ਚੰਡੀਗੜ੍ਹ : ਪੰਜਾਬ ਵਾਸੀ ਬਹੁਤ ਜਲਦ ਕੋਵਾ ਐਪ ਰਾਹੀਂ ਪੂਰੇ ਸੂਬੇ ਵਿਚ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਉਪਲੱਬਧ ਬੈੱਡਾਂ ਦੀ ਗਿਣਤੀ ਦਾ ਪਤਾ ਲਗਾ ਸਕਣਗੇ। ਕਿਸ ਹਸਪਤਾਲ ਵਿਚ ਕੋਰੋਨਾ ਦੇ ਇਲਾਜ ਲਈ ਕਿੰਨੇ ਬੈੱਡ ਹਨ, ਇਸ ਬਾਰੇ ਕੋਵਾ ਐਪ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਨੇ ਕੋਰੋਨਾ 'ਤੇ ਜਿੱਤ ਹਾਸਲ ਕਰ ਲਈ ਹੈ, ਉਹ ਦੂਜਿਆਂ ਦੀ ਮਦਦ ਕਰਨ ਦੇ ਮਕਸਦ ਨਾਲ ਪਲਾਜ਼ਮਾ ਦਾਨ ਕਰਨ ਲਈ ਆਪਣੀ ਸਵੈਇੱਛਾ ਕੋਵਾ ਐਪ ਰਾਹੀਂ ਜਤਾ ਸਕਣਗੇ।
ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕੋਵਾ ਐਪ ਕੋਵਿਡ-19 ਦੌਰਾਨ ਪੰਜਾਬ ਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਾ ਉਤੇ ਹੁਣ ਤੱਕ ਕੁੱਲ 50 ਲੱਖ ਰਜਿਸਟਰੇਸ਼ਨ ਹੋਈ, ਜੋ ਰੋਜ਼ਾਨਾ ਵਧ ਰਹੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਇਹ ਐਪਲੀਕੇਸ਼ਨ ਸਮੇਂ ਦੇ ਨਾਲ ਵਿਕਸਤ ਹੁੰਦੀ ਰਹੀ ਹੈ ਅਤੇ ਰਾਜ ਵਿੱਚ ਕਰਫਿਊ ਦੇ ਸਮੇਂ ਅਤੇ ਦੇਸ਼ ਭਰ ਵਿੱਚ ਤਾਲਾਬੰਦੀ ਦੌਰਾਨ, ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੀ ਤਕਨੀਕੀ ਟੀਮ ਸਖ਼ਤ ਮਿਹਨਤ ਕਰਦੀ ਰਹੀ ਹੈ ਅਤੇ ਉਸੇ ਸਮੇਂ ਲੋੜੀਂਦੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਦੀ ਰਹੀ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਆਨਲਾਈਨ ਓਪੀਡੀ ਲਈ ਇਸ ਨੂੰ ਈ-ਸੰਜੀਵਨੀ ਨਾਲ ਜੋੜਿਆ ਗਿਆ ਹੈ ਅਤੇ ਹੁਣ ਤੱਕ 1300 ਤੋਂ ਵੱਧ ਸਲਾਹ-ਮਸ਼ਵਰੇ ਕੀਤੇ ਜਾ ਚੁੱਕੇ ਹਨ। ਕੋਵਾ ਐਪ ਵਿੱਚ ਪ੍ਰਵਾਸੀ ਮਜ਼ਦੂਰਾਂ ਵਾਸਤੇ ਖਾਣੇ, ਆਪਣੇ ਪਿੱਤਰੀ ਰਾਜ ਜਾਣ ਲਈ ਰਜਿਸਟਰ ਕਰਨ ਅਤੇ ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣ ਲਈ ਵੀ ਵਿਕਲਪ ਹਨ।
ਨਾਗਰਿਕਾਂ ਨਾਲ ਉਨ੍ਹਾਂ ਦੇ ਖੇਤਰ ਵਿੱਚ ਕਰਿਆਨੇ/ਜ਼ਰੂਰੀ ਵਸਤਾਂ ਪ੍ਰਦਾਨ ਕਰਨ ਵਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹ ਕਰਿਆਨੇ ਦਾ ਸਾਮਾਨ ਆਨਲਾਈਨ ਵੀ ਬੁੱਕ ਕਰ ਸਕਦੇ ਹਨ। ਮਹਾਜਨ ਨੇ ਦੱਸਿਆ ਕਿ ਕਰਫਿਊ ਦੇ ਸਮੇਂ ਦੌਰਾਨ ਆਨ ਲਾਈਨ ਕਰਫਿਊ ਪਾਸ ਜਨਰੇਟ ਕਰਨ ਦਾ ਵਿਕਲਪ ਕੋਵਾ ਐਪ 'ਚ ਸ਼ਾਮਲ ਕੀਤਾ ਗਿਆ ਸੀ, ਜੋ ਕਿ ਸਬੰਧਿਤ ਨੋਡਲ ਅਧਿਕਾਰੀਆਂ ਤੋਂ ਅਧਾਰਤ ਮਨਜ਼ੂਰੀ ਸੀ। ਇਸ ਵਿਕਲਪ ਨੂੰ ਹੁਣ ਪੰਜਾਬ ਰਾਜ ਵਿੱਚ ਦਾਖਲ ਹੋਣ ਲਈ ਸਵੈ-ਰਜਿਸਟ੍ਰੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਯਾਤਰੀ ਦੇ ਕੁਆਰੰਟੀਨ ਪ੍ਰੋਟੋਕੋਲ ਦੀ ਨਿਗਰਾਨੀ ਕੀਤੀ ਜਾ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਨਾਗਰਿਕ ਐਪ ਦੀ ਵਰਤੋਂ ਕਰਦੇ ਹੋਏ ਆਪਣੇ ਨਜ਼ਦੀਕੀ ਮਰੀਜ਼/ਸ਼ੱਕੀ ਮਰੀਜ਼/ ਹੌਟਸਪੌਟ ਦੀ ਜਾਂਚ ਕਰ ਸਕਦੇ ਹਨ। ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਪ੍ਰੋਗਰਮ ਮਿਸ਼ਨ ਫ਼ਤਿਹ ਲਈ 7 ਲੱਖ ਰਜਿਸਟ੍ਰੇਸ਼ਨਾਂ ਹੋਈਆਂ ਹਨ ਜਿਸਦੀ ਗਿਣਤੀ ਵਧ ਰਹੀ ਹੈ।ਲੋਕ ਇਸ ਮੁਹਿੰਮ ਦੀਆਂ ਤਿੰਨ ਸਲਾਹਾਂ ਭਾਵ ਸਮਾਜਿਕ ਦੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਅਤੇ ਮਾਸਕ ਪਹਿਨ ਕੇ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ। ਇਨਾਂ ਨਿਰਦੇਸ਼ਾਂ ਦੀ ਪਾਲਣਾ ਕਰਕੇ ਪੰਜਾਬ ਵਿੱਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਦੂਜੇ ਰਾਜਾਂ ਨਾਲੋਂ ਬਹੁਤ ਘੱਟ ਹੈ।
ਮਹਾਜਨ ਨੇ ਅੱਗੇ ਕਿਹਾ ਕਿ ਨਾਗਰਿਕ ਆਪਣੇ ਮੋਬਾਈਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕਰਕੇ ਬਲਿਊਟੁੱਥ ਸਵਿੱਚ-ਆਨ ਰੱਖਣ। ਜੇ ਨਾਗਰਿਕ ਕੋਵਿਡ ਦੇ ਕਿਸੇ ਵੀ ਸ਼ੱਕੀ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਐਪ ਨਾਗਰਿਕ ਨੂੰ ਸੂਚਿਤ ਕਰੇਗੀ। ਇਹ ਸੇਵਾ ਬਹੁਤ ਲਾਹੇਵੰਦ ਸਾਬਤ ਹੋਈ ਹੈ। ਇਸਦੇ ਨਾਲ ਹੀ ਨਾਗਰਿਕ ਐਪ ਤੋਂ ਉਨਾਂ ਦੀ ਸਿਹਤ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ ਅਤੇ ਐਪ ਉਨਾਂ ਨੂੰ ਸੁਝਾਅ ਦੇਵੇਗੀ ਕਿ ਉਹ ਸਿਹਤਮੰਦ ਹਨ ਜਾਂ ਉਨਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੈ। ਇਹ ਤੁਹਾਡੇ ਨੇੜੇ ਦੇ ਕੋਵਿਡ -19 ਟੈਸਟ ਸੈਂਟਰਾਂ ਦੀ ਜਾਣਕਾਰੀ ਵੀ ਦੇਵੇਗੀ। ਕੋਵਾ ਪਲੇਟਫਾਰਮ ਨੂੰ ਆਈਸੀਐਮਆਰ ਪਲੇਟਫਾਰਮ ਨਾਲ ਜੋੜਿਆ ਗਿਆ ਹੈ ਜੋ ਕਿ ਸੂਬੇ ਵਿੱਚ ਆਪਣਾ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਨੂੰ ਰੋਜ਼ਾਨਾ ਆਧਾਰ 'ਤੇ ਟੈਸਟ ਰਿਪੋਰਟ (ਨੈਗੇਟਿਵ ਜਾਂ ਪਾਜ਼ੇਟਿਵ) ਭੇਜਣ ਵਿੱਚ ਸਹਾਇਤਾ ਕਰਦਾ ਹੈ।
ਲੁਧਿਆਣਾ 'ਚ ਵੱਧਦਾ ਜਾ ਰਿਹੈ ਕੋਰੋਨਾ, 255 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 10 ਮਰੀਜ਼ਾਂ ਦੀ ਮੌਤ
NEXT STORY