ਲੁਧਿਆਣਾ(ਜ. ਬ.)-ਥਾਣਾ ਡਵੀਜ਼ਨ ਨੰ. 2 ਵਿਖੇ ਆਨ ਡਿਊਟੀ ਸ਼ਰਾਬ ਪੀ ਕੇ ਦੋ ਹੈੱਡਕਾਂਸਟੇਬਲ ਆਪਸ ਵਿਚ ਉਲਝ ਗਏ ਅਤੇ ਨਾਲ ਹੀ ਸ਼ਰਾਬ ਪੀ ਰਹੇ ਏ. ਐੱਸ. ਆਈ. ਨੇ ਉਨ੍ਹਾਂ ਨੂੰ ਰੋਕਣ ਤੱਕ ਦਾ ਯਤਨ ਨਹੀਂ ਕੀਤਾ। ਪਤਾ ਲੱਗਦੇ ਹੀ ਤੁਰੰਤ ਥਾਣੇ ਪੁੱਜੇ ਇੰਚਾਰਜ ਇੰਸ. ਅਸ਼ੋਕ ਕੁਮਾਰ ਨੇ ਤਿੰਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਵਿਭਾਗੀ ਕਾਰਵਾਈ ਲਈ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ। ਜਾਣਕਾਰੀ ਮੁਤਾਬਕ ਲਗਭਗ 4 ਦਿਨ ਪਹਿਲਾਂ ਏ. ਐੱਸ. ਆਈ. ਸ਼ੀਤਲ ਰਾਮ ਨਾਈਟ ਡਿਊਟੀ 'ਤੇ ਸੀ। ਪੁਲਸ ਸਟੇਸ਼ਨ ਵਿਚ ਹੀ ਉਸ ਨੇ ਹੈੱਡਕਾਂਸਟੇਬਲ ਉਂਕਾਰ ਸਿੰਘ ਅਤੇ ਕਸ਼ਮੀਰ ਸਿੰਘ ਨਾਲ ਸ਼ਰਾਬ ਪੀਤੀ। ਇਸੇ ਦੌਰਾਨ ਦੋਵੇਂ ਹੈੱਡ ਕਾਂਸਟੇਬਲਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝਗੜਾ ਹੋ ਗਿਆ। ਏ. ਐੱਸ. ਆਈ. ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਸਗੋਂ ਤਮਾਸ਼ਾ ਦੇਖਦਾ ਰਿਹਾ। ਮੌਕੇ 'ਤੇ ਪੁੱਜੇ ਥਾਣਾ ਇੰਚਾਰਜ ਨੇ ਏ. ਐੱਸ. ਆਈ. ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ। ਸ਼ਰਾਬ ਦੀ ਪੁਸ਼ਟੀ ਹੋਣ 'ਤੇ ਉਸ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਗਿਆ। ਬਾਅਦ ਵਿਚ ਦੋਵਾਂ ਕਾਂਸਟੇਬਲਾਂ ਦਾ ਨਸ਼ੇ ਵਿਚ ਚੂਰ ਹੋਣ ਦਾ ਪਤਾ ਲੱਗਣ 'ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ।
ਥਾਣੇ ਵਿਚ ਬਣੀ ਵੀਡੀਓ
ਸੂਤਰਾਂ ਮੁਤਾਬਕ ਨਸ਼ੇ ਵਿਚ ਚੂਰ ਪੁਲਸ ਮੁਲਾਜ਼ਮਾਂ ਦੇ ਆਪਸ ਵਿਚ ਹੋਏ ਝਗੜੇ ਦੀ ਥਾਣੇ ਵਿਚ ਡਿਊਟੀ ਕਰ ਰਹੇ ਇਕ ਮੁਲਾਜ਼ਮ ਨੇ ਆਪਣੇ ਮੁਬਾਇਲ ਨਾਲ ਵੀਡੀਓ ਬਣਾ ਲਈ। ਇੰਨਾ ਹੀ ਨਹੀਂ ਥਾਣੇ ਵਿਚ ਲੱਗੇ ਕੈਮਰਿਆਂ ਵਿਚ ਵੀ ਉਕਤ ਹਰਕਤ ਕੈਦ ਹੋ ਗਈ। ਪੁਲਸ ਨੇ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ।
ਥਾਣੇ 'ਚ ਸ਼ਰਾਬ ਪੀਣਾ ਸ਼ਰਮਨਾਕ
ਆਨ ਡਿਊਟੀ ਪੁਲਸ ਮੁਲਾਜ਼ਮਾਂ ਵਲੋਂ ਥਾਣੇ ਵਿਚ ਬੈਠ ਕੇ ਸ਼ਰਾਬ ਪੀਣਾ ਪੁਲਸ ਵਿਭਾਗ ਲਈ ਕਾਫੀ ਸ਼ਰਮਨਾਕ ਗੱਲ ਹੈ। ਜੋ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੇ ਖੁਦ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਸਮੇਂ ਕੋਈ ਗੁਰੇਜ਼ ਨਹੀਂ ਕਰਦੇ।
ਨਿਗਮ ਨੇ ਗਰੀਬ ਪਰਿਵਾਰ ਦੀ ਦੁਕਾਨ ਕੀਤੀ ਢਹਿ-ਢੇਰੀ
NEXT STORY