ਅਬੋਹਰ(ਰਹੇਜਾ)—ਬੀਤੀ ਰਾਤ ਨਵੀਂ ਫਾਜ਼ਿਲਕਾ ਰੋਡ 'ਤੇ ਡੀ. ਐੱਸ. ਪੀ. (ਬੱਲੂਆਣਾ) ਦਫਤਰ ਦੇ ਸਾਹਮਣਿਓਂ ਚੋਰਾਂ ਨੇ ਦੋ ਦੁਕਾਨਾਂ 'ਤੇ ਦੂਜੀ ਵਾਰ ਹੱਲਾ ਬੋਲਦੇ ਹੋਏ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਿੱਟੂ ਡੇਅਰੀ ਅਤੇ ਪੱਠਿਆਂ ਦੀ ਟਾਲ ਚਲਾਉਣ ਵਾਲੇ ਗੁਰਨੇਕ ਸਿੰਘ ਬਿੱਟੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਉਹ ਦੁਕਾਨ ਬੰਦ ਕਰ ਕੇ ਘਰ ਗਿਆ ਸੀ । ਅੱਜ ਸਵੇਰੇ ਜਦੋਂ ਉਸ ਨੇ ਦੁਕਾਨ ਖੋਲ੍ਹੀ ਤਾਂ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ । ਉਸ ਨੇ ਜਦ ਦੁਕਾਨ ਦੀ ਪੜਤਾਲ ਕੀਤੀ ਤਾਂ ਉਸਨੇ ਵੇਖਿਆ ਕਿ ਉਸਦੀ ਦੁਕਾਨ ਦੀ ਛੱਤ 'ਤੇ ਲੱਗੇ ਜਾਲ ਦੀ ਫਾਈਬਰ ਸ਼ੀਟ ਟੁੱਟੀ ਹੋਈ ਸੀ । ਚੋਰ ਉਸਦੀ ਦੁਕਾਨ ਵਿਚ ਜਾਲ ਦਾ ਫਾਈਬਰ ਤੋੜ ਕੇ ਵੜੇ ਸਨ । ਦੁਕਾਨ 'ਚੋਂ 35 ਕਿੱਲੋ ਦੇਸੀ ਘਿਓ, ਕੋਲਡ ਡ੍ਰਿੰਕ, ਹਲਦੀ ਅਤੇ ਮਿਰਚਾਂ ਗਾਇਬ ਸਨ । ਦੁਕਾਨਦਾਰ ਮੁਤਾਬਕ ਉਸਦਾ ਕਰੀਬ 15-20 ਹਜ਼ਾਰ ਦਾ ਨੁਕਸਾਨ ਹੋਇਆ ਹੈ । ਇਸੇ ਤਰ੍ਹਾਂ ਇਕ ਹੋਰ ਦੁਕਾਨ ਸ਼ੁਭਮ ਸਟੇਸ਼ਨਰੀ ਦੇ ਮਾਲਕ ਸ਼ੁਭਮ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 10 ਵਜੇ ਦੁਕਾਨ ਬੰਦ ਕਰ ਕੇ ਗਿਆ ਸੀ । ਅੱਜ ਸਵੇਰੇ ਜਦੋਂ ਉਸ ਨੇ ਵੇਖਿਆ ਤਾਂ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ । ਜਦ ਉਸਨੇ ਦੁਕਾਨ ਦੀ ਪੜਤਾਲ ਕੀਤੀ ਤਾਂ ਉਸਦੀ ਛੱਤ ਦਾ ਦਰਵਾਜ਼ਾ ਟੁੱਟਿਆ ਪਿਆ ਸੀ । ਚੋਰ ਛੱਤ ਦਾ ਦਰਵਾਜ਼ਾ ਤੋੜ ਕੇ ਦੁਕਾਨ ਵਿਚ ਵੜੇ ਸਨ। ਸ਼ੁਭਮ ਨੇ ਦੱਸਿਆ ਕਿ ਚੋਰ ਉਸਦਾ ਸਟੇਸ਼ਨਰੀ ਦਾ ਸਾਮਾਨ ਚੋਰੀ ਕਰ ਕੇ ਲੈ ਗਏ । ਦੁਕਾਨਦਾਰ ਮੁਤਾਬਕ ਉਸਦਾ ਕਰੀਬ 5-7 ਹਜ਼ਾਰ ਦਾ ਨੁਕਸਾਨ ਹੋਇਆ ਹੈ । ਹੈਰਾਨੀ ਦੀ ਗੱਲ ਹੈ ਕਿ ਦੋਵਾਂ ਦੁਕਾਨਾਂ ਅੱਗੇ ਡੀ. ਐੱਸ. ਪੀ. ਦਾ ਦਫਤਰ ਹੈ, ਜਿੱਥੇ ਕਿ 24 ਘੰਟੇ ਪੁਲਸ ਦਾ ਪਹਿਰਾ ਰਹਿੰਦਾ ਹੈ । ਇਸ ਤੋਂ ਪਹਿਲਾਂ ਵੀ ਚੋਰ ਇਨ੍ਹਾਂ ਦੁਕਾਨਾਂ 'ਚੋਂ ਚੋਰੀ ਕਰ ਚੁੱਕੇ ਹਨ । ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਪੁਲਸ ਦੀ ਪ੍ਰਵਾਹ ਨਾ ਕਰਦੇ ਹੋਏ ਦੁਕਾਨਾਂ ਵਿਚ ਹੱਲਾ ਬੋਲ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ।
ਨਸ਼ੇ ਵਾਲੇ ਪਦਾਰਥਾਂ ਸਣੇ 5 ਗ੍ਰਿਫਤਾਰ ; 1 ਫਰਾਰ
NEXT STORY