ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਸ਼ਨੀਵਾਰ ਲਗਭਗ 6 ਮਹੀਨਿਆਂ ਬਾਅਦ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ, ਜਿਸ ਦੌਰਾਨ ਅੱਧੇ ਤੋਂ ਘੱਟ ਕੌਂਸਲਰ ਮੌਜੂਦ ਰਹੇ। ਮੀਟਿੰਗ ਦੌਰਾਨ ਬੰਦ ਸੀਵਰੇਜ, ਟੁੱਟੀਆਂ ਸੜਕਾਂ, ਸਾਫ਼-ਸਫ਼ਾਈ ਦੀ ਬੁਰੀ ਹਾਲਤ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਕੌਂਸਲਰ ਖੂਬ ਭੜਕੇ ਅਤੇ ਉਨ੍ਹਾਂ 5 ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਆਪਣੀ-ਆਪਣੀ ਭੜਾਸ ਕੱਢੀ ਅਤੇ ਸ਼ਹਿਰ ਦੀ ਬੁਰੀ ਹਾਲਤ ਲਈ ਅਫਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮੀਟਿਗ ਦੌਰਾਨ ਨਿਗਮ ਦੇ ਨਵੇਂ ਕਮਿਸ਼ਨਰ ਅਭਿਜੀਤ ਕਪਲਿਸ਼ ਪਹਿਲੀ ਵਾਰ ਹਾਊਸ ਵਿਚ ਮੌਜੂਦ ਰਹੇ, ਜਿਸ ਕਾਰਨ ਸਾਰੇ ਕੌਂਸਲਰਾਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ ਗਈ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਸਾਰੇ ਸਹਿਯੋਗੀਆਂ, ਕੌਂਸਲਰਾਂ, ਨਿਗਮ ਅਧਿਕਾਰੀਆਂ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਈਮਾਨਦਾਰ ਅਤੇ ਤਨਦੇਹੀ ਨਾਲ ਸ਼ਹਿਰ ਦੀ ਸੇਵਾ ਕਰਨ ਦੌਰਾਨ ਉਨ੍ਹਾਂ ਨੂੰ ਹਰੇਕ ਦਾ ਸਹਿਯੋਗ ਮਿਲਿਆ।
ਵਾਰ-ਵਾਰ ਹਾਊਸ ਵਿਚ ਉਠਾਏ ਗਏ ‘ਪੰਜਾਬ ਕੇਸਰੀ’ ਵੱਲੋਂ ਪ੍ਰਕਾਸ਼ਿਤ ਮੁੱਦੇ
ਪਿਛਲੇ ਸਾਲਾਂ ਦੌਰਾਨ ‘ਪੰਜਾਬ ਕੇਸਰੀ’ ਵਿਚ ਨਿਗਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਮੁੱਦੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਏ, ਜਿਨ੍ਹਾਂ ਨੂੰ ਵੱਖ-ਵੱਖ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਉਠਾਇਆ ਗਿਆ। ‘ਆਪ’ ਵਿਚ ਸ਼ਾਮਲ ਹੋਈਆਂ ਕੌਂਸਲਰ ਸ਼ਵੇਤਾ ਧੀਰ ਅਤੇ ਚੰਦਰਜੀਤ ਕੌਰ ਸੰਧਾ ਨੇ ਹਾਊਸ ਵਿਚ ‘ਜਲੰਧਰ ਕੇਸਰੀ’ ਦੀ ਉਸ ਕਾਪੀ ਨੂੰ ਲਹਿਰਾਇਆ, ਜਿਸ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਮਹਿਕਮੇ ਨੂੰ ਸਭ ਤੋਂ ਨਿਕੰਮਾ ਅਤੇ ਨਾਲਾਇਕ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਵੀ ਆਪਣੇ ਸੰਬੋਧਨ ਵਿਚ ‘ਪੰਜਾਬ ਕੇਸਰੀ’ ਵਿਚ ਛਪੀਆਂ ਖਬਰਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੌਂਸਲਰ ਹਾਊਸ ਸਿਰਫ਼ ਖਾਨਾਪੂਰਤੀ ਨਾ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਏਗਾ। ਅਜਿਹੀ ਉਨ੍ਹਾਂ ਨੂੰ ਪੂਰੀ ਆਸ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ
ਨਵੇਂ ਕਮਿਸ਼ਨਰ ਦੇ ਵਿਜ਼ਨ ਦੇ ਸਾਰੇ ਕੌਂਸਲਰ ਹੋਏ ਕਾਇਲ
ਨਿਗਮ ਦੇ 2 ਸਾਬਕਾ ਕਮਿਸ਼ਨਰਾਂ ਦਵਿੰਦਰ ਸਿੰਘ ਅਤੇ ਦੀਪਸ਼ਿਖਾ ਸ਼ਰਮਾ ਨੇ ਕੌਂਸਲਰ ਹਾਊਸ ਦਾ ਸਾਹਮਣਾ ਨਹੀਂ ਕੀਤਾ ਅਤੇ ਨਾ ਹੀ ਕੌਂਸਲਰ ਉਨ੍ਹਾਂ ਤੋਂ ਸੰਤੁਸ਼ਟ ਰਹੇ। ਉਨ੍ਹਾਂ ਤੋਂ ਪਹਿਲਾਂ ਕਮਿਸ਼ਨਰ ਰਹੇ ਕਰਣੇਸ਼ ਸ਼ਰਮਾ ਦੇ ਕਾਰਜਕਾਲ ਦੌਰਾਨ ਵੀ ਵਧੇਰੇ ਕੌਂਸਲਰ ਸਾਈਡਲਾਈਨ ਹੀ ਰਹੇ। ਹੁਣ ਨਵੇਂ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਜਿਉਂ ਹੀ ਸਾਰੇ ਕੌਂਸਲਰਾਂ ਸਾਹਮਣੇ ਆਪਣਾ ਵਿਜ਼ਨ ਰੱਖਿਆ ਤੇ ਸਿੰਗਲ ਵਿੰਡੋ ਸਿਸਟਮ ਅਤੇ ਜੀ. ਆਈ. ਐੱਸ. ਸੈੱਲ ਦੇ ਇਲਾਵਾ ਲਗਭਗ 1500 ਕਰਮਚਾਰੀਆਂ ਦੀ ਸੋਸਾਇਟੀ ਜ਼ਰੀਏ ਭਰਤੀ ਬਾਰੇ ਦੱਸਿਆ ਤਾਂ ਸਾਰੇ ਕੌਂਸਲਰਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕਈ ਕੌਂਸਲਰਾਂ ਨੇ ਆਪਣੇ ਸੰਬੋਧਨ ਵਿਚ ਵੀ ਕਮਿਸ਼ਨਰ ਨੂੰ ਦੂਰਦਰਸ਼ੀ ਅਤੇ ਸੂਝਵਾਨ ਦੱਸਿਆ।
5 ਸਾਲਾਂ ਵਿਚ ਕੌਂਸਲਰਾਂ ਦੀ ਇੱਜ਼ਤ ਮਿੱਟੀ ਵਿਚ ਰੋਲ ਕੇ ਰੱਖ ਦਿੱਤੀ, ਕੌਂਸਲਰ ਜੱਸਲ ਨੇ ਮੇਅਰ ਨੂੰ ਖੂਬ ਰਗੜੇ ਲਾਏ
ਕਾਂਗਰਸੀ ਕੌਂਸਲਰ ਦੇਸ ਰਾਜ ਜੱਸਲ ਨੇ ਅੱਜ ਆਪਣੇ ਸੁਭਾਅ ਦੇ ਅਨੁਸਾਰ ਫਿਰ ਮੇਅਰ ਜਗਦੀਸ਼ ਰਾਜਾ ਨੂੰ ਹਾਊਸ ਦੀ ਮੀਟਿੰਗ ਵਿਚ ਖੂਬ ਕੋਸਿਆ। ਜ਼ੀਰੋ ਆਵਰ ’ਚ ਚਰਚਾ ਕਰਦੇ ਹੀ ਉਨ੍ਹਾਂ ਕਿਹਾ ਕਿ ਸ਼੍ਰੀ ਰਾਜਾ ਨੇ 5 ਸਾਲ ਖ਼ੁਦ ਨੂੰ ਮੇਅਰ ਸਮਝਿਆ ਹੀ ਨਹੀਂ, ਵਿਰੋਧੀ ਆਗੂ ਹੀ ਸਮਝਦੇ ਰਹੇ। ਇਸ ਦੌਰਾਨ ਕੌਂਸਲਰਾਂ ਦੀ ਇੱਜ਼ਤ ਮਿੱਟੀ ਵਿਚ ਰੋਲ ਕੇ ਰੱਖ ਦਿੱਤੀ ਗਈ ਅਤੇ ਅੱਜ ਉਹ ਆਪਣੇ ਘਰਾਂ ਵਿਚ ਹੀ ਰਹਿਣ ਨੂੰ ਮਜਬੂਰ ਹਨ। ਮੇਅਰ ਨੇ ਇਕ ਕਦਮ ਅੱਗੇ ਵਧਾਇਆ ਤਾਂ 5 ਕਦਮ ਪਿੱਛੇ ਖਿੱਚ ਲਏ। ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ਼ਤਿਹਾਰ ਸਕੈਂਡਲ, ਐੱਲ. ਈ. ਡੀ. ਸਕੈਂਡਲ ਅਤੇ ਸਟਰੀਟ ਲਾਈਟ ਸਕੈਂਡਲ, ਪੈਚਵਰਕ ਸਕੈਂਡਲ ਦਾ ਵੀ ਕੁਝ ਨਹੀਂ ਬਣਿਆ, ਸਿਰਫ਼ ਟਾਈਮ ਖਰਾਬ ਹੋਇਆ। ਇਸ ਲਈ ਬਤੌਰ ਮੇਅਰ ਜਗਦੀਸ਼ ਰਾਜਾ ਦੀ ਕਾਰਗੁਜ਼ਾਰੀ ਜ਼ੀਰੋ ਰਹੀ। ਖਾਸ ਗੱਲ ਇਹ ਰਹੀ ਕਿ ਜੱਸਲ ਵੱਲੋਂ ਕੀਤੀ ਗਈ ਆਲੋਚਨਾ ਦਾ ਜਵਾਬ ਨਾ ਤਾਂ ਮੇਅਰ ਨੇ ਦਿੱਤਾ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਸਾਥੀ ਕੌਂਸਲਰ ਨੇ ਹੀ ਉਨ੍ਹਾਂ ਨੂੰ ਟੋਕਿਆ।
ਗਾਂਧੀ ਕੈਂਪ ਦੀ ਬੁਰੀ ਹਾਲਤ ਨੂੰ ਲੈ ਕੇ ਭੜਕ ਉੱਠੀ ਸਰਫੋ ਦੇਵੀ
ਕੌਂਸਲਰ ਹਾਊਸ ਦੀਆਂ ਅੱਜ ਤੱਕ ਹੋਈਆਂ ਮੀਟਿੰਗਾਂ ਵਿਚ ਕਬੀਰ ਨਗਰ ਇਲਾਕੇ ਦੀ ਕਾਂਗਰਸੀ ਕੌਂਸਲਰ ਸਰਫੋ ਦੇਵੀ ਕਦੀ ਕੁਝ ਨਹੀਂ ਬੋਲੀ ਪਰ ਅੱਜ ਆਪਣੇ ਵਾਰਡ ਅਧੀਨ ਗਾਂਧੀ ਕੈਂਪ ਦੀ ਬੁਰੀ ਹਾਲਤ ਨੂੰ ਲੈ ਕੇ ਉਹ ਭੜਕ ਉੱਠੀ। ਉਨ੍ਹਾਂ ਕਿਹਾ ਕਿ ਪੂਰਾ ਇਲਾਕਾ ਨਰਕ ਬਣ ਚੁੱਕਾ ਹੈ। ਕੌਂਸਲਰ ਕੀ ਮੂੰਹ ਲੈ ਕੇ ਲੋਕਾਂ ਦਾ ਸਾਹਮਣਾ ਕਰਨ। ਉਨ੍ਹਾਂ ਇਥੋਂ ਤਕ ਕਿਹਾ ਕਿ ਉਨ੍ਹਾਂ ਦੇ ਪਤੀ ਕਾਮਰੇਡ ਰਾਜ ਕੁਮਾਰ ਟਕਸਾਲੀ ਕਾਂਗਰਸੀ ਹਨ ਅਤੇ ਪਿਛਲੇ 5 ਸਾਲਾਂ ਤੋਂ ਬੀਮਾਰ ਹਨ ਪਰ ਅੱਜ ਤੱਕ ਪਾਰਟੀ ਦੇ ਕਿਸੇ ਆਗੂ ਨੇ ਉਨ੍ਹਾਂ ਦਾ ਹਾਲ-ਚਾਲ ਤੱਕ ਨਹੀਂ ਪੁੱਛਿਆ।
ਭਾਜਪਾ ਨੇ ਵੀ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਜ਼ੀਰੋ ਦੱਸਿਆ
ਭਾਜਪਾ ਕੌਂਸਲਰ ਸੁਸ਼ੀਲ ਸ਼ਰਮਾ, ਬਲਜੀਤ ਪ੍ਰਿੰਸ ਅਤੇ ਸ਼ੈਲੀ ਖੰਨਾ ਨੇ ਅੱਜ ਮੀਟਿੰਗ ਦੌਰਾਨ ਕਾਂਗਰਸ ਸਰਕਾਰ ਦੇ ਕਾਰਜਕਾਲ ਦੀ ਖੂਬ ਆਲੋਚਨਾ ਕੀਤੀ। ਸੁਸ਼ੀਲ ਸ਼ਰਮਾ ਨੇ ਕਿਹਾ ਕਿ 5 ਸਾਲ ਭਾਜਪਾ ਕੌਂਸਲਰਾਂ ਦੇ ਵਾਰਡਾਂ ਨਾਲ ਭੇਦਭਾਵ ਕੀਤਾ ਗਿਆ, ਇਸ ਦੌਰਾਨ ਨਿਗਮ ਸਮਾਰਟ ਸਿਟੀ, ਸਵੱਛ ਭਾਰਤ ਅਤੇ ਹੋਰ ਸਕੀਮਾਂ ਦੇ ਪੈਸੇ ਹੀ ਖਰਚ ਨਹੀਂ ਕਰ ਸਕਿਆ। ਸਫਾਈ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਸੀਵਰੇਜ ਕਾਰਨ ਅੱਜ ਹਰ ਪਾਸੇ ਨਰਕ ਵਰਗੇ ਹਾਲਾਤ ਹਨ। ਇਸ ਕਾਰਜਕਾਲ ਵਿਚ ਕਾਂਗਰਸੀਆਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ, ਇਸ ਲਈ ਕਿਸੇ ਦਾ ਵੀ ਨਿਗਮ ਵਿਚ ਆਉਣ ਨੂੰ ਦਿਲ ਨਹੀਂ ਕਰਦਾ। ਅੱਜ ਲੋਕਾਂ ਦਾ ਵੀ ਨਿਗਮ ਤੋਂ ਭਰੋਸਾ ਉੱਠ ਚੁੱਕਾ ਹੈ। 60 ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਵੀ ਅੱਜ ਅੱਧਾ ਸ਼ਹਿਰ ਹਨੇਰੇ ਵਿਚ ਹੈ। ਲਤੀਫਪੁਰਾ ਨੂੰ ਉਜਾੜ ਿਦੱਤਾ ਗਿਆ ਪਰ ਨਿਗਮ ਦਾ ਕੋਈ ਅਧਿਕਾਰੀ ਉਥੇ ਨਹੀਂ ਗਿਆ। ਅੱਜ ਤੱਕ ਕਾਂਗਰਸੀ ਸਾਰੇ ਵਾਰਡਾਂ ਵਿਚ ਬਰਾਬਰ-ਬਰਾਬਰ ਸਫਾਈ ਸੇਵਕ ਤੱਕ ਨਹੀਂ ਵੰਡ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਆਮ ਆਦਮੀ ਪਾਰਟੀ ਦਾ ਨਾਂ ਆਉਣ ’ਤੇ ਭੜਕੇ ਕੌਂਸਲਰ
ਹਾਊਸ ਦੀ ਮੀਟਿੰਗ ਦੌਰਾਨ ਕੌਂਸਲਰ ਨਿੰਮਾ ਤੋਂ ਇਲਾਵਾ ਕੌਂਸਲਰ ਪ੍ਰਭਦਿਆਲ ਭਗਤ ਨੇ ਆਮ ਆਦਮੀ ਪਾਰਟੀ ਦੇ 10 ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਜਦੋਂ ਫੇਲ ਦੱਸਿਆ ਤਾਂ ‘ਆਪ’ ਵਿਚ ਸ਼ਾਮਲ ਹੋਏ ਕੌਂਸਲਰ ਮਿੰਟੂ ਜੁਨੇਜਾ ਭੜਕ ਉੱਠੇ ਅਤੇ ਉਨ੍ਹਾਂ ਪ੍ਰਭਦਿਆਲ ਭਗਤ ਨਾਲ ਖੂਬ ਬਹਿਸ ਕੀਤੀ। ਪ੍ਰਭਦਿਆਲ ਦਾ ਕਹਿਣਾ ਸੀ ਕਿ ਨਿਗਮ ਦੇ ਹਾਲਾਤ 4 ਸਾਲ ਠੀਕ ਰਹੇ ਪਰ ਜਦੋਂ ਤੋਂ ਨਵੀਂ ਸਰਕਾਰ ਆਈ ਹੈ, ਸ਼ਹਿਰ ਦਾ ਸਾਰਾ ਵਿਕਾਸ ਰੁਕ ਗਿਆ ਹੈ।
ਸਮਾਰਟ ਸਿਟੀ ’ਚ ਰਹੇ ਪੁਰਾਣੇ ਅਫ਼ਸਰਾਂ ਦੀ ਹੋਵੇਗੀ ਜਵਾਬਤਲਬੀ
ਮੀਟਿੰਗ ਦੇ ਏਜੰਡੇ ਵਿਚ ਭਾਵੇਂ ਸਮਾਰਟ ਸਿਟੀ ਨਾਲ ਜੁੜਿਆ ਕੋਈ ਪ੍ਰਾਜੈਕਟ ਸ਼ਾਮਲ ਨਹੀਂ ਸੀ ਪਰ ਕਈ ਵਾਰ ਮੁੱਦਾ ਉੱਠਿਆ ਕਿ ਸਮਾਰਟ ਸਿਟੀ ਦੇ ਘਟੀਆ ਕੰਮਾਂ ਕਾਰਨ ਸ਼ਹਿਰ ਦੀ ਬੁਰੀ ਹਾਲਤ ਹੋਈ ਹੈ। ਸਮਾਰਟ ਸਿਟੀ ਦੇ ਐੱਲ. ਈ. ਡੀ. ਸਟਰੀਟਲਾਈਟ ਪ੍ਰਾਜੈਕਟ ਦੀ ਸਾਰਿਆਂ ਨੇ ਆਲੋਚਨਾ ਕੀਤੀ, ਜਿਸ ਕਾਰਨ ਕਮਿਸ਼ਨਰ ਨੇ ਵੀ ਮੰਨਿਆ ਕਿ ਕੰਪਨੀ ਨੇ ਸਮਾਰਟ ਸਿਟੀ ਦਾ ਕੰਮ ਬਹੁਤ ਦੇਸੀ ਢੰਗ ਨਾਲ ਕੀਤਾ। ਅਫ਼ਸਰਾਂ ਨੇ ਵੀ ਕੰਮ ’ਤੇ ਨਿਗਰਾਨੀ ਨਹੀਂ ਰੱਖੀ, ਜਿਸ ਕਾਰਨ ਪਤਾ ਹੀ ਨਹੀਂ ਚੱਲ ਪਾ ਰਿਹਾ ਕਿ ਕਿਹੜੀ ਲਾਈਟ ਇਸ ਕੰਪਨੀ ਨੇ ਲਾਈ ਹੈ ਅਤੇ ਕਿਹੜੀ ਪੁਰਾਣੀ ਕੰਪਨੀ ਨੇ। ਇਸ ਤੋਂ ਇਲਾਵਾ ਸ਼ਹਿਰ ਵਿਚ ਸੰਸਦ ਮੈਂਬਰ, ਵਿਧਾਇਕ ਅਤੇ ਨਿਗਮ ਕੋਟੇ ਤੋਂ ਵੀ ਲਾਈਟਾਂ ਲੱਗੀਆਂ ਹੋਈਆਂ ਹਨ। ਚਰਚਾ ਦੌਰਾਨ ਸਾਹਮਣੇ ਆਇਆ ਕਿ ਸਮਾਰਟ ਸਿਟੀ ਦਾ ਕੰਮ ਕਰਵਾਉਣ ਵਾਲੇ ਅਧਿਕਾਰੀਆਂ ਨੇ ਖੂਬ ਲਾਪ੍ਰਵਾਹੀ ਅਤੇ ਨਾਲਾਇਕੀ ਵਰਤੀ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਮਾਰਟ ਸਿਟੀ ਵਿਚ ਰਹੇ ਪੁਰਾਣੇ ਅਧਿਕਾਰੀਆਂ ਦੀ ਜਵਾਬਤਲਬੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਣਾ ਕੇ CM ਮਾਨ ਨੇ ਸਿਹਤ ਤੇ ਐਜੂਕੇਸ਼ਨ ਦੇ ਏਜੰਡੇ ’ਤੇ ਸਰਕਾਰ ਦੇ ਫੋਕਸ ਦਾ ਦਿੱਤਾ ਸੰਦੇਸ਼
ਕਈ ਕੌਂਸਲਰਾਂ ਨੇ ਮੇਅਰ ਦੀ ਕਾਰਗੁਜ਼ਾਰੀ ਨੂੰ ਸਲਾਹਿਆ
ਮੀਟਿੰਗ ਵਿਚ ਜਿਥੇ ਕਈ ਕੌਂਸਲਰਾਂ ਨੇ ਮੇਅਰ ਰਾਜਾ ਦੇ ਕਾਰਜਕਾਲ ਦੀ ਆਲੋਚਨਾ ਕੀਤੀ, ਉਥੇ ਹੀ ਜਗਦੀਸ਼ ਦਕੋਹਾ, ਤਰਸੇਮ ਲਖੋਤਰਾ ਅਤੇ ਅਰੁਣਾ ਅਰੋੜਾ ਵਰਗੇ ਕੌਂਸਲਰਾਂ ਨੇ ਮੇਅਰ ਰਾਜਾ ਦੀ ਕਾਰਗੁਜ਼ਾਰੀ ਨੂੰ ਸਲਾਹਿਆ। ਜਗਦੀਸ਼ ਦਕੋਹਾ ਦਾ ਕਹਿਣਾ ਸੀ ਕਿ ਪਿਛਲੇ 5 ਸਾਲ ਅਫਸਰਾਂ ਨਾਲ ਮਿਲ ਕੇ ਖੂਬਸੂਰਤ ਸੜਕਾਂ ਬਣਵਾਈਆਂ ਗਈਆਂ ਅਤੇ ਕਈ ਵਿਕਾਸ ਕਾਰਜ ਹੋਏ। ਖੂਬਸੂਰਤ ਸੜਕ ਦਾ ਜ਼ਿਕਰ ਆਉਂਦੇ ਹੀ ਹਾਊਸ ਵਿਚ ਜ਼ੋਰਦਾਰ ਹੂਟਿੰਗ ਹੋਈ ਅਤੇ ਮਿੰਟੂ ਜੁਨੇਜਾ ਨੇ ਉਦਾਹਰਣ ਦਿੱਤੀ ਕਿ ਪਿਮਸ ਦੇ ਸਾਹਮਣੇ ਬਣਾਈ ਗਈ ਸੜਕ ਅਗਲੇ ਹੀ ਦਿਨ ਉੱਖੜ ਵੀ ਗਈ ਸੀ। ਤੁਸੀਂ ਸ਼ਹਿਰ ਦੀ ਇਕ ਖੂਬਸੂਰਤ ਸੜਕ ਦਾ ਨਾਂ ਗਿਣਾ ਦਿਓ। ਤਰਸੇਮ ਲਖੋਤਰਾ ਨੇ ਵੀ ਮੇਅਰ ਦੇ ਕਾਰਜਕਾਲ ਨੂੰ ਸ਼ਾਨਦਾਰ ਦੱਿਸਆ ਅਤੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਪਾਣੀ ਅਤੇ ਸੜਕਾਂ ਦੀ ਸਮੱਸਿਆ ਕਾਫੀ ਹੱਦ ਤੱਕ ਦੂਰ ਹੋਈ। ਅਰੁਣਾ ਅਰੋੜਾ ਦਾ ਵੀ ਕਹਿਣਾ ਸੀ ਕਿ ਪਿਛਲੇ 5 ਸਾਲਾਂ ਦੌਰਾਨ ਖੂਬ ਕੰਮ ਹੋਏ ਅਤੇ ਹੁਣ ਵੀ ਹੋ ਰਹੇ ਹਨ। ਇਸ ਦੌਰਾਨ ਜਗਦੀਸ਼ ਦਕੋਹਾ ਨੇ ਸਵਾਲ ਪੁੱਛਿਆ ਕਿ ਜੇਕਰ ਸਫਾਈ ਸੇਵਕ ਹਫਤੇ ਵਿਚ 6 ਦਿਨ ਕੰਮ ਕਰਦੇ ਹਨ ਤਾਂ ਸੀਵਰਮੈਨ 5 ਦਿਨ ਕਿਉਂ।
ਬੁੱਧਵਾਰ 11 ਜਨਵਰੀ ਨੂੰ ਫਿਰ ਹੋਵੇਗੀ ਕੌਂਸਲਰ ਹਾਊਸ ਦੀ ਮੀਟਿੰਗ
ਮੀਟਿੰਗ ਦੌਰਾਨ ਐੱਲ. ਈ. ਡੀ. ਸਟਰੀਟ ਲਾਈਟਾਂ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਵਧੇਰੇ ਕੌਂਸਲਰਾਂ ਨੇ ਸ਼ਿਕਾਇਤ ਕੀਤੀ ਕਿ ਖਰਾਬ ਲਾਈਟਾਂ ਠੀਕ ਨਹੀਂ ਕੀਤੀਆਂ ਜਾ ਰਹੀਆਂ, ਸਟਾਫ਼ ਨੂੰ ਤਨਖ਼ਾਹ ਨਹੀਂ ਮਿਲ ਰਹੀ। ਏਜੰਡੇ ਵਿਚ ਜਦੋਂ ਪਿਛਲੀ ਮੀਟਿੰਗ ਦਾ, ਜੋ ਐੱਲ. ਈ. ਡੀ. ਮੁੱਦੇ ’ਤੇ ਹੋਈ ਸੀ, ਪ੍ਰਸਤਾਵ ਆਇਆ ਤਾਂ ਕੌਂਸਲਰਾਂ ਦੀ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ’ਤੇ ਸੰਖੇਪ ਵਿਚ ਚਰਚਾ ਹੋਈ। ਕੌਂਸਲਰ ਬਚਨ ਲਾਲ ਅਤੇ ਕੌਂਸਲਰ ਸ਼ਮਸ਼ੇਰ ਖਹਿਰਾ ਨੇ ਦੱਸਿਆ ਕਿ ਕਮੇਟੀ ਦੀ ਜਾਂਚ ਦੌਰਾਨ ਪੁਰਾਣੀਆਂ ਲਾਈਟਾਂ ਖਰੀਦਣ ਵਾਲੇ ਠੇਕੇਦਾਰ ਨੇ ਨਿਗਮ ਦੇ ਖਜ਼ਾਨੇ ਵਿਚ ਪਹਿਲਾਂ 9 ਲੱਖ ਅਤੇ ਬਾਅਦ ਵਿਚ 30 ਲੱਖ ਦੀ ਰਕਮ ਜਮ੍ਹਾ ਕਰਵਾਈ, ਜਿਸ ਤੋਂ ਸਾਫ਼ ਹੈ ਕਿ ਵੱਡੇ ਪੈਮਾਨੇ ’ਤੇ ਗੜਬੜੀ ਹੋ ਰਹੀ ਸੀ। ਸਟਾਕ ਰਜਿਸਟਰ ਵਿਚ ਵੀ ਘਪਲੇਬਾਜ਼ੀ ਦੇ ਸਬੂਤ ਮਿਲੇ। ਅਜਿਹੀ ਹਾਲਤ ਵਿਚ ਜਦੋਂ ਮੇਅਰ ਨੇ ਸਬੰਧਤ ਅਫਸਰ ਨੂੰ ਜਵਾਬ ਦੇਣ ਲਈ ਬੁਲਾਇਆ ਤਾਂ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਇਸ ’ਤੇ ਫੈਸਲਾ ਹੋਇਆ ਕਿ ਐੱਲ. ਈ. ਡੀ. ਸਟਰੀਟ ਲਾਈਟ ਦੇ ਮੁੱਦੇ ’ਤੇ ਕੌਂਸਲਰ ਹਾਊਸ ਦੀ ਅਗਲੀ ਮੀਟਿੰਗ ਬੁੱਧਵਾਰ 11 ਜਨਵਰੀ ਨੂੰ ਦੁਬਾਰਾ ਹੋਵੇਗੀ। ਮੇਅਰ ਦਾ ਕਹਿਣਾ ਸੀ ਕਿ ਪਹਿਲਾ ਪ੍ਰਾਜੈਕਟ 270 ਕਰੋੜ ਦਾ ਸੀ, ਜਿਸ ਨੂੰ ਘੱਟ ਕਰਕੇ 44 ਕਰੋੜ ਦਾ ਲਾਇਆ ਗਿਆ ਪਰ ਉਸ ਕੰਪਨੀ ਨੇ ਵੀ ਸਾਰਿਆਂ ਨੂੰ ਗੁੰਮਰਾਹ ਕੀਤਾ।
ਹੁਣ ਸੜਕ ਨੂੰ ਗਰਮ ਕਰ ਕੇ ਲੱਗਿਆ ਕਰਨਗੇ ਪੈਚਵਰਕ
ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਅਰੁਣਾ ਅਰੋੜਾ ਨੇ ਮੰਗ ਰੱਖੀ ਕਿ ਸਰਦੀਆਂ ਵਿਚ ਕਿਉਂਕਿ ਲੁੱਕ-ਬੱਜਰੀ ਦੇ ਪੈਚਵਰਕ ਨਹੀਂ ਲੱਗ ਸਕਦੇ, ਇਸ ਲਈ ਟਾਈਲਾਂ ਦੇ ਪੈਚਵਰਕ ਲਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਸੜਕਾਂ ਹੋਰ ਜ਼ਿਆਦਾ ਨਾ ਟੁੱਟਣ। ਇਸ ਤੋਂ ਇਲਾਵਾ ਉਨ੍ਹਾਂ ਨਿਗਮ ਕਮਿਸ਼ਨਰ ਦੇ ਵਿਜ਼ਨ ਨੂੰ ਸਲਾਹਿਆ ਅਤੇ ਕਿਹਾ ਕਿ ਸਰਦੀ ਅਤੇ ਧੁੰਦ ਦੇ ਮੌਸਮ ਵਿਚ ਸਟਰੀਟ ਲਾਈਟਾਂ ਦੇ ਬਲੈਕ ਸਪਾਟਸ ਜਲਦ ਦੂਰ ਕੀਤੇ ਜਾਣ। ਕੌਂਸਲਰਾਂ ਨੂੰ 20-25 ਸਟਰੀਟ ਲਾਈਟਾਂ ਦਿੱਤੀਆਂ ਜਾਣ ਅਤੇ ਸਟਰੀਟ ਲਾਈਟ ਠੀਕ ਕਰਨ ਵਾਲੇ ਸਟਾਫ ਨੂੰ ਤਨਖਾਹ ਜਾਰੀ ਕੀਤੀ ਜਾਵੇ। ਕਮਿਸ਼ਨਰ ਦਾ ਜਵਾਬ ਸੀ ਕਿ ਸ਼ਹਿਰ ਵਿਚ ਪੈਚਵਰਕ ਦਾ ਨਵਾਂ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਹੁਣ ਸੜਕਾਂ ਨੂੰ ਗਰਮ ਕਰਨ ਤੋਂ ਬਾਅਦ ਸਹੀ ਢੰਗ ਨਾਲ ਪੈਚਵਰਕ ਲੱਗਿਆ ਕਰਨਗੇ ਤਾਂ ਕਿ ਟੁੱਟੀਆਂ ਸੜਕਾਂ ਦੀ ਸਮੱਸਿਆ ਦੂਰ ਹੋ ਸਕੇ।
ਹਰ ਵਾਰਡ ਦਾ ਕੂੜਾ ਉਸੇ ਵਾਰਡ ਵਿਚ ਰਹੇਗਾ ਜਾਂ ਪ੍ਰੋਸੈੱਸ ਹੋਵੇਗਾ
ਸ਼ਹਿਰ ਦੀ ਸਫ਼ਾਈ ਸਬੰਧੀ ਸਮੱਸਿਆ ਦਾ ਜਵਾਬ ਦਿੰਦੇ ਹੋਏ ਨਿਗਮ ਕਮਿਸ਼ਨਰ ਨੇ ਕਿਹਾ ਕਿ ਅਸੂਲਾਂ ਦੇ ਮੁਤਾਬਕ ਹਰ ਵਾਰਡ ਦਾ ਕੂੜਾ ਉਸੇ ਵਾਰਡ ਵਿਚ ਰਹਿਣਾ ਜਾਂ ਪ੍ਰੋਸੈੱਸ ਹੋਣਾ ਚਾਹੀਦਾ ਹੈ। ਜਲੰਧਰ ਦੀ ਸਮੱਸਿਆ ਇਹ ਰਹੀ ਕਿ ਇਥੇ ਛੋਟੇ ਡੰਪ ਸਥਾਨਾਂ ਨੂੰ ਹਟਾਉਂਦੇ-ਹਟਾਉਂਦੇ ਕੁਝ ਡੰਪ ਬਹੁਤ ਵੱਡੇ ਬਣਾ ਦਿੱਤੇ ਗਏ, ਜਿਸ ਨਾਲ ਲੋਕ ਪ੍ਰੇਸ਼ਾਨ ਹਨ, ਜੋ ਜਾਇਜ਼ ਵੀ ਹੈ। ਹੁਣ ਅਜਿਹਾ ਨਹੀਂ ਚੱਲੇਗਾ। ਪਹਿਲਾਂ ਖਾਂਬਰਾ ਤੇ ਖੁਰਲਾ ਕਿੰਗਰਾ ਤੱਕ ਦਾ ਕੂੜਾ ਮਾਡਲ ਟਾਊਨ ਆਉਂਦਾ ਸੀ, ਹੁਣ ਅਜਿਹਾ ਨਹੀਂ ਹੋਵੇਗਾ, ਇਸ ਦੇ ਲਈ ਮੈਨਪਾਵਰ ਅਤੇ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 1500 ਦੇ ਲਗਭਗ ਵੱਖ-ਵੱਖ ਸ਼੍ਰੇਣੀ ਦੇ ਕਰਮਚਾਰੀ ਰੱਖੇ ਜਾ ਰਹੇ ਹਨ, ਜਿਸ ਕਾਰਨ ਵਾਰਡਾਂ ਦੇ ਨਾਲ-ਨਾਲ ਸ਼ਹਿਰ ਦੇ ਮੇਨ ਸਥਾਨਾਂ ਦੀ ਸਫਾਈ ਸਬੰਧੀ ਸਮੱਸਿਆ ਵੀ ਸੁਲਝੇਗੀ। ਹਾਊਸ ਦੇ ਏਜੰਡੇ ਵਿਚ ਅੱਜ ਕੌਂਸਲਰ ਲਾਡਾ ਅਤੇ ਕੌਂਸਲਰ ਗਰੋਵਰ ਦੇ ਵਾਰਡਾਂ ਨਾਲ ਸਬੰਧਤ ਪ੍ਰਾਜੈਕਟ ਪਾਸ ਹੋਇਆ, ਜਿਸ ਤਹਿਤ ਮਸ਼ੀਨ ਜ਼ਰੀਏ ਦੋਵਾਂ ਵਾਰਡਾਂ ਦਾ ਕੂੜਾ ਪ੍ਰੋਸੈੱਸ ਹੋਵੇਗਾ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਟੋਪੀ ਲੈ ਕੇ ਪਹੁੰਚੀ ਭਾਜਪਾ ਕੌਂਸਲਰ ਸ਼ੈਲੀ ਖੰਨਾ
ਮੀਟਿੰਗ ਦੌਰਾਨ ਭਾਜਪਾ ਕੌਂਸਲਰ ਸ਼ੈਲੀ ਖੰਨਾ ਨੇ ਕਿਹਾ ਕਿ 5 ਸਾਲ ਪਹਿਲਾਂ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਜਿਹੜੇ ਪ੍ਰਸਤਾਵ ਪਾਸ ਹੋਏ ਸਨ, ਉਹ ਗੁਰੂ ਗੋਬਿੰਦ ਸਿੰਘ ਐਵੇਨਿਊ ਦੀਆਂ ਸੜਕਾਂ ਨੂੰ ਬਣਾਉਣ ਬਾਰੇ ਸਨ, ਜਿਨ੍ਹਾਂ ’ਤੇ ਅੱਜ ਤੱਕ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕਾਂਗਰਸ ਦੇ ਰਾਜ ਦੌਰਾਨ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਸਿਰਫ ਟੋਪੀਆਂ ਹੀ ਘੁਮਾਈਆਂ ਗਈਆਂ। ਜ਼ਿਕਰਯੋਗ ਹੈ ਕਿ ਸ਼ੈਲੀ ਖੰਨਾ ਇਸ ਦੌਰਾਨ ਮੇਅਰ ਨੂੰ ਦੇਣ ਲਈ ਟੋਪੀ ਤੱਕ ਲੈ ਕੇ ਆਈ ਸੀ।
ਐੱਲ. ਈ. ਡੀ .ਕੰਪਨੀ ਦੇ ਕਰਮਚਾਰੀਆਂ ਨੇ ਕੀਤਾ ਕਮਿਸ਼ਨਰ ਦਾ ਘਿਰਾਓ
ਚੰਦਨ ਗਰੇਵਾਲ ਅਤੇ ਨਿਗਮ ਕਮਿਸ਼ਨਰ ਵਿਚ ਹੋਈ ਸਿੱਧੀ ਬਹਿਸ
ਜਦੋਂ ਕੌਂਸਲਰ ਹਾਊਸ ਦੀ ਮੀਟਿੰਗ ਚੱਲ ਰਹੀ ਸੀ, ਉਦੋਂ ਕਮਿਸ਼ਨਰ ਨੂੰ ਸੰਦੇਸ਼ ਆਇਆ ਕਿ ਯੂਨੀਅਨ ਆਗੂ ਚੰਦਨ ਗਰੇਵਾਲ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਕਮਿਸ਼ਨਰ ਨੇ ਉਨ੍ਹਾਂ ਨੂੰ ਹਾਊਸ ਵਿਚ ਮਿਲਣ ਦਾ ਸਮਾਂ ਨਹੀਂ ਦਿੱਤਾ। ਜਦੋਂ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਕਮਿਸ਼ਨਰ ਆਪਣੀ ਕਾਰ ਵਿਚ ਜਾਣ ਲੱਗੇ ਤਾਂ ਉਨ੍ਹਾਂ ਦੀ ਉਡੀਕ ਕਰ ਰਹੇ ਐੱਲ. ਈ. ਡੀ. ਕੰਪਨੀ ਦੇ ਕਰਮਚਾਰੀਆਂ ਨੇ ਉਨ੍ਹਾਂ ਦੀ ਕਾਰ ਦਾ ਰਾਹ ਰੋਕ ਕੇ ਰੋਸ-ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਅਗਵਾਈ ਚੰਦਨ ਗਰੇਵਾਲ ਕਰ ਰਹੇ ਸਨ। ਕਮਿਸ਼ਨਰ ਕਾਰ ਵਿਚ ਬੈਠੇ ਰਹੇ ਅਤੇ ਪ੍ਰਦਰਸ਼ਨਕਾਰੀ ਨਾਅਰੇ ਲਾਉਂਦੇ ਰਹੇ। ਅਜਿਹੇ ਵਿਚ ਕਮਿਸ਼ਨਰ ਨੇ ਬਾਹਰ ਨਿਕਲ ਕੇ ਚੰਦਨ ਗਰੇਵਾਲ ਨੂੰ ਅਜਿਹਾ ਨਾ ਕਰਨ ਨੂੰ ਕਿਹਾ, ਜਿਸ ਕਾਰਨ ਦੋਵਾਂ ਵਿਚ ਬਹਿਸ ਹੋ ਗਈ। ਕਮਿਸ਼ਨਰ ਆਪਣੀ ਕਾਰ ਉਥੇ ਹੀ ਛੱਡ ਕੇ ਪੈਦਲ ਨਿਕਲ ਗਏ। ਇਸ ਦੌਰਾਨ ਭਾਰੀ ਿਗਣਤੀ ਵਿਚ ਮੌਜੂਦ ਪੁਲਸ ਕਰਮਚਾਰੀ ਵੀ ਮੁਸਤੈਦ ਦਿਸੇ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਨਿਗਮ ਐੱਲ. ਈ. ਡੀ. ਕੰਪਨੀ ਨੂੰ ਭੁਗਤਾਨ ਨਹੀਂ ਕਰ ਰਿਹਾ, ਜਿਸ ਕਾਰਨ ਕਰਮਚਾਰੀਆਂ ਨੂੰ 4-5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ। ਚੰਦਨ ਗਰੇਵਾਲ ਨੇ ਵੀ ਗੁੱਸੇ ਵਿਚ ਆ ਕੇ ਐਲਾਨ ਕੀਤਾ ਕਿ ਸੋਮਵਾਰ ਨੂੰ ਸਮਾਰਟ ਸਿਟੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਕੰਪਨੀ ਦੇ ਕਰਮਚਾਰੀਆਂ ਨੇ ਕੰਪਨੀ ਦੇ ਮੈਨੇਜਰ ਰਾਮ ਕੁਮਾਰ ਨੂੰ ਵੀ ‘ਬੰਦੀ’ ਬਣਾ ਲਿਆ ਅਤੇ ਤਨਖਾਹ ਰਿਲੀਜ਼ ਕਰਨ ਦੀ ਮੰਗ ਕਰਨ ਲੱਗੇ।
ਦੂਜੇ ਪਾਸੇ ਨਿਗਮ ਕਮਿਸ਼ਨਰ ਨੇ ਹਾਊਸ ਵਿਚ ਦੱਸਿਆ ਕਿ ਐੱਲ. ਈ. ਡੀ. ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਚੱਲ ਰਹੀ ਹੈ, ਜਿਸ ਕਾਰਨ ਕੰਪਨੀ ਨੂੰ ਨਾ ਪੇਮੈਂਟ ਹੋਈ ਹੈ ਅਤੇ ਨਾ ਹੀ ਹੋਵੇਗੀ ਕਿਉਂਕਿ ਉਹ ਇਸ ਸਕੈਮ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਇਹ ਪ੍ਰਾਜੈਕਟ ਕਾਫੀ ਟੇਢਾ-ਮੇਢਾ ਅਤੇ ਗਲਤ ਢੰਗ ਨਾਲ ਚੱਲਿਆ, ਜਿਸ ਦਾ ਕੋਈ ਅਤਾ-ਪਤਾ ਨਹੀਂ ਚੱਲ ਪਾ ਰਿਹਾ। ਚੀਫ ਇੰਜੀਨੀਅਰਾਂ ਦੀ ਕਮੇਟੀ ਵੀ ਪ੍ਰਾਜੈਕਟ ਦੀ ਜਾਂਚ ਕਰ ਰਹੀ ਹੈ ਪਰ ਕੋਈ ਡਾਟਾ ਹੀ ਮੁਹੱਈਆ ਨਹੀਂ ਹੈ। ਹੁਣ ਕੰਪਨੀ ਨੇ ਪੋਲਜ਼ ’ਤੇ ਨੰਬਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੀ ਡਾਟਾ ਬਣ ਸਕੇਗਾ।
ਕੌਂਸਲਰਾਂ ਨੇ ਆਪਣੇ-ਆਪਣੇ ਵਾਰਡ ਨਾਲ ਸਬੰਧਤ ਮੁੱਦੇ ਉਠਾਏ
ਕੰਵਲਜੀਤ ਕੌਰ ਗੁੱਲੂ : ਸਟਰੀਟ ਲਾਈਟ ਰਿਪੇਅਰ ਕਰਨ ਵਾਲੇ ਸਟਾਫ਼ ਨੂੰ ਕਈ ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਵਾਰਡਾਂ ਵਿਚ ਹਨੇਰਾ ਫੈਲਿਆ ਹੋਇਆ ਹੈ। ਕੁਝ ਸਮੇਂ ਤੋਂ ਸਾਫ਼-ਸਫ਼ਾਈ ਦੀ ਸਮੱਸਿਆ ਬਹੁਤ ਵਿਗੜ ਗਈ ਹੈ। ਹਰ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਥੋਂ ਹਫਤਾ-ਹਫਤਾ ਕੂੜਾ ਨਹੀਂ ਚੁੱਕਿਆ ਜਾਂਦਾ।
ਦਵਿੰਦਰ ਸਿੰਘ ਰੋਨੀ : ਮੇਅਰ ਨੇ ਜਲੰਧਰ ਨੂੰ ਨੰਬਰ 1 ਤਾਂ ਬਣਾਇਆ ਪਰ ਹੇਠਲੇ ਪਾਸਿਓਂ। ਇਸ ਦੌਰਾਨ ਕੌਂਸਲਰ ਰੋਂਦੇ ਹੀ ਰਹੇ। ਆਪਣੀ ਜੇਬ ਵਿਚੋਂ ਖ਼ਰਚ ਕਰਦੇ ਰਹੇ। ਕੋਈ ਅਫ਼ਸਰ ਇਕ ਮਹੀਨੇ ਤੋਂ ਪਹਿਲਾਂ ਸ਼ਿਕਾਇਤ ’ਤੇ ਸੁਣਵਾਈ ਨਹੀਂ ਕਰਦਾ। ਜੇ. ਈ. ਚੱਢਾ ਨੂੰ ਸਟਰੀਟ ਲਾਈਟਾਂ ਬਾਰੇ 500 ਫੋਨ ਕੀਤੇ ਪਰ ਉਹ ਵੀ ਬੇਵੱਸ ਦਿਸੇ। ਕਾਂਗਰਸ ਨੇ ਸ਼ਹਿਰ ਦਾ ਕਾਫ਼ੀ ਬੁਰਾ ਹਾਲ ਕਰ ਦਿੱਤਾ, ਜਿਸ ਕਾਰਨ ਅੱਜ ਬੱਚੇ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਅਗਲਾ ਮੇਅਰ ਵਧੀਆ ਲਿਆਓ, ਜਿਹੜਾ ਸਿਫਾਰਸ਼ੀ ਨਾ ਹੋਵੇ।
ਸ਼ਵੇਤਾ ਧੀਰ : 5 ਸਾਲਾਂ ਵਿਚ ਸੀਵਰੇਜ ਵਿਭਾਗ ਨੇ ਸ਼ਹਿਰ ਨੂੰ ਡੁਬੋ ਕੇ ਰੱਖ ਿਦੱਤਾ। ਭਾਜਪਾ ਕੌਂਸਲਰਾਂ ਨਾਲ ਖੂਬ ਭੇਦਭਾਵ ਹੋਇਆ। ਉਨ੍ਹਾਂ ਨੂੰ ਐੱਲ. ਈ. ਡੀ. ਲਾਈਟਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਜੇਬ ਵਿਚੋਂ ਪੈਸੇ ਖਰਚ ਕਰਨੇ ਪਏ। 2 ਸਾਲਾਂ ਤੋਂ ਵਾਰਡ ਦੇ ਟਿਊਬਵੈੱਲ ਦਾ ਵਰਕ ਆਰਡਰ ਜਾਰੀ ਹੋਇਆ ਹੈ ਪਰ ਠੇਕੇਦਾਰ ਆਇਆ ਹੀ ਨਹੀਂ। ਸੁਪਰ ਸਕਸ਼ਨ ਮਸ਼ੀਨਾਂ ਹਨ ਪਰ ਉਨ੍ਹਾਂ ਦੇ ਡਰਾਈਵਰ ਨਹੀਂ ਹਨ। ਅਮਰੂਤ ਯੋਜਨਾ ਤਹਿਤ ਪਾਈਪਾਂ ਪਾਈਆਂ ਹੀ ਨਹੀਂ ਗਈਆਂ, ਜਿਸ ਕਾਰਨ ਜੇਬ ਵਿਚੋਂ ਪੈਸੇ ਖਰਚ ਕਰ ਕੇ ਟੈਂਕਰ ਮੰਗਵਾਉਣੇ ਪੈ ਰਹੇ ਹਨ। ਮੇਨਟੀਨੈਂਸ ਦੇ ਕੰਮਾਂ ਵਿਚ ਖੂਬ ਗੜਬੜੀ ਹੋਈ। ਮੇਰੇ ਵਾਰਡ ਵਿਚ ਕੰਮ 7-8 ਲੱਖ ਦਾ ਹੋਇਆ ਪਰ ਠੇਕੇਦਾਰ ਨੂੰ ਪੇਮੈਂਟ 10 ਲੱਖ ਦੀ ਹੋ ਗਈ। ਦੂਜਾ ਕੰਮ ਸਿਰਫ਼ 40 ਹਜ਼ਾਰ ਦਾ ਹੋਇਆ ਪਰ ਪੇਮੈਂਟ 3.50 ਲੱਖ ਦੀ ਕਰ ਦਿੱਤੀ ਗਈ। ਕੌਂਸਲਰਾਂ ਕੋਲੋਂ ਕੋਈ ਦਸਤਖਤ ਨਹੀਂ ਕਰਵਾਏ ਗਏ।
ਸ਼ਮਸ਼ੇਰ ਖਹਿਰਾ : ਐੱਲ. ਈ. ਡੀ. ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਕਿਥੋਂ ਤੱਕ ਪਹੁੰਚੀ, ਹਾਊਸ ਨੂੰ ਦੱਸਿਆ ਜਾਵੇ। ਟੈਕਨੀਕਲ ਟੀਮ ਜਾਂਚ ਕਰ ਵੀ ਰਹੀ ਹੈ ਜਾਂ ਨਹੀਂ, ਇਸਦਾ ਪਤਾ ਕੀਤਾ ਜਾਵੇ। ਮੇਅਰ ਨੇ ਇਸ ਬਾਰੇ ਜਾਂਚ ਵਿਜੀਲੈਂਸ ਨੂੰ ਰੈਫਰ ਕੀਤੀ ਜਾਂ ਨਹੀਂ, ਇਸਦੀ ਜਾਣਕਾਰੀ ਦਿੱਤੀ ਜਾਵੇ। ਚੋਹਕਾਂ ਪਿੰਡ ਵਿਚ ਜਿਹੜਾ ਪਾਰਕ ਡਿਵੈੱਲਪ ਹੋ ਰਿਹਾ ਹੈ, ਉਥੇ ਅੱਜ ਤੱਕ ਕੋਈ ਅਫਸਰ ਨਹੀਂ ਗਿਆ। ਨਾ ਠੇਕੇਦਾਰ ਨੂੰ ਕੋਈ ਨੋਟਿਸ ਜਾਰੀ ਹੋਇਆ ਅਤੇ ਨਾ ਉਥੇ ਕੰਮ ਹੋ ਰਿਹਾ ਹੈ। ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਕੰਮ ਨਹੀਂ ਕਰਦੇ।
ਰਾਜੀਵ ਓਂਕਾਰ ਟਿੱਕਾ : ਕਈ ਸਾਲ ਪਹਿਲਾਂ ਮੈਂ ਮੀਟਿੰਗ ਵਿਚ ਨਿਗਮ ਨੂੰ ਤਾਲਾ ਲਾਉਣ ਬਾਰੇ ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਕਦੀ ਸੋਨੇ ਦੀ ਚਿੜੀ ਹੁੰਦਾ ਜਲੰਧਰ ਅੱਜ ਕੂੜੇ ਦਾ ਕਾਂ ਬਣ ਗਿਆ ਹੈ। ਅਜਿਹੇ ਹਾਲਾਤ ਸੱਚ ਹੁੰਦੇ ਨਜ਼ਰ ਆ ਰਹੇ ਹਨ। ਕੁਝ ਸਮਾਂ ਪਹਿਲਾਂ ਸਾਰੇ ਠੇਕੇਦਾਰਾਂ ਨੇ ਕੰਮ ਕਰਨੇ ਛੱਡ ਦਿੱਤੇ ਸਨ ਪਰ ਹੁਣ ਪੈਸੇ ਮਿਲਣ ਤੋਂ ਬਾਅਦ ਕੰਮ ਤਾਂ ਸ਼ੁਰੂ ਹੋ ਗਏ ਹਨ ਪਰ ਸੀਵਰੇਜ ਦਾ ਸਿਸਟਮ ਨਹੀਂ। ਕਾਲਾ ਸੰਘਿਆਂ ਰੋਡ ਦੀ ਹਾਲਤ ਬਹੁਤ ਬੁਰੀ ਹੈ, ਜੇਬ ਵਿਚੋਂ ਪੈਸੇ ਖਰਚ ਕਰ ਕੇ ਕੂੜੇ ਦੇ ਡੰਪ ਖਤਮ ਕਰਵਾਏ ਗਏ। ਅਜਿਹੇ ਕਾਰਨਾਮਿਆਂ ਕਾਰਨ ਸ਼ਹਿਰ ਿਵਚ ਕਾਂਗਰਸ ਦੀ ਦੁਰਗਤੀ ਹੋਈ।
ਜਸਪਾਲ ਕੌਰ ਭਾਟੀਆ : 5 ਸਾਲਾਂ ਵਿਚ ਸ਼ਹਿਰ ਦਾ ਬੇੜਾ ਗਰਕ ਕਰ ਦਿੱਤਾ ਗਿਆ। ਵਾਰਡ ਨੰਬਰ 45 ਵਿਚ ਇਕ ਹੋਰ ਡੰਪ ਬਣਾ ਦਿੱਤਾ ਗਿਆ ਹੈ। 120 ਫੁੱਟੀ ਰੋਡ ਨੂੰ ਬੜੀ ਮਿਹਨਤ ਨਾਲ ਸਮਾਰਟ ਬਣਾਇਆ ਗਿਆ ਸੀ ਪਰ ਹੁਣ ਉਥੇ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 2-3 ਮਹੀਨਿਆਂ ਵਿਚ ਇਸਦੀ ਹਾਲਤ ਸੁਧਾਰਨ ’ਤੇ ਧਿਆਨ ਿਦੱਤਾ ਜਾਵੇ। ਸਪੋਰਟਸ ਮਾਰਕੀਟ ਦੀਆਂ ਸੜਕਾਂ ਨੂੰ ਵੀ ਠੀਕ ਕੀਤਾ ਜਾਵੇ। ਕੌਂਸਲਰ ਭਾਟੀਆ ਵੱਲੋਂ ਦਿੱਤੇ ਗਏ ਪ੍ਰਸਤਾਵ ਦੇ ਆਧਾਰ ’ਤੇ ਅੱਜ ਹਾਊਸ ਨੇ ਵੱਖ-ਵੱਖ ਸੜਕਾਂ ਦੇ ਨਾਂ ਸਾਬਕਾ ਕੌਂਸਲਰ ਵੇਦ ਪ੍ਰਕਾਸ਼ ਕਪੂਰ, ਸਾਬਕਾ ਕੌਂਸਲਰ ਸੁਰਿੰਦਰਨਾਥ ਮੁਰਗਈ, ਸਾਬਕਾ ਕੌਂਸਲਰ ਭਗਤ ਲਾਭ ਚੰਦ ਅਤੇ ਸਾਬਕਾ ਕੌਂਸਲਰ ਜਗਦੀਸ਼ ਨਾਰਾਇਣ ਨੂੰ ਸਮਰਪਿਤ ਕੀਤੇ ਗਏ।
ਮਨਦੀਪ ਜੱਸਲ : 5 ਸਾਲਾਂ ਦੇ ਕਾਰਜਕਾਲ ਵਿਚ ਮੇਅਰ ਨੇ ਕਿਸੇ ਦੀ ਬਾਂਹ ਨਹੀਂ ਫੜੀ। ਕੌਂਸਲਰਾਂ ਨੇ ਆਪਣੇ ਦਮ ’ਤੇ ਕੰਮ ਕਰਵਾਏ। ਮੇਅਰ ਕੁਝ ਕਦਮ ਦੂਰ ਕਮਿਸ਼ਨਰ ਆਫਿਸ ਤੱਕ ਚੱਲ ਕੇ ਨਹੀਂ ਗਏ। ਇਹੀ ਉਨ੍ਹਾਂ ਦੀ ਨਾਲਾਇਕੀ ਰਹੀ। ਅਗਲੇ ਨਿਗਮ ਵਿਚ ਧਾਕੜ ਮੇਅਰ ਆਉਣਾ ਚਾਹੀਦਾ ਹੈ, ਜਿਹੜਾ ਕੌਂਸਲਰਾਂ ਦਾ ਸਾਥੀ ਬਣੇ। ਸੀਵਰ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। 5-ਏ ਜ਼ੋਨ ਰੱਬ ਭਰੋਸੇ ਚੱਲ ਰਹੀ ਹੈ। ਲੋਕ ਤਰਾਹ-ਤਰਾਹ ਕਰ ਰਹੇ ਹਨ ਪਰ ਅਫਸਰਾਂ ਨੂੰ ਕੋਈ ਪ੍ਰਵਾਹ ਨਹੀਂ।
ਬਚਨ ਲਾਲ : ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫਾਈ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਪਰ ਅਫਸਰਾਂ ਨੇ ਕੰਮ ਦੀ ਨਿਗਰਾਨੀ ਨਹੀਂ ਕੀਤੀ। ਕਰੋੜਾਂ ਰੁਪਿਆਂ ਬੇਕਾਰ ਗਿਆ। ਠੇਕੇਦਾਰ ਇਕ ਚੈਂਬਰ ਵਿਚੋਂ ਗਾਰ ਕੱਢ ਕੇ ਦੂਜੇ ਵਿਚ ਸੁੱਟਦੇ ਰਹੇ, ਜਿਸ ਕਾਰਨ ਸੀਵਰੇਜ ਸਮੱਸਿਆ ਵਧ ਗਈ। ਫੋਲੜੀਵਾਲ ਪਲਾਂਟ ਨੂੰ ਵੀ ਕਿਸੇ ਨੇ ਜਾ ਕੇ ਚੈੱਕ ਨਹੀਂ ਕੀਤਾ। ਸਟਰੀਟ ਲਾਈਟ ਮਾਮਲੇ ਵਿਚ ਕਮੇਟੀ ਨੇ ਖੂਬ ਮਿਹਨਤ ਕੀਤੀ ਪਰ ਕੁਝ ਨਾ ਕਰ ਸਕੀ, ਜਦੋਂ ਕਿ ਹਜ਼ਾਰਾਂ ਗਲਤੀਆਂ ਕੱਢੀਆਂ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਅੰਜਲੀ ਭਗਤ : ਗਾਂਧੀ ਕੈਂਪ ਦੇ ਨਾਲ-ਨਾਲ ਵਾਰਡ ਦੇ ਹੋਰ ਖੇਤਰਾਂ ਦੀ ਸੀਵਰੇਜ ਸਮੱਸਿਆ ਹੱਲ ਨਹੀਂ ਹੋ ਰਹੀ। ਸਟਾਫ ਜਾਂਦਾ ਹੈ ਪਰ ਜਦੋਂ ਤੱਕ ਪੂਰੀ ਗਾਰ ਨਹੀਂ ਨਿਕਲੇਗੀ, ਸ਼ਿਕਾਇਤਾਂ ਆਉਂਦੀਆਂ ਰਹਿਣਗੀਆਂ। ਉਥੇ ਸੀਵਰੇਜ ਲਾਈਨਾਂ ਵਿਚੋਂ ਸਿਰਹਾਣੇ, ਬੈੱਡ ਸ਼ੀਟ ਅਤੇ ਝਾੜੂ ਤੱਕ ਨਿਕਲੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਗਾਂਧੀ ਕੈਂਪ ਵਿਚ ਕੋਈ ਸ਼ਰਾਰਤ ਹੋ ਰਹੀ ਹੈ, ਜਿਸ ਕਾਰਨ ਸਲੱਮ ਆਬਾਦੀ ਗਾਂਧੀ ਕੈਂਪ ਡੁੱਬੀ ਹੋਈ ਹੈ। ਸੀਵਰ ਲਾਈਨਾਂ ਵਿਚੋਂ ਗਾਰ ਕੱਢੀ ਜਾਣੀ ਚਾਹੀਦੀ ਹੈ। ਉਨ੍ਹਾਂ ਦੇ ਵਾਰਡ ਨੂੰ ਅਜੇ ਤੱਕ ਸਵੀਪਰ ਨਹੀਂ ਮਿਲੇ। ਬੀ. ਐੱਸ. ਐੱਫ. ਕਾਲੋਨੀ ਦੇ ਬਾਹਰ ਪਾਰਕ ਨੂੰ ਕੂੜੇ ਅਤੇ ਮਲਬੇ ਦਾ ਡੰਪ ਬਣਾ ਦਿੱਤਾ ਗਿਆ, ਜਿਸ ਦੀ ਸਫਾਈ ਕਰਵਾਈ ਜਾਵੇ।
ਬਲਜੀਤ ਪ੍ਰਿੰਸ : ਮੇਅਰ ਨੂੰ ਚਾਹੀਦਾ ਹੈ ਕਿ ਉਹ ਆਪਣੇ 5 ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਦੱਸਣ। 5 ਸਾਲਾਂ ਵਿਚ ਸਮੱਸਿਆਵਾਂ ਹੋਰ ਵੀ ਜ਼ਿਆਦਾ ਗੰਭੀਰ ਹੋ ਗਈਆਂ ਹਨ। ਸੜਕਾਂ ਟੁੱਟੀਆਂ ਹੋਈਆਂ, ਸੀਵਰੇਜ ਸਿਸਟਮ ਫੇਲ ਹੈ, ਲਾਈਟਾਂ ਬੰਦ ਹਨ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ।
ਰਾਧਿਕਾ ਪਾਠਕ : ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸੀਵਰੇਜ ਸਾਫ ਕਰਨ ਵਾਲੇ ਸਟਾਫ ਕੋਲ ਸਾਮਾਨ ਹੀ ਨਹੀਂ ਹੁੰਦਾ। ਜਿਸ ਗਲੀ ਵਿਚ ਸੀਵਰੇਜ ਜਾਂ ਰੋਡ ਗਲੀ ਦਾ ਢੱਕਣ ਟੁੱਟ ਜਾਂਦਾ ਹੈ, ਉਸ ਨੂੰ ਮਹੀਨਿਆਂ ਤੱਕ ਬਦਲਿਆ ਨਹੀਂ ਜਾਂਦਾ, ਜਿਸ ਕਾਰਨ ਹਾਦਸੇ ਹੁੰਦੇ ਹਨ।
ਮਿੰਟੂ ਜੁਨੇਜਾ : ਅਰਬਨ ਅਸਟੇਟ ਫੇਜ਼-1 ਅਤੇ ਫੇਜ਼-2 ਦੇ ਪਾਰਕ ਵਿਚ ਲੱਗੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਹੋ ਰਹੀਆਂ ਹਨ। ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਵਾਰਡ ਵਿਚ ਸੀਵਰ ਕਈ ਜਗ੍ਹਾ ਬੈਕ ਮਾਰ ਰਿਹਾ ਹੈ। ਸੁਭਾਨਾ ਅੰਡਰਪਾਥ ਦਾ ਕੰਮ ਵੀ ਰੁਕਿਆ ਪਿਆ ਹੈ, ਜਿਸ ਕਾਰਨ ਹਾਦਸੇ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ।
ਜਗਦੀਸ਼ ਸਮਰਾਏ : ਬਾਇਓ-ਮਾਈਨਿੰਗ ਪ੍ਰਾਜੈਕਟ ਪਹਿਲਾਂ 72 ਕਰੋੜ ਦਾ ਸੀ, ਫਿਰ 41 ਕਰੋੜ ਦਾ ਕਰ ਦਿੱਤਾ ਗਿਆ ਪਰ ਉਸਦੇ ਬਾਵਜੂਦ ਚਾਲੂ ਨਹੀਂ ਕੀਤਾ ਜਾ ਰਿਹਾ। ਕੂੜੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਕਾਲਾ ਸੰਘਿਆਂ ਡਰੇਨ ਪ੍ਰਾਜੈਕਟ ’ਤੇ ਵੀ ਕੋਈ ਕੰਮ ਨਹੀਂ ਹੋ ਰਿਹਾ, ਨਾ ਹੀ ਉਥੇ ਡਰੇਨ ਦੀ ਸਫਾਈ ਹੋ ਰਹੀ ਹੈ। ਕਈ ਮੁਹੱਲਿਆਂ ਵਿਚ ਬੀਮਾਰੀ ਫੈਲ ਰਹੀ ਹੈ। ਜਾਂ ਤਾਂ ਡਰੇਨ ਬੰਦ ਕੀਤੀ ਜਾਵੇ ਜਾਂ 40 ਕਰੋੜ ਵਾਲਾ ਪ੍ਰਾਜੈਕਟ ਚਾਲੂ ਕੀਤਾ ਜਾਵੇ। 9 ਮਹੀਨਿਆਂ ਤੋਂ ਟੈਂਡਰ ਪਾਸ ਹੋ ਚੁੱਕੇ ਹਨ ਪਰ ਕੰਮ ਸ਼ੁਰੂ ਨਹੀਂ ਹੋ ਰਿਹਾ। 6 ਮਹੀਨਿਆਂ ਤੋਂ ਸੀਵਰੇਜ ਦਾ ਢੱਕਣ ਤੱਕ ਨਹੀਂ ਮਿਲ ਪਾ ਰਿਹਾ। 5 ਲੱਖ ਦਾ ਮੇਨਟੀਨੈਂਸ ਦਾ ਪੈਸਾ ਕਿਥੇ ਖਰਚ ਹੋਇਆ, ਕੋਈ ਅਤਾ-ਪਤਾ ਨਹੀਂ।
ਕਮਿਸ਼ਨਰ ਦਾ ਜਵਾਬ ਸੀ ਕਿ ਬਾਇਓ-ਮਾਈਨਿੰਗ ਕੰਪਨੀ ਨੂੰ ਜੁਰਮਾਨਾ ਲਾਇਆ ਜਾ ਚੁੱਕਾ ਹੈ ਤੇ ਅਗਲੀ ਵਾਰਨਿੰਗ ਦਿੱਤੀ ਜਾ ਚੁੱਕੀ ਹੈ। ਕੰਪਨੀ ਨੇ 15 ਫਰਵਰੀ ਤੋਂ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ, ਨਹੀਂ ਤਾਂ ਪ੍ਰਾਜੈਕਟ ਰੱਦ ਕਰ ਦਿੱਤਾ ਜਾਵੇਗਾ। ਕਾਲਾ ਸੰਘਿਆਂ ਡਰੇਨ ਪ੍ਰਾਜੈਕਟ 45 ਕਰੋੜ ਦੇ ਸਮੇਂ ਡਿਜ਼ਾਈਨਿੰਗ ਸਟੇਜ ’ਤੇ ਸੀ ਪਰ ਹੁਣ 90 ਕਰੋੜ ਦਾ ਖ਼ਰਚ ਦੱਸਿਆ ਜਾ ਰਿਹਾ ਹੈ, ਜੋ ਸਹੀ ਨਹੀਂ ਲੱਗਦਾ।
ਨਿਰਮਲ ਸਿੰਘ ਨਿੰਮਾ : ਭ੍ਰਿਸ਼ਟ ਅਤੇ ਲਾਪ੍ਰਵਾਹ ਅਫਸਰ ਨੂੰ ਵੀ ਰਿਟਾਇਰਮੈਂਟ ਦੇ ਸਮੇਂ ਸ਼ਾਨਦਾਰ ਵਿਦਾਈ ਦਿੱਤੀ ਜਾਂਦੀ ਹੈ। 2-3 ਸਾਲ ਪਹਿਲਾਂ ਸ਼ਹਿਰ ਦੇ ਹਾਲਾਤ ਠੀਕ ਸਨ ਪਰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੇ ਸੜਕਾਂ ਦਾ ਬੁਰਾ ਹਾਲ ਕਰ ਦਿੱਤਾ। ਹੁਣ 10 ਮਹੀਨਿਆਂ ਤੋਂ ਨਵੀਂ ਸਰਕਾਰ ਦੇ ਹੁੰਦੇ ਹੋਏ ਵੀ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸ ਸਰਕਾਰ ਨੇ ਵੀ ਕੁਝ ਨਹੀਂ ਕੀਤਾ। ਬੇਰੋਜ਼ਗਾਰ ਨੌਜਵਾਨਾਂ ਲਈ ਕੰਮ ਧੰਦਾ ਸ਼ੁਰੂ ਕਰਨ ਲਈ ਦੁਕਾਨਾਂ ਆਦਿ ਬਣਾਉਣ ਨਾਲ ਸਬੰਧਤ ਨਿਯਮਾਂ ਦੀ ਛੋਟ ਦਿੱਤੀ ਜਾਵੇ। 3 ਮਰਲੇ ਤੱਕ ਦੇ ਛੋਟੇ ਮਕਾਨਾਂ ਨੂੰ ਐੱਨ. ਓ. ਸੀ. ਅਤੇ ਬਿਲਡਿੰਗ ਬਾਈਲਾਜ਼ ਤੋਂ ਮੁਕਤ ਕੀਤਾ ਜਾਵੇ ਅਤੇ ਬਿਲਡਿੰਗਾਂ ਤੇ ਕਾਲੋਨੀਆਂ ਨੂੰ ਰੈਗੂਲਰ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇ।
ਲਖਬੀਰ ਸਿੰਘ ਬਾਜਵਾ : ਕਪੂਰਥਲਾ ਰੋਡ ’ਤੇ ਪੈਂਦੀਆਂ ਜਲੰਧਰ ਕੁੰਜ ਤੇ ਜਲੰਧਰ ਐਨਕਲੇਵ ਵਰਗੀਆਂ ਕਾਲੋਨੀਆਂ ਪੁੱਡਾ ਤੋਂ ਮਨਜ਼ੂਰੀ ਲੈ ਕੇ ਕੱਟੀਆਂ ਗਈਆਂ ਸਨ ਪਰ ਕਾਲੋਨਾਈਜ਼ਰ ਨੇ ਪੁੱਡਾ ਦਾ ਬਕਾਇਆ ਦੇਣਾ ਹੈ, ਜਿਸ ਕਾਰਨ ਨਿਗਮ ਉਥੇ ਵਿਕਾਸ ਨਹੀਂ ਕਰਵਾ ਰਿਹਾ। 5 ਸਾਲਾਂ ਵਿਚ ਇਕ ਰੁਪਏ ਦਾ ਵਿਕਾਸ ਉਥੇ ਨਹੀਂ ਹੋਇਆ ਜਾਂ ਤਾਂ ਉਹ ਇਲਾਕਾ ਨਿਗਮ ਤੋਂ ਬਾਹਰ ਕਰ ਦਿੱਤਾ ਜਾਵੇ ਜਾਂ ਕਾਲੋਨਾਈਜ਼ਰ ’ਤੇ ਦਬਾਅ ਬਣਾਇਆ ਜਾਵੇ। ਕਮਿਸ਼ਨਰ ਦੀ ਪਾਲਿਸੀ ਤਹਿਤ ਸ਼ਹਿਰ ਦਾ ਅੱਧਾ ਕੂੜਾ ਜਮਸ਼ੇਰ ਵਿਚ ਸੁੱਟਿਆ ਜਾਵੇ, ਜਿਥੇ ਨਿਗਮ ਦੀ 22 ਏਕੜ ਜ਼ਮੀਨ ’ਤੇ ਪ੍ਰਾਜੈਕਟ ਪਾਸ ਹੋ ਚੁੱਕਾ ਹੈ। ਕਰਮਚਾਰੀਆਂ ਨੂੰ ਪੱਕੇ ਤੌਰ ’ਤੇ ਭਰਤੀ ਕੀਤਾ ਜਾਵੇ।
ਮਨਜੀਤ ਕੌਰ : ਸ਼ਹਿਰ ਦੇ ਪਾਰਕਾਂ ਤੋਂ ਜਿਹੜੀ ਗਰੀਨ ਵੇਸਟ ਨਿਕਲਦੀ ਹੈ, ਉਸਨੂੰ ਹਰ ਰੋਜ਼ ਚੁੱਕਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਟਰਾਲੀ ਮੁਹੱਈਆ ਕਰਵਾਈ ਜਾਵੇ। ਬੱਸ ਸਟੈਂਡ ਦੀ ਕੰਧ ਦੇ ਨਾਲ ਨਾਜਾਇਜ਼ ਢੰਗ ਨਾਲ ਬਣੀਆਂ ਦੁਕਾਨਾਂ ਨੂੰ ਅੱਜ ਤੱਕ ਹਟਾਇਆ ਨਹੀਂ ਜਾ ਸਕਿਆ, ਜਦੋਂ ਕਿ ਹਾਈ ਕੋਰਟ ਦੇ ਹੁਕਮ ਵੀ ਹਨ। ਉਥੇ ਜਲਦ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਦਬਾਅ ਆਖਿਰਕਾਰ ਆਇਆ ਕੰਮ, ਹੋਰ ਮੰਤਰੀ ਵੀ ਸਹਿਮੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੰਜਾਬ ’ਚ ਅਜੇ ਜਾਰੀ ਰਹੇਗਾ ਹੱਡ ਚੀਰਵੀਂ ਠੰਡ ਦਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ
NEXT STORY