ਫਰੀਦਕੋਟ (ਬਿਊਰੋ) - ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਦੁਨੀਆਭਰ ਦੀਆਂ ਨਜ਼ਰਾਂ ਅੱਜ ਆਉਣ ਵਾਲੇ ਨਤੀਜਿਆਂ 'ਤੇ ਟਿਕੀਆਂ ਹਨ। ਜੇਕਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫ਼ਰੀਦਕੋਟ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਸ 'ਚ ਪਿਛਲੇ 5 ਸਾਲ ਤੋਂ ਕਾਂਗਰਸ ਦੀ ਸੀਟ ਤੋਂ ਸੰਸਦ ਮੈਂਬਰ ਮਹੁੰਮਦ ਸਦੀਕ ਰਹੇ ਹਨ। ਇਸ ਸੀਟ 'ਤੇ ਇਸ ਵਾਰ ਮੁਕਾਬਲਾ ਪੰਜ ਕੋਣਾ ਹੁੰਦਾ ਜਾਪ ਰਿਹਾ ਹੈ, ਜਿਥੇ ਕਾਂਗਰਸ, ਆਪ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਲੜ ਰਹੇ ਹਨ। ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕਰਦਿਆਂ ਅਦਾਕਾਰ ਕਰਮਜੀਤ ਅਨਮੋਲ ਨੂੰ ਕਰਾਰੀ ਹਾਰ ਦਿੱਤੀ ਹੈ।
ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ- 296922
ਆਮ ਆਦਮੀ ਪਾਰਟੀ- ਅਦਾਕਾਰ ਕਰਮਜੀਤ ਅਨਮੋਲ- 226676
ਕਾਂਗਰਸ - ਅਮਰਜੀਤ ਕੌਰ ਸਾਹੋਕੇ - 159352
ਭਾਜਪਾ- ਗਾਇਕ ਹੰਸ ਰਾਜ ਹੰਸ - 123007
ਸ਼੍ਰੋਮਣੀ ਅਕਾਲੀ ਦਲ - ਰਾਜਵਿੰਦਰ ਸਿੰਘ ਧਰਮਕੋਟ - 137776
ਬਸਪਾ - ਗੁਰਬਖ਼ਸ਼ ਸਿੰਘ - 8129
ਦੱਸ ਦਈਏ ਕਿ ਫਰੀਦਕੋਟ ਲੋਕ-ਸਭਾ ਹਲਕਾ 1977 'ਚ ਹੋਂਦ 'ਚ ਆਇਆ ਸੀ ਅਤੇ ਉਸ ਸਮੇਂ ਇਸ 'ਚ ਫਰੀਦਕੋਟ, ਕੋਟਕਪੂਰਾ, ਪੰਜ-ਗਰਾਈ, ਮੋਗਾ, ਬਾਘਾਪੁਰਾਣਾ, ਮੁਕਤਸਰ, ਮਲੋਟ, ਗਿਦੜਬਾਹਾ ਅਤੇ ਲੰਬੀ ਵਿਧਾਨਸਭਾ ਦੇ 9 ਹਲਕੇ ਸ਼ਾਮਲ ਸਨ। 2009 ਦੀਆਂ ਚੋਣਾਂ ਸਮੇਂ ਫਰੀਦਕੋਟ ਲੋਕ-ਸਭਾ ਹਲਕਾ ਰੀਜਰਵ ਘੋਸ਼ਿਤ ਹੋ ਗਿਆ ਅਤੇ ਇਸ ਦੀ ਹੇਠਲੇ ਵਿਧਾਨਸਭਾ ਹਲਕਿਆਂ 'ਚ ਤਬਦੀਲੀ ਕਰ ਦਿੱਤੀ ਗਈ। ਹੁਣ ਇਹ ਲੋਕ-ਸਭਾ ਹਲਕਾ 9 ਵਿਧਾਨ ਸਭਾ ਹਲਕਿਆਂ 'ਚ ਵੰਡਿਆ ਹੋਇਆ ਹੈ- ਨਿਹਾਲ ਸਿੰਘ ਵਾਲਾ, ਬਾਗਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ ।
ਇਹ ਖ਼ਬਰ ਵੀ ਪੜ੍ਹੋ - ਫਰੀਦਕੋਟ ਲੋਕ ਸਭਾ ਸੀਟ 'ਤੇ ਚੋਣ ਪ੍ਰਕਿਰਿਆ ਮੁਕੰਮਲ, 58.10 ਫੀਸਦੀ ਹੋਈ ਵੋਟਿੰਗ
ਫਰੀਦਕੋਟ 'ਚ ਕਿੰਨੇ ਫ਼ੀਸਦੀ ਰਹੀ ਵੋਟਿੰਗ
ਬਾਗਾ ਪੁਰਾਣਾ- 63.63, ਧਰਮਕੋਟ- 65.10, ਫਰੀਦਕੋਟ- 62.49, ਗਿੱਦੜਬਾਹਾ- 69.98, ਜੈਤੋ- 66.25, ਕੋਟਕਪੁਰਾ- 64.47, ਮੋਗਾ- 56.98, ਨਿਹਾਲ ਸਿੰਘ ਵਾਲਾ- 59.28 ਅਤੇ ਰਾਮਪੁਰਾ ਪੌਲ 64.40 ਫ਼ੀਸਦੀ ਵੋਟਿੰਗ ਪੋਲ ਕੀਤੀ ਗਈ ਹੈ।
ਮੁਕਾਬਲਾ ਬਣਿਆ ਦਿਲਚਸਪ
ਇਸ ਹਲਕੇ 'ਚ ਇਸ ਵਾਰ ਕਾਂਗਰਸ ਨੇ ਮੌਜੂਦਾ ਐੱਮ. ਪੀ. ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ 'ਚ ਉਤਾਰਿਆ ਹੈ। ਬੀਬੀ ਸਾਹੋਕੇ ਪਹਿਲਾਂ ਅਕਾਲੀ ਦਲ 'ਚ ਰਹਿ ਚੁੱਕੇ ਹਨ ਤੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦਕਿ ਆਮ ਆਦਮੀ ਪਾਰਟੀ ਨੇ ਪੰਜਾਬੀ ਫ਼ਿਲਮ ਦੇ ਇੰਡਸਟਰੀ ਦੇ ਉੱਘੇ ਅਦਾਕਾਰ ਕਰਮਜੀਤ ਅਨਮੋਲ ਨੂੰ ਮੈਦਾਨ 'ਚ ਉਤਾਰਿਆ ਹੈ। ਇਸ ਤੋਂ ਇਲਾਵਾ ਭਾਜਪਾ ਨੇ ਮਸ਼ਹੂਰ ਗਾਇਕ ਹੰਸ ਰਾਜ ਹੰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਬਸਪਾ ਨੇ ਗੁਰਬਖ਼ਸ਼ ਸਿੰਘ 'ਤੇ ਦਾਅ ਖੇਡਿਆ ਹੈ।
ਫਰੀਦਕੋਟ 'ਚ ਲੋਕ ਸਭਾ ਚੋਣਾਂ ਦਾ ਇਤਿਹਾਸ
ਦੱਸਣਯੋਗ ਹੈ ਕਿ ਫਰੀਦਕੋਟ 'ਚ ਪਹਿਲੀ ਵਾਰ ਲੋਕ ਸਭਾ ਚੋਣਾਂ ਸਾਲ 1977 'ਚ ਹੋਈਆਂ ਸਨ ਅਤੇ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਹੋਈ ਸੀ। ਹੁਣ ਤੱਕ ਅਕਾਲੀ ਦਲ ਫਰੀਦਕੋਟ ਸੀਟ ਤੋਂ 6 ਵਾਰ ਜੇਤੂ ਰਹਿ ਚੁੱਕਾ ਹੈ। ਰੋਚਕ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸੀਟ ਤੋਂ 3 ਵਾਰ ਸਾਂਸਦ ਬਣ ਚੁੱਕੇ ਹਨ ਅਤੇ ਸਾਲ 1999 'ਚ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਨੂੰ ਹਰਾਇਆ ਸੀ। 2014 'ਚ ਰਿਵਾਇਤੀ ਪਾਰਟੀਆਂ ਤੋਂ ਅੱਕ ਫਰੀਦਕੋਟ ਦੇ ਲੋਕਾਂ ਨੇ 'ਆਪ' ਦਾ ਸਾਥ ਦਿੱਤਾ ਜਦਕਿ 2019 'ਚ ਇਥੋਂ ਦੀ ਜਨਤਾ ਕਾਂਗਰਸ ਦੇ ਹੱਕ 'ਚ ਭੁਗਤੀ, ਇਸ ਵਾਰ ਜਿੱਤ ਕਿਸਦੀ ਹੋਵੇਗੀ, ਇਹ ਦੇਖਣਾ ਦਿਲਚਸਪ ਰਹੇਗਾ। ਫਰੀਦਕੋਟ 'ਚ ਕੁੱਲ 12 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਇਸ ਸੀਟ ਦੇ ਇਤਿਹਾਸ ਦੇ ਪੰਨਿਆਂ 'ਚ ਜ਼ਿਆਦਾ ਨਾਂ ਅਕਾਲੀ ਦਲ ਦਾ ਆਉਂਦਾ ਹੈ। 1977 'ਚ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਦੇ ਸਾਂਸਦ ਬਣੇ ਸਨ। 1996, 1998 ਤੇ 2004 'ਚ 3 ਵਾਰ ਸੁਖਬੀਰ ਬਾਦਲ ਫਰੀਦਕੋਟ ਦੀ ਲੋਕ ਸਭਾ ਸੀਟ ਜਿੱਤੇ ਸਨ। ਕਾਂਗਰਸ ਵਲੋਂ ਜਗਮੀਤ ਬਰਾੜ ਸੁਖਬੀਰ ਬਾਦਲ ਨੂੰ 1999 'ਚ ਹਰਾ ਕੇ ਫਰੀਦਕੋਟ ਦੇ ਸਾਂਸਦ ਰਹਿ ਚੁੱਕੇ ਹਨ। 2009 'ਚ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਜੇਤੂ ਰਹੀ ਤੇ 2014 ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪ੍ਰੋ.ਸਾਧੂ ਸਿੰਘ ਜਦਕਿ 2019 ਦੀਆਂ ਚੋਣਾਂ 'ਚ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਦਾ ਝੰਡਾ ਲਹਿਰਾਇਆ। 1990 ਤੋਂ ਬਾਅਦ ਫਰੀਦਕੋਟ ਸੀਟ ਦੇ ਇਤਿਹਾਸ ਵੱਲ ਦੇਖੀਏ ਤਾਂ ਅਕਾਲੀ ਦਲ 4 ਵਾਰ, ਕਾਂਗਰਸ 3 ਵਾਰ ਅਤੇ ਆਮ ਆਦਮੀ ਪਾਰਟੀ 1 ਵਾਰ ਜਿੱਤ ਚੁੱਕੀ ਹੈ।
ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ
13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹਨ। ਗੁਰਦਾਸਪੁਰ ’ਚ 1895, ਅੰਮ੍ਰਿਤਸਰ 1684, ਖਡੂਰ ਸਾਹਿਬ 1974, ਜਲੰਧਰ 1951, ਹੁਸ਼ਿਆਰਪੁਰ 1963, ਆਨੰਦਪੁਰ ਸਾਹਿਬ 2068, ਲੁਧਿਆਣਾ 1843, ਫਤਹਿਗੜ੍ਹ ਸਾਹਿਬ 1821, ਫਰੀਦਕੋਟ 1688, ਫਿਰੋਜ਼ਪੁਰ 1903, ਬਠਿੰਡਾ 1814, ਸੰਗਰੂਰ 1765 ਅਤੇ ਪਟਿਆਲਾ ’ਚ 2082 ਪੋਲਿੰਗ ਸਟੇਸ਼ਨ ਬਣਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Live Update : ਆ ਗਏ ਫਾਈਨਲ ਨਤੀਜੇ, ਦੇਖੋ ਕਿਸਦੀ ਝੋਲੀ ਪਈ ਜਿੱਤ
NEXT STORY