ਲੁਧਿਆਣਾ(ਰਿਸ਼ੀ)-ਸੋਮਵਾਰ ਸਵੇਰੇ ਲਗਭਗ 10 ਵਜੇ ਗੁਰਚਰਨ ਪਾਰਕ, ਗਾਂਧੀ ਕਾਲੋਨੀ 'ਚ ਲਾੜੇ ਦੇ ਬਰਾਤੀਆਂ ਨੇ ਮੁਹੱਲੇ 'ਚ ਇਕ ਘਰ ਦੇ ਬਾਹਰ ਕਾਰ ਪਾਰਕ ਕਰਨ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦ ਗੁਆਂਢ 'ਚ ਰਹਿੰਦੀ ਲੜਕੀ ਨਿਤਿਕਾ ਆਹੂਜਾ ਘਰ ਤੋਂ ਬਾਹਰ ਆਈ ਤਾਂ ਉਸ ਨਾਲ ਦੁਰਵਿਵਹਾਰ ਕਰ ਕੇ ਫਰਾਰ ਹੋ ਗਏ। ਸ਼ਾਮ ਨੂੰ ਬਰਾਤ ਲੈ ਕੇ ਵਾਪਸ ਜਾਂਦੇ ਸਮੇਂ ਨਸ਼ੇ 'ਚ ਟੱਲੀ ਸਨ ਅਤੇ ਘਰ ਕੋਲ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਜਾ ਰਹੀ ਲੜਕੀ ਨਾਲ ਫਿਰ ਝਗੜ ਪਏ ਅਤੇ ਗਾਲ੍ਹਾਂ ਕੱਢੀਆਂ। ਲੜਕੀ ਵੱਲੋਂ ਵਿਰੋਧ ਕਰਨ 'ਤੇ ਉਸ ਦੇ ਥੱਪੜ ਮਾਰ ਦਿੱਤੇ।
ਲੜਕੀ ਨੇ ਘਰ ਜਾ ਕੇ ਪਿਤਾ ਕੰਵਲਜੀਤ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਉਹ ਸ਼ਾਮ ਲਗਭਗ 7 ਵਜੇ ਮੁਹੱਲੇ ਦੇ ਨੌਜਵਾਨ ਦੇ ਘਰ ਗਏ ਤਾਂ ਉਥੇ ਦੋਵਾਂ ਧਿਰਾਂ ਆਪਸ 'ਚ ਝਗੜ ਪਈਆਂ ਅਤੇ ਇਕ-ਦੂਜੇ 'ਤੇ ਇੱਟਾਂ-ਪੱਥਰ ਮਾਰੇ। ਹਮਲੇ 'ਚ ਦੋਵਾਂ ਧਿਰਾਂ ਦੇ ਦੋ ਲੋਕ ਜ਼ਖ਼ਮੀ ਹੋ ਗਏ। ਇਕ ਧਿਰ ਵੱਲੋਂ ਲੜਕੀ ਦੇ ਪਿਤਾ 'ਤੇ ਫਾਇਰਿੰਗ ਕਰਨ ਦਾ ਦੋਸ਼ ਲਾਇਆ ਗਿਆ। ਪਤਾ ਲੱਗਦੇ ਹੀ ਏ. ਡੀ. ਸੀ. ਪੀ. ਕ੍ਰਾਈਮ ਰਤਨ ਸਿੰਘ ਬਰਾੜ, ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ, ਥਾਣਾ ਡਵੀਜ਼ਨ ਨੰ. 5 ਦੇ ਇੰਚਾਰਜ ਇੰਸ. ਜਤਿੰਦਰ ਸਿੰਘ, ਸੀ. ਆਈ. ਏ. ਇੰਚਾਰਜ ਪ੍ਰੇਮ ਸਿੰਘ ਪੁਲਸ ਪਾਰਟੀਆਂ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਂਚ 'ਚ ਜੁਟ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੇ ਰਹਿਣ ਵਾਲੇ ਜਸਵੀਰ ਸਿੰਘ ਦੇ ਬੇਟੇ ਦਮਨਜੀਤ ਸਿੰਘ ਦਾ ਵਿਆਹ ਸੀ। ਮੁਹੱਲੇ ਦੇ ਰਹਿਣ ਵਾਲੇ ਬਰਾਤੀ ਸਵੇਰੇ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗਾਲ੍ਹਾਂ ਕੱਢ ਰਹੇ ਸਨ ਪਰ ਸਵੇਰੇ ਬਰਾਤ ਜਾਣ ਕਾਰਨ ਉਨ੍ਹਾਂ ਨੇ ਕੁੱਝ ਨਹੀਂ ਕਿਹਾ, ਸ਼ਾਮ ਨੂੰ ਫਿਰ ਤੋਂ ਮੁਹੱਲੇ 'ਚ ਆ ਕੇ ਦੁਰਵਿਵਹਾਰ ਕਰਨ ਲੱਗ ਪਏ। ਵਿਰੋਧ ਕਰਨ 'ਤੇ ਉਸ ਦੇ ਥੱਪੜ ਮਾਰ ਦਿੱਤੇ। ਲੜਕੀ ਅਨੁਸਾਰ ਸਾਰੇ ਨੌਜਵਾਨ ਨਸ਼ੇ 'ਚ ਟੱਲੀ ਸਨ। ਉਸ ਨੇ ਘਰ ਆ ਕੇ ਸਾਰੀ ਗੱਲ ਦੱਸੀ ਤਾਂ ਪਿਤਾ ਰਿਸ਼ਤੇਦਾਰਾਂ ਨਾਲ ਉਨ੍ਹਾਂ ਦੇ ਘਰ ਗਏ ਤਾਂ ਦੂਜੀ ਧਿਰ ਨੇ ਗੱਲ ਸੁਣਨ ਦੀ ਬਜਾਏ ਉਨ੍ਹਾਂ 'ਤੇ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਵਿਚ ਉਸ ਦੇ ਪਿਤਾ ਜ਼ਖ਼ਮੀ ਹੋ ਗਏ। ਉਥੇ ਦੂਜੀ ਧਿਰ ਦੇ ਲੋਕਾਂ ਨੇ ਲੜਕੀ ਧਿਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਉਂਦੇ ਹੀ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਤਰਨਜੀਤ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਇੰਚਾਰਜ ਅਨੁਸਾਰ ਲੜਕੀ ਪੱਖ ਦੇ ਲੋਕ 2 ਮਹੀਨੇ ਪਹਿਲਾਂ ਇਲਾਕੇ 'ਚ ਆਏ ਹਨ। ਉਨ੍ਹਾਂ ਦੀ ਲਾਇਸੈਂਸੀ ਰਿਵਾਲਵਰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਫਾਇਰਿੰਗ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਲੜਕੀ ਦੀ ਸ਼ਿਕਾਇਤ 'ਤੇ ਛੇੜਛਾੜ ਸਮੇਤ ਹੋਰ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਹੈ।
ਨੌਜਵਾਨ ਨੇ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਕੀਤੀ ਆਤਮਹੱਤਿਆ
NEXT STORY