ਜਲੰਧਰ (ਰਵਿੰਦਰ ਸ਼ਰਮਾ)— ਸੂਬੇ 'ਚ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਮਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਕਮੇਟੀਆਂ ਦਾ ਗਠਨ ਕੀਤਾ ਪਰ ਉਮੀਦ ਦੇ ਉਲਟ ਇਸ ਵਾਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਨ੍ਹਾਂ ਨਿਗਮ ਕਮੇਟੀਆਂ ਵਿਚ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਪਾਰਟੀ ਜਾਣਕਾਰ ਦੱਸਦੇ ਹਨ ਕਿ ਕਿਉਂਕਿ ਰੇਤ ਖੱਡਾਂ ਦੀ ਨਿਲਾਮੀ ਵਿਚ ਰਾਣਾ ਗੁਰਜੀਤ ਸਿੰਘ ਦਾ ਨਾਂ ਆਉਣ ਤੋਂ ਬਾਅਦ ਪਾਰਟੀ ਦੀ ਖਾਸੀ ਕਿਰਕਿਰੀ ਹੋਈ ਸੀ ਤਾਂ ਨਿਗਮ ਚੋਣਾਂ ਵਿਚ ਰਾਣਾ ਗੁਰਜੀਤ ਸਿੰਘ ਨੂੰ ਅੱਗੇ ਕਰਕੇ ਕਾਂਗਰਸ ਵਿਰੋਧੀ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਦੇਣਾ ਚਾਹੁੰਦੀ ਹੈ। ਇਸ ਲਈ ਰਾਣਾ ਗੁਰਜੀਤ ਸਿੰਘ ਨੂੰ ਪੂਰੀ ਤਰ੍ਹਾਂ ਨਾਲ ਇਨ੍ਹਾਂ ਕਮੇਟੀਆਂ ਤੋਂ ਆਉੂਟ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੋਆਬਾ ਦੀ ਗੱਲ ਕਰੀਏ ਤਾਂ ਇਥੋਂ ਸਿਰਫ ਰਾਣਾ ਗੁਰਜੀਤ ਨੂੰ ਹੀ ਕੈਪਟਨ ਮੰਤਰੀ ਦਾ ਅਹੁਦਾ ਮਿਲਿਆ ਹੈ। ਰਾਣਾ ਗੁਰਜੀਤ ਸਿੰਘ ਨੂੰ ਦੋਆਬਾ ਲਾਬੀ ਵਿਚ ਕਾਫੀ ਮਜ਼ਬੂਤ ਨੇਤਾ ਵੀ ਮੰਨਿਆ ਜਾਂਦਾ ਹੈ। ਸਰਕਾਰ ਬਣਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਦੋਆਬਾ ਵਿਚ ਆਪਣੀ ਪਕੜ ਮਜ਼ਬੂਤ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ ਸੀ। ਖੱਡਾਂ ਦੀ ਨਿਲਾਮੀ ਵਿਚ ਉਨ੍ਹਾਂ ਦਾ ਨਾਂ ਆਉਣ ਤੋਂ ਬਾਅਦ ਕਾਫੀ ਹੰਗਾਮਾ ਮਚਿਆ ਸੀ ਅਤੇ ਸਰਕਾਰ ਨੂੰ ਇਸ ਮਾਮਲੇ ਵਿਚ ਜਾਂਚ ਵੀ ਬਿਠਾਉਣੀ ਪਈ ਸੀ। ਹਾਲਾਂਕਿ ਸਰਕਾਰ ਜਾਂਚ ਵਿਚ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇ ਚੁੱਕੀ ਹੈ, ਪਰ ਅੰਦਰ ਹੀ ਅੰਦਰ ਇਸ ਨਿਲਾਮੀ ਦੀ ਅੱਗ ਹਾਲੇ ਵੀ ਸੁਲਗ ਰਹੀ ਹੈ। ਇਸ ਰੇਤ ਕਾਂਡ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦਾ ਦਬਦਬਾ ਜ਼ਰੂਰ ਕੁਝ ਘੱਟ ਹੋਇਆ ਹੈ। ਦੋਆਬਾ ਦੇ ਕਾਂਗਰਸੀ ਨੇਤਾਵਾਂ ਨੂੰ ਉਮੀਦ ਸੀ ਕਿ ਜਲੰਧਰ ਨਗਰ ਨਿਗਮ ਚੋਣਾਂ ਲਈ ਬਣਨ ਵਾਲੀ ਕਮੇਟੀ ਵਿਚ ਪਾਰਟੀ ਕਮਾਨ ਰਾਣਾ ਗੁਰਜੀਤ ਸਿੰਘ ਦੇ ਹੱਥ ਵਿਚ ਦੇਵੇਗੀ ਪਰ ਅਜਿਹਾ ਨਹੀਂ ਹੋਇਆ ਅਤੇ ਇਸ ਨਾਲ ਰਾਣਾ ਗੁਰਜੀਤ ਸਿੰਘ ਦੀ ਦੋਆਬਾ ਵਿਚ ਜਿੱਥੇ ਪਕੜ ਕਮਜ਼ੋਰ ਹੋਵੇਗੀ, ਉਥੇ ਪਾਰਟੀ ਦੇ ਅੰਦਰ ਵੀ ਰੁਤਬਾ ਘੱਟ ਹੋਵੇਗਾ। ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਿਗਮ ਚੋਣਾਂ ਦੇ ਮੱਦੇਨਜ਼ਰ ਬਣਾਈ ਕਮੇਟੀ ਵਿਚ ਜਲੰਧਰ ਨਗਰ ਨਿਗਮ ਦੀ ਕਮਾਨ ਕੈਬਨਿਟ ਮੰਤਰੀ ਅਰੁਣਾ ਚੌਧਰੀ , ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਸੌਂਪੀ ਹੈ। ਅਜਿਹੇ ਵਿਚ ਇਨ੍ਹਾਂ ਨੇਤਾਵਾਂ ਦੇ ਹੱਥ ਵਿਚ ਟਿਕਟ ਬਟਵਾਰੇ ਦੀ ਵਾਗਡੋਰ ਰਹੇਗੀ। ਕਈ ਨੇਤਾ ਵਾਰਡ ਤੋਂ ਟਿਕਟ ਲਈ ਲੰਬੇ ਸਮੇਂ ਤੋਂ ਰਾਣਾ ਗੁਰਜੀਤ ਸਿੰਘ ਦੇ ਦਰਬਾਰ ਵਿਚ ਹਾਜ਼ਰੀ ਲਗਾ ਰਹੇ ਸਨ, ਉਨ੍ਹਾਂ ਦੀਆਂ ਉਮੀਦਾਂ ਨੂੰ ਵੀ ਇਸ ਕਮੇਟੀ ਤੋਂ ਖਾਸਾ ਝਟਕਾ ਲੱਗਾ ਹੈ। ਇਲਾਕਾ ਵਿਧਾਇਕਾਂ ਦੇ ਰਵੱਈਏ ਤੋਂ ਨਾਰਾਜ਼ ਕੁਝ ਨੇਤਾ ਵੀ ਲਗਾਤਾਰ ਰਾਣਾ ਗੁਰਜੀਤ ਸਿੰਘ ਦਾ ਦਰਵਾਜ਼ਾ ਖੜਕਾ ਰਹੇ ਸਨ, ਉਨ੍ਹਾਂ ਦੀਆਂ ਉਮੀਦਾਂ ਵੀ ਇਸ ਕਮੇਟੀ ਦੇ ਗਠਨ ਨਾਲ ਟੁੱਟੀਆਂ ਹਨ।
ਸਕ੍ਰੀਨਿੰਗ ਕਮੇਟੀ ਫਾਈਨਲ ਕਰੇਗੀ ਨਾਂ : ਜਾਖੜ
ਜਗ ਬਾਣੀ ਨਾਲ ਗੱਲ ਕਰਦੇ ਹੋਏ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੂੰ ਨਿਗਮ ਕਮੇਟੀਆਂ ਵਿਚ ਨਾ ਲੈਣ ਦੇ ਪਿੱਛੇ ਰੇਤ ਖੱਡਾਂ ਦੀ ਨੀਲਾਮੀ ਦਾ ਕੋਈ ਕਾਰਨ ਨਹੀਂ ਹੈ। ਬਣਾਈਆਂ ਗਈਆਂ ਕਮੇਟੀਆਂ ਹਰੇਕ ਵਾਰਡ ਤੋਂ ਟਿਕਟ ਦਾਅਵੇਦਾਰਾਂ ਦੇ ਨਾਂ ਫਾਈਨਲ ਕਰ ਕੇ ਭੇਜਣਗੀਆਂ ਅਤੇ ਸਕ੍ਰੀਨਿੰਗ ਕਮੇਟੀ ਅੱਗੇ ਇਨ੍ਹਾਂ ਨਾਵਾਂ 'ਤੇ ਮੋਹਰ ਲਗਾਏਗੀ।
ਅਕਾਲੀ ਲਗਾ ਰਹੇ ਕਾਂਗਰਸੀਆਂ 'ਤੇ ਝੂਠੇ ਦੋਸ਼ : ਬਰਾੜ
NEXT STORY