ਅੰਮ੍ਰਿਤਸਰ (ਸਰਬਜੀਤ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਜੰਮੂ-ਕਸ਼ਮੀਰ ਹਾਈਕੋਰਟ ਵਲੋਂ ਇਕ ਸਿੱਖ ਵਜੋਂ ਪਛਾਣ ਲਈ ਨਾਮ ਪਿੱਛੇ ‘ਸਿੰਘ’ ਜਾਂ ‘ਕੌਰ’ ਜ਼ਰੂਰੀ ਨਾ ਹੋਣ ਦੇ ਦਿੱਤੇ ਗਏ ਫ਼ੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਆਖਿਆ ਹੈ ਕਿ ਸਿੱਖਾਂ ਦੇ ਸਿਧਾਂਤਕ ਅਤੇ ਇਤਿਹਾਸਕ ਪਿਛੋਕੜ ਨੂੰ ਨਜ਼ਰਅੰਦਾਜ਼ ਕਰ ਕੇ ਕਿਸੇ ਸਿੱਖ ਦੀ ਪਛਾਣ ਨਿਰਧਾਰਤ ਕਰਨ ਦਾ ਕਿਸੇ ਦੁਨਿਆਵੀ ਅਦਾਲਤ ਨੂੰ ਕੋਈ ਅਧਿਕਾਰ ਨਹੀਂ ਹੈ।
ਇਹ ਵੀ ਪੜ੍ਹੋ :ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਬੱਸ ਨਹਿਰ 'ਚ ਪਲਟੀ (ਵੀਡੀਓ)
ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਜੰਮੂ-ਕਸ਼ਮੀਰ ਹਾਈਕੋਰਟ ਦਾ ਇਕ ਗੁਰਦੁਆਰਾ ਚੋਣ ਦੇ ਸਬੰਧ ਵਿਚ ਇਕ ਸਿੱਖ ਵੋਟਰ ਬਣਨ ਲਈ ਨਾਮ ਪਿੱਛੇ ‘ਸਿੰਘ’ ਜਾਂ ‘ਕੌਰ’ ਜ਼ਰੂਰੀ ਨਾ ਹੋਣ ਸਬੰਧੀ ਦਿੱਤਾ ਫ਼ੈਸਲਾ ਸਿੱਧੇ ਤੌਰ ’ਤੇ ਸਿੱਖ ਕੌਮ ਦੀ ਵੱਖਰੀ ਪਛਾਣ ’ਤੇ ਹਮਲਾ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਦਸ ਗੁਰੂ ਸਾਹਿਬਾਨ ਸੰਸਾਰੀ ਜਾਮੇ ਵਿਚ ਵਿਚਰਦਿਆਂ ਸਿੱਖਾਂ ਨੂੰ ਇਕ ਅੱਡ ਧਰਮ, ਨਿਰਾਲਾ ਪੰਥ ਅਤੇ ਵੱਖਰੀ ਕੌਮ ਵਜੋਂ ਮੁਕੰਮਲ ਪਛਾਣ ਦੇ ਕੇ ਗਏ ਹਨ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਨਾਵਾਂ ਪਿੱਛੇ ‘ਸਿੰਘ’ ਅਤੇ ‘ਕੌਰ’ ਲੱਗਣ ਦਾ ਇਕ ਲਾਸਾਨੀ ਸਿਧਾਂਤਕ ਅਤੇ ਇਤਿਹਾਸਕ ਆਧਾਰ ਹੈ, ਜਿਸ ਨੂੰ ਅਣਗੌਲਿਆਂ ਕਰਕੇ ਸਿੱਖ ਪਛਾਣ ਬਾਰੇ ਕਿਸੇ ਦੁਨਿਆਵੀ ਅਦਾਲਤ ਵਲੋਂ ਫ਼ੈਸਲਾ ਸੁਣਾਉਣਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦੁਖਾਉਣ ਵਾਲਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਗੁਰਦੁਆਰਾ ਚੋਣਾਂ ਦੇ ਵੋਟਰ ਵਜੋਂ ਸਿੱਖ ਦੇ ਨਾਮ ਨਾਲ ‘ਸਿੰਘ ਜਾਂ ‘ਕੌਰ’ ਲਿਖਣ ਨੂੰ ਅਦਾਲਤ ਵਲੋਂ ਗੈਰ-ਜ਼ਰੂਰੀ ਦੱਸਣਾ, ਗੁਰਦੁਆਰਾ ਪ੍ਰਬੰਧਾਂ ਵਿਚ ਅਸਿੱਧੇ ਤੌਰ ‘ਤੇ ਬਾਹਰੀ ਦਖ਼ਲ ਦਾ ਰਾਹ ਖੋਲ੍ਹਣ ਦਾ ਖ਼ਦਸ਼ਾ ਜ਼ਾਹਰ ਕਰਦਾ ਹੈ, ਜੋ ਕਿ ਕਿਸੇ ਅਦਾਲਤ ਲਈ ਬਿਲਕੁਲ ਵੀ ਸ਼ੋਭਨੀਕ ਨਹੀਂ ਹੈ।
ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਘਰ ਦਾ ਚਿਰਾਗ, 20 ਸਾਲਾਂ ਦੇ ਨੌਜਵਾਨ ਦੀ ਮੌਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਖਿਆ ਕਿ ਜੰਮੂ-ਕਸ਼ਮੀਰ ਹਾਈਕੋਰਟ ਵਲੋਂ ਸਿੱਖ ਪਛਾਣ ਦੇ ਸਬੰਧ ਵਿਚ ਸੁਣਾਏ ਫ਼ੈਸਲੇ ਵਿਰੁੱਧ ਕਾਨੂੰਨੀ ਆਧਾਰ ’ਤੇ ਚਾਰਾਜੋਈ ਕਰਨ ਅਤੇ ਇਸ ਫ਼ੈਸਲੇ ਨੂੰ ਮਨਸੂਖ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਜਾਵੇਗਾ ਤਾਂ ਜੋ ਭਵਿੱਖ ਵਿਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਸਬੰਧੀ ਕਿਸੇ ਵੀ ਦੁਨਿਆਵੀ ਅਦਾਲਤ ਦੁਆਰਾ ਕੋਈ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਸਿੱਖ ਸਿਧਾਂਤਾਂ ਅਤੇ ਮਰਿਆਦਾ ਨੂੰ ਧਿਆਨ ਵਿਚ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕੋਲੋਂ ਅਧਿਕਾਰਤ ਤੌਰ ’ਤੇ ਜਾਣਕਾਰੀ ਹਾਸਲ ਕਰਨੀ ਲਾਜ਼ਮੀ ਬਣਾਈ ।
ਇਹ ਵੀ ਪੜ੍ਹੋ : ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਹਿੰਦੂ ਸੰਸਥਾਵਾਂ 'ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਬਣ ਰਹੀਆਂ ਯੋਜਨਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੱਜ ਰਹੇ ਕੈਦੀ ਨੂੰ ਫੜ੍ਹਦਿਆਂ ਜ਼ਮੀਨ 'ਤੇ ਡਿੱਗਿਆ ASI, ਦਿਲ ਦਾ ਦੌਰਾ ਪੈਣ ਕਾਰਨ ਮੌਤ (ਵੀਡੀਓ)
NEXT STORY