਜਾਣ-ਬੁੱਝ ਕੇ ਸਥਿਤੀ ਨੂੰ ਪੈਨਿਕ ਬਣਾਇਆ ਗਿਆ ਸੀ ਤਾਂ ਕਿ ਹੜਤਾਲ ਹੋਣ ਦੀ ਸੂਰਤ ’ਚ ਉਨ੍ਹਾਂ ਦੇ ਘਰਾਂ ’ਚ ਇਕੱਠੇ ਗਈ ਗੈਸ ਸਿਲੰਡਰ ਭਰੇ ਹੋਏ ਪਏ ਰਹਿਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਮਕਾਨ ਬਣਾਉਣ ਲਈ ਮਨਜ਼ੂਰੀ ਲੈਣੀ ਹੋਈ ਸੌਖੀ, ਘਰ ਬੈਠੇ ਹੀ ਹੋਵੇਗਾ ਨਕਸ਼ਾ ਪਾਸ
NEXT STORY