ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਖਿਲਾਫ ਭਾਰਤ ਨਾਲੋਂ ਤੋੜ-ਵਿਛੋੜੇ ਦਾ ਸੱਦਾ ਦਿੰਦੇ 'ਜਨਮਤ 2020' ਦੀ ਹਮਾਇਤ ਕਰਕੇ ਰਾਸ਼ਟਰ-ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਇੱਥੇ ਇਕ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਖਹਿਰਾ ਸਿਰਫ ਪੰਜਾਬ ਨੂੰ ਭਾਰਤ ਨਾਲੋਂ ਵੱਖ ਕੀਤੇ ਜਾਣ ਦੀ ਹੀ ਵਕਾਲਤ ਨਹੀਂ ਕਰ ਰਿਹਾ ਹੈ, ਸਗੋਂ ਫਿਰਕੂ ਭਾਵਨਾਵਾਂ ਨੂੰ ਭੜਕਾ ਕੇ ਮੁਸ਼ਕਿਲ ਨਾਲ ਹਾਸਲ ਕੀਤੀ ਸ਼ਾਂਤੀ ਲਈ ਵੀ ਖਤਰਾ ਖੜ੍ਹਾ ਕਰ ਰਿਹਾ ਹੈ। 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ 'ਤੇ ਖਾਮੋਸ਼ ਕਿਉਂ ਹਨ? ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਖਹਿਰਾ ਦੇ ਸਟੈਂਡ ਦਾ ਸਮਰਥਨ ਕਰਦੇ ਹਨ? ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਅਜੇ ਤੱਕ ਖਹਿਰਾ ਖ਼ਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਪੰਜਾਬ ਵਿਚਲੇ ਵਿਧਾਇਕਾਂ ਨੂੰ ਵੀ ਪੁੱਛਿਆ ਕਿ ਕੀ ਉਹ ਮਸ਼ਹੂਰ ਪਾਕਿਸਤਾਨੀ ਆਈ. ਐੱਸ. ਆਈ. ਏਜੰਟ ਗੁਰਪਤਵੰਤ ਪੰਨੂ ਵੱਲੋਂ ਤਿਆਰ ਕੀਤੇ ਗਏ ਜਨਮਤ 2020 ਦਾ ਸਮਰਥਨ ਕਰਦੇ ਹਨ? ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਸਾਡੇ ਦੇਸ਼ ਵਿਚ ਪ੍ਰਚੱਲਿਤ ਚੋਣ ਦੀ ਲੋਕਤੰਤਰਿਕ ਪ੍ਰਕਿਰਿਆ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਕੀ ਬਾਹਰੀ ਤਾਕਤਾਂ ਨੂੰ ਇਸ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ?
ਖਹਿਰਾ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਖਹਿਰਾ ਨੂੰ ਵੀ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਕ ਚੁਣੇ ਹੋਏ ਨੁਮਾਇੰਦੇ ਵਜੋਂ ਭਾਰਤੀ ਸੰਵਿਧਾਨ ਪ੍ਰਤੀ ਪ੍ਰਤੀਬੱਧ ਹੁੰਦਿਆਂ ਉਸ ਨੇ ਇਸ ਜਨਮਤ ਦੀ ਮੰਗ ਦਾ ਸਮਰਥਨ ਕਿਉਂ ਕੀਤਾ? ਸਾਰੇ ਪੰਜਾਬੀ ਅਤੇ ਭਾਰਤੀ ਇਕ ਮਜ਼ਬੂਤ, ਲੋਕਤੰਤਰਿਕ ਅਤੇ ਅਗਾਂਹਵਧੂ ਭਾਰਤ ਦੇ ਪੱਖ ਵਿਚ ਹਨ ਅਤੇ ਖਹਿਰਾ ਵਾਂਗ ਇਸ ਦੇ ਉਲਟ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਸਿੱਧਾ ਹੀ ਇਕ ਰਾਸ਼ਟਰ-ਵਿਰੋਧੀ ਗਤੀਵਿਧੀ ਵਿਚ ਭਾਗ ਲੈ ਰਿਹਾ ਹੈ । ਉਨ੍ਹਾਂ ਕਿਹਾ ਕਿ ਜਿੱਥੋਂ ਤਕ ਸ਼੍ਰੋਮਣੀ ਅਕਾਲੀ ਦਲ ਦਾ ਸਬੰਧ ਹੈ, ਇਹ ਪਾਰਟੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਪਹਿਰੇਦਾਰ ਹੈ ਅਤੇ ਕਿਸੇ ਵੀ ਖਹਿਰਾ ਵਰਗੇ ਸਿਆਸੀ ਵਿਅਕਤੀ ਜਾਂ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਸੁਰੱਖਿਆ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵੇਗੀ ।
ਸੀਵਰੇਜ ਜਾਮ ਹੋਣ ਕਾਰਨ ਸ਼ਹਿਰ ’ਚ ਮਚੀ ਹਾਹਾਕਾਰ, ਬੀਮਾਰੀਆਂ ਫੈਲਣ ਦਾ ਖਤਰਾ
NEXT STORY