ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ) - ਕੋਰੋਨਾ ਵਾਇਰਸ ਨੂੰ ਲੈ ਕੇ ਇਕ ਪਾਸੇ ਪੂਰੀ ਦੁਨੀਆ ਵਿੱਚ ਖੌਫ ਛਾਇਆ ਹੋਇਆ ਹੈ ਤੇ ਸਾਰੇ ਵਿਅਕਤੀ ਇਸ ਦੇ ਡਰ ਕਾਰਨ ਸਹਿਮ ਕੇ ਘਰਾਂ ਵਿਚ ਵੜੇ ਹੋਏ ਹਨ ਤੇ ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ ਤੇ ਐਡਵਾਈਜ਼ਰੀ ਜਾਰੀ ਕਰਕੇ ਵੀਹ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮੈਰਿਜ ਪੈਲੇਸਾਂ, ਰੈਸਟੋਰੈਂਟਾਂ, ਹੋਟਲਾਂ ਤੇ ਹੋਰ ਕਈ ਅਦਾਰਿਆਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਕੁਝ ਲੋਕ ਸਰਕਾਰ ਦੀ ਐਡਵਾਇਜ਼ਰੀ ਨੂੰ ਅਣਗੌਲਿਆਂ ਕਰਦੇ ਹੋਏ ਮੈਰਿਜ ਪੈਲੇਸਾਂ ਵਿੱਚ ਸਮਾਗਮ ਕਰ ਰਹੇ ਹਨ।
ਅਜਿਹਾ ਹੀ ਇਕ ਮਾਮਲਾ ਜ਼ਿਲਾ ਬਰਨਾਲਾ ਦੇ ਨੇੜਲੇ ਪਿੰਡ ਰੁੜ੍ਹੇਕੇ ਕਲਾਂ ਵਿੱਚ ਸਾਹਮਣੇ ਆਇਆ ਜਿੱਥੇ ਕਿ ਤਾਜ ਰਿਜ਼ੋਰਟ ਮੈਰਿਜ ਪੈਲਿਸ ’ਚ ਅੱਜ ਇੱਕ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਜਿਸ ’ਤੇ ਸਖ਼ਤ ਕਾਰਵਾਈ ਕਰਦਿਆਂ ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਸ ਨੇ ਮੈਰਿਜ ਪੈਲੇਸ ਦੇ ਮਾਲਕ ਯਾਦਵਿੰਦਰ ਸਿੰਘ ਵਿਰੁੱਧ ਦਫਾ 188 ਤੇ 336 ਹੇਠ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੀ ਕਿਸੇ ਨੂੰ ਵੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਨੇ ਸਾਰੇ ਹੋਟਲਾਂ, ਰੈਸਟੋਰੈਂਟਾਂ ਦੇ ਮਾਲਕਾਂ ਨੂੰ ਕਿਹਾ ਕਿ ਕਿਤੇ ਵੀ 20 ਵਿਅਕਤੀਆਂ ਤੋਂ ਵੱਧ ਦੀ ਭੀੜ ਇਕੱਠੀ ਨਾ ਹੋਵੇ ਜੇ ਕੋਈ ਅਜਿਹਾ ਕਰਦਾ ਪਾਇਆ ਪਾਇਆ ਗਿਆ ਤਾਂ ਉਹ ਸੂਰਤ ਵਿਚ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਏਗੀ। ਗੋਇਲ ਨੇ ਕਿਹਾ ਕਿ ਉਹ ਖ਼ੁਦ ਬਾਜ਼ਾਰਾਂ ਵਿੱਚ ਘੁੰਮ ਕੇ ਸਥਿਤੀ ਦਾ ਜਾਇਜ਼ਾ ਲੈਣਗੇ ਤੇ ਵੇਖਣਗੇ ਕਿ ਕਿਸੇ ਪਾਸੇ ਲੋਕ ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਦੀ ਉਲੰਘਣਾ ਤਾਂ ਨਹੀਂ ਕਰ ਰਹੇ।
ਕੋਰੋਨਾਵਾਇਰਸ ਦਾ ਇੰਝ ਮੁਕਾਬਲਾ ਕਰਨਗੇ ਮੋਗਾ-ਬਰਨਾਲਾ ਦੇ ਲੋਕ
NEXT STORY