ਮਲੋਟ (ਜੁਨੇਜਾ) - ਅਦਾਲਤੀ ਸਟੇਅ ਨੂੰ ਨਜ਼ਰ-ਅੰਦਾਜ਼ ਕਰਦਿਆਂ ਦੁਕਾਨ ਮਾਲਕ ਵੱਲੋਂ ਜਿੰਦਰੇ ਤੋਡ਼ ਕੇ ਕਿਰਾਏਦਾਰ ਦਾ ਦੁਕਾਨ ’ਚ ਪਿਆ ਸਾਮਾਨ ਬਾਹਰ ਸੁੱਟ ਦਿੱਤਾ ਗਿਆ। ਦੁਕਾਨ ਮਾਲਕ ਨੇ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਨਾਲ ਦੁਕਾਨ ’ਤੇ ਹਮਲਾ ਬੋਲਿਆ ਅਤੇ ਦੁਕਾਨ ’ਤੇ ਕੰਮ ਕਰਦੇ ਕਰਿੰਦੇ ਨੂੰ ਕੁੱਟ-ਮਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਪਰੰਤ ਦੁਕਾਨ ਨੂੰ ਨਵੇਂ ਜਿੰਦਰੇ ਲਾ ਕੇ ਧਮਕੀਆਂ ਦਿੰਦੇ ਹੋਏ ਉਕਤ ਸਾਰੇ ਫਰਾਰ ਹੋ ਗਏ।
ਇਸ ਮਾਮਲੇ ’ਚ ਸਰਕਾਰੀ ਹਸਪਤਾਲ ਵਿਚ ਦਾਖਲ ਜ਼ਖ਼ਮੀ ਜਸਪ੍ਰੀਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਦੀ ਪੁਲਸ ਨੇ ਇਕ ਅੌਰਤ ਸਮੇਤ 20 ਵਿਅਕਤੀਆਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਸਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਮਲੋਟ ਨੇ ਦਿੱਤੇ ਗਏ ਬਿਆਨਾਂ ’ਚ ਦੱਸਿਆ ਕਿ ਉਹ ਕਰੀਬ 3 ਸਾਲਾਂ ਤੋਂ ਮਿਸਤਰੀ ਬਲਵੰਤ ਸਿੰਘ ਕੋਲ ਨਿਊ ਮਾਡਰਨ ਟਰੈਕਟਰ, ਮਲੋਟ ਵਿਖੇ ਕੰਮ ਕਰਦਾ ਹੈ। ਉਸ ਦੇ ਮਾਲਕ ਬਲਵੰਤ ਸਿੰਘ ਨੇ ਇਕ ਦੁਕਾਨ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਗੁਰੂ ਨਾਨਕ ਨਗਰੀ ਤੋਂ ਕਰੀਬ 3 ਸਾਲਾਂ ਤੋਂ ਕਿਰਾਏ ’ਤੇ ਲਈ ਹੋਈ ਹੈ।
ਜਸਪ੍ਰੀਤ ਨੇ ਦੱਸਿਆ ਕਿ 20 ਜੁਲਾਈ ਨੂੰ ਮੈਂ ਦੁਕਾਨ ’ਤੇ ਹਾਜ਼ਰ ਸੀ, ਜਦਕਿ ਮੇਰਾ ਮਾਲਕ ਬਲਵੰਤ ਸਿੰਘ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਸ਼ਾਮ 5:00 ਵਜੇ ਦੁਕਾਨ ਕੋਲ ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਹਰਭਗਵਾਨ ਸਿੰਘ, ਬੇਅੰਤ ਕੌਰ ਅਤੇ 15-16 ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਹੱਥਾਂ ’ਚ ਰਾਡਾਂ ਅਤੇ ਦਸਤੇ ਫੜੇ ਹੋਏ ਅਤੇ ਉਹ ਬੇਅੰਤ ਕੌਰ ਦੇ ਕਹਿਣ ’ਤੇ ਦੁਕਾਨ ਦੇ ਜਿੰਦਰੇ ਭੰਨ ਕੇ ਉਸ ’ਚ ਪਿਆ ਸਾਮਾਨ ਬਾਹਰ ਸੁੱਟਣ ਲੱਗੇ। ਮੈਂ ਹਮਲਾਵਰਾਂ ਦੀ ਮੋਬਾਇਲ ’ਚ ਵੀਡੀਓ ਬਣਾਉਣ ਲੱਗਾ ਤਾਂ ਬੇਅੰਤ ਕੌਰ ਨੇ ਮੇਰਾ ਮੋਬਾਇਲ ਖੋਹ ਲਿਆ ਤੇ ਕੁਝ ਵਿਅਕਤੀਆਂ ਨੇ ਰਾਡਾਂ ਨਾਲ ਕੁੱਟ-ਮਾਰ ਕਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ।
ਇਸ ਦੌਰਾਨ ਰੌਲਾ ਸੁਣ ਕੇ ਦੁਕਾਨ ਮਾਲਕ ਬਲਵੰਤ ਸਿੰਘ ਦੀ ਪਤਨੀ ਰਾਜਵੰਤ ਕੌਰ ਨੇ ਛੱਤ ਉੱਪਰ ਆ ਕੇ ਦੇਖਿਆ ਕਿ ਕੁਝ ਵਿਅਕਤੀ ਉਨ੍ਹਾਂ ਦੇ ਕਰਿੰਦੇ ਦੀ ਕੁੱਟ-ਮਾਰ ਕਰ ਰਹੇ ਹਨ, ਜਦੋਂ ਉਸ ਨੇ ਰੌਲਾ ਪਾਇਆ ਤਾਂ ਉਕਤ ਸਾਰੇ ਦੁਕਾਨ ਨੂੰ ਨਵੇਂ ਜਿੰਦਰੇ ਲਾ ਕੇ ਫਰਾਰ ਹੋ ਗਏ। ਬਾਅਦ ’ਚ ਮੈਨੂੰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਬੇਅੰਤ ਕੌਰ ਪਤਨੀ ਅਮਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਹਰਭਗਵਾਨ ਸਿੰਘ ਪੁੱਤਰਾਨ ਅਮਰ ਸਿੰਘ ਵਾਸੀ ਗੁਰੂ ਨਾਨਕ ਨਗਰੀ ਅਤੇ 15-16 ਹੋਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੰਨਾ ਬਸਤੀ ਦੇ ਵਸਨੀਕ ਗੰਦਾ ਪਾਣੀ ਪੀਣ ਲਈ ਮਜਬੂਰ
NEXT STORY