ਜਲੰਧਰ (ਨਰਿੰਦਰ ਮੋਹਨ)- ਪੰਜਾਬ ਜਲ ਸਰੋਤ ਵਿਭਾਗ ਦੇ 6 ਹੋਰ ਇੰਜੀਨੀਅਰਾਂ ’ਤੇ ਸਰਕਾਰ ਦੀ ਗਾਜ ਡਿੱਗਣ ਵਾਲੀ ਹੈ। ਇਹ ਉਹ ਇੰਜੀਨੀਅਰ ਹਨ, ਜਿਨ੍ਹਾਂ ’ਤੇ ਸਰਹਿੰਦ ਫੀਡਰ ਦੀ ਉਸਾਰੀ ’ਚ ਗੰਭੀਰ ਲਾਪ੍ਰਵਾਹੀ ਦਾ ਦੋਸ਼ ਹੈ। ਇਨ੍ਹਾਂ ਇੰਜੀਨੀਅਰਾਂ ਦੇ ਨਾਲ-ਨਾਲ ਦੋ ਠੇਕੇਦਾਰ ਵੀ ਹਨ, ਜਿਨ੍ਹਾਂ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ। ਫ਼ਿਰੋਜ਼ਪੁਰ ਤੋਂ ਚੱਲ ਕੇ ਪੰਜਾਬ ਦੇ ਲੰਬੀ ਖੇਤਰ ਤਕ ਚੱਲਦੇ ਸਰਹਿੰਦ ਫੀਡਰ ’ਚ ਮੁੜ ਤ੍ਰੇੜਾਂ ਦਿਖਾਈ ਦੇਣ ਲੱਗ ਪਈਆਂ ਹਨ। ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਚਾਰਜਸ਼ੀਟ ਕੀਤੇ ਗਏ 6 ਇੰਜੀਨੀਅਰਾਂ ਤੋਂ ਜਲਦੀ ਜਵਾਬ ਮੰਗਿਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਤੋਂ ਹੀ ਮੁਅੱਤਲ ਐੱਸ. ਈ. ਸਿੱਧੇ ਤੌਰ ’ਤੇ ਅਣਗਹਿਲੀ ’ਚ ਸ਼ਾਮਲ ਨਾ ਹੋਇਆ ਤਾਂ ਉਸ ਨੂੰ ਬਹਾਲ ਕੀਤਾ ਜਾਵੇਗਾ।
ਅਪ੍ਰੈਲ ਅਤੇ ਮਈ ਮਹੀਨੇ ’ਚ ਇਕੋ ਥਾਂ ’ਤੇ ਦੋ ਵਾਰ ਸਰਹਿੰਦ ਫੀਡਰ ਟੁੱਟ ਗਿਆ ਸੀ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ। ਇਸ ਮਾਮਲੇ ’ਚ ਸਰਕਾਰ ਨੇ ਜਲ ਸਰੋਤ ਵਿਭਾਗ ਦੇ ਐੱਸ. ਈ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਪਰ ਬਾਅਦ ’ਚ ਜਦੋਂ ਸਰਕਾਰ ਵੱਲੋਂ ਗਠਿਤ ਵਿਭਾਗ ਦੀ ਵਿਜੀਲੈਂਸ ਕਮੇਟੀ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਰਾਜਸਥਾਨ ਫੀਡਰ ਅਤੇ ਈਸਟਰਨ ਕੈਨਾਲ ਡਵੀਜ਼ਨ ਦੇ ਦੋ ਕਾਰਜਕਾਰੀ ਇੰਜੀਨੀਅਰਾਂ, ਦੋ ਐੱਸ. ਡੀ. ਓ. ਅਤੇ ਦੋ ਜੇ. ਈ. ’ਤੇ ਸਿੱਧੇ ਤੌਰ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਨਾਲ ਲਾਪਰਵਾਹੀ ਵਰਤਣ ਦੇ ਦੋਸ਼ ’ਚ ਦੋ ਠੇਕੇਦਾਰ ਵੀ ਸ਼ਾਮਲ ਪਾਏ ਗਏ। ਇਸ ਮਾਮਲੇ ’ਚ ਐੱਸ. ਈ. ਦਾ ਇਲਜ਼ਾਮ ਸਿਰਫ਼ ਇਹ ਸੀ ਕਿ ਉਹ ਡਵੀਜ਼ਨ ਦਾ ਸੀਨੀਅਰ ਅਧਿਕਾਰੀ ਸੀ। ਛੇ ਇੰਜੀਨੀਅਰਾਂ ਨੂੰ ਚਾਰਜਸ਼ੀਟ ਜਾਰੀ ਹੋਏ ਕਰੀਬ ਡੇਢ ਮਹੀਨਾ ਹੋ ਗਿਆ ਹੈ ਪਰ ਵਿਭਾਗ ਵੱਲੋਂ ਛੇ ਇੰਜੀਨੀਅਰਾਂ ਖ਼ਿਲਾਫ਼ ਮੁੱਢਲੀ ਕਾਰਵਾਈ ’ਚ ਦੇਰੀ ਕੀਤੇ ਜਾਣ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਹੈ ਕਿ ਸਰਹਿੰਦ ਫੀਡਰ ’ਚ ਇਕ ਵਾਰ ਫਿਰ ਤੋਂ ਲੰਬੀ ਖੇਤਰ ’ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨੂੰ ਲੈ ਕੇ ਕਿਸਾਨ ਚਿੰਤਤ ਹੋਣ ਲੱਗੇ ਹਨ। ਇਸ ਤੋਂ ਪਹਿਲਾਂ ਵੀ ਸਾਲ 2019 ’ਚ ਨਹਿਰ ਦੀ ਉਸਾਰੀ ਤੋਂ ਬਾਅਦ ਤਰੇੜਾਂ ਆ ਗਈਆਂ ਸਨ। ਠੇਕੇਦਾਰ ਨੇ ਇਨ੍ਹਾਂ ਤਰੇੜਾਂ ਨੂੰ ਤਾਂ ਭਰ ਦਿੱਤਾ ਸੀ ਪਰ ਕੰਮਕਾਜ ਦੇ ਪ੍ਰਬੰਧਾਂ ਕਾਰਨ ਮੁੜ ਉਹੀ ਸਥਿਤੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਵਿਭਾਗ ਦੀ ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਹਿਰ ਦਾ ਡਿਜ਼ਾਈਨ ਗਲਤ ਬਣਾਇਆ ਗਿਆ ਸੀ ਅਤੇ ਸੀਲ ਅਤੇ ਸੀਮਿੰਟ ਦੀ ਵੀ ਸਹੀ ਵਰਤੋਂ ਨਹੀਂ ਕੀਤੀ ਗਈ ਸੀ ਪਰ ਬਾਅਦ ’ਚ ਮੁਰੰਮਤ ਤੋਂ ਬਾਅਦ ਵੀ ਅਧਿਕਾਰੀਆਂ ਨੇ ਹੀ ਅਜਿਹੀ ਸਥਿਤੀ ਪੈਦਾ ਹੋਣ ਕਾਰਨ ਨਹਿਰ ਦੀ ਮਜ਼ਬੂਤੀ ਦੇ ਭਵਿੱਖ ’ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਨਹਿਰ ਦੇ ਪਹਿਲੇ ਪੜਾਅ ਦੀ ਉਸਾਰੀ ਸਮੇਂ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ੱਕ ਦੇ ਘੇਰੇ ’ਚ ਸਨ, ਹੁਣ ਉਹ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਨੂੰ ਜਾਂਚ ਲਈ ਬੁਲਾਉਣ ਜਾਂ ਨਾ ਬੁਲਾਉਣ ਬਾਰੇ ਵੀ ਮੰਥਨ ਚੱਲ ਰਿਹਾ ਹੈ।
ਇਸ ਸਾਰੇ ਮਾਮਲੇ ਸਬੰਧੀ ਜਦੋਂ ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚਾਰਜਸ਼ੀਟ ਕੀਤੇ ਗਏ ਇੰਜੀਨੀਅਰਾਂ ਤੋਂ ਜਵਾਬ ਮੰਗਿਆ ਗਿਆ ਹੈ ਅਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਤੋਂ ਪਹਿਲਾਂ ਮੁਅੱਤਲ ਕੀਤੇ ਗਏ ਐੱਸ. ਈ. ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਉਹ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੋਏ ਤਾਂ ਉਨ੍ਹਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।
ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਗ੍ਰਿਫ਼ਤਾਰ, SYL ’ਤੇ ਸੁਪਰੀਮ ਕੋਰਟ ਦੀ ਸਲਾਹ, ਪੜ੍ਹੋ TOP 10
NEXT STORY