ਅੰਮ੍ਰਿਤਸਰ, (ਇੰਦਰਜੀਤ, ਨੀਰਜ)- ਜੰਡਿਆਲਾ ਗੁਰੂ ਸਥਿਤ ਵੀਰੂ ਮੱਲ ਮੁਲਖ ਰਾਜ ਰਾਈਸ ਸ਼ੈਲਰ ਦੇ ਗੋਦਾਮਾਂ 'ਚ ਡੀ. ਸੀ. ਕਮਲਦੀਪ ਸਿੰਘ ਸੰਘਾ ਦੇ ਹੁਕਮਾਂ 'ਤੇ ਡਿਊਟੀ ਨਿਆਂ ਅਧਿਕਾਰੀ ਦੀ ਨਿਗਰਾਨੀ ਵਿਚ ਸ਼ੁਰੂ ਕੀਤੀ ਗਈ ਝੋਨੇ ਦੀਆਂ ਬੋਰੀਆਂ ਦੀ ਗਿਣਤੀ ਦੌਰਾਨ ਸਥਿਤੀ ਉਸ ਸਮੇਂ ਨਵਾਂ ਮੋੜ ਲੈ ਗਈ ਜਦੋਂ 400 ਕਰੋੜ ਦੇ ਲੈਣਦਾਰਾਂ ਸਾਹਮਣੇ ਮਾਲ ਦੀ ਕੀਮਤ ਸਿਰਫ 18 ਕਰੋੜ ਰੁਪਏ ਨਿਕਲੀ ਅਤੇ 32 ਕਰੋੜ ਦਾ ਝੋਨਾ ਘੱਟ ਨਿਕਲਿਆ। ਇਸ ਗਿਣਤੀ ਤੋਂ ਪਹਿਲਾਂ ਬੈਂਕਾਂ ਵੱਲੋਂ ਗੋਦਾਮਾਂ ਵਿਚ ਤਾਲੇ ਲਾ ਦਿੱਤੇ ਗਏ ਸਨ, ਜਿਨ੍ਹਾਂ ਨੂੰ ਅੱਜ ਡਿਊਟੀ ਨਿਆਂ ਅਧਿਕਾਰੀ ਦੀ ਇਜਾਜ਼ਤ ਤੋਂ ਬਾਅਦ ਤੋੜ ਦਿੱਤਾ ਗਿਆ ਅਤੇ ਗਿਣਤੀ ਸ਼ੁਰੂ ਹੋ ਗਈ ਪਰ ਜਿਵੇਂ ਹੀ ਝੋਨੇ ਦੀਆਂ ਬੋਰੀਆਂ ਦੀ ਗਿਣਤੀ ਸ਼ੁਰੂ ਹੋਈ ਤਾਂ ਬੈਂਕ, ਫੂਡ ਸਪਲਾਈ ਵਿਭਾਗ, ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ, ਆੜ੍ਹਤੀ ਅਤੇ ਲੇਬਰ ਠੇਕੇਦਾਰ ਆਪਣੀ-ਆਪਣੀ ਵਸੂਲੀ ਨੂੰ ਲੈ ਕੇ ਦਾਅਵੇ ਕਰ ਰਹੇ ਸਨ ਪਰ ਸਟਾਕ ਦਾ ਗ੍ਰਾਫ ਆਉਂਦੇ ਹੀ ਹਾਰੇ ਉਮੀਦਵਾਰ ਦੀ ਤਰ੍ਹਾਂ ਸਾਰੇ ਗਰਜਣ ਲੱਗੇ ਕਿਉਂਕਿ ਕਿਸੇ ਦੀ ਵੀ ਵਸੂਲੀ ਪੂਰੀ ਹੁੰਦੀ ਨਜ਼ਰ ਨਹੀਂ ਆਈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਉਕਤ ਸਾਰੇ ਸਰਕਾਰੀ ਵਿਭਾਗਾਂ ਅਤੇ ਆੜ੍ਹਤੀਆਂ 'ਚ ਸਿੰਙ ਫਸਣ ਦੀ ਪੂਰੀ ਸੰਭਾਵਨਾ ਹੈ।
ਰਾਈਸ ਸ਼ੈਲਰ 'ਚ ਨਾ ਝੋਨਾ ਆਇਆ, ਨਾ ਗਿਆ
ਵੀਰੂ ਮੱਲ ਮੁਲਖ ਰਾਜ ਰਾਈਸ ਸ਼ੈਲਰ ਦੇ ਗੋਦਾਮਾਂ 'ਚ 400 ਵੈਗਨ ਭਾਵ 32 ਕਰੋੜ ਦਾ ਝੋਨਾ ਘੱਟ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਇਹ ਵੀ ਚਰਚਾ ਬਣੀ ਹੋਈ ਹੈ ਕਿ ਜਿਸ ਝੋਨੇ ਦੇ 400 ਵੈਗਨ ਨੂੰ ਗਾਇਬ ਹੋਇਆ ਮੰਨਿਆ ਜਾ ਰਿਹਾ ਹੈ ਉਹ ਝੋਨਾ ਕਦੇ ਉਕਤ ਰਾਈਸ ਸ਼ੈਲਰ ਦੇ ਗੋਦਾਮਾਂ ਵਿਚ ਆਇਆ ਹੀ ਨਹੀਂ। ਇਸ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸਸਪੈਂਡ ਕੀਤੇ ਜਾ ਚੁੱਕੇ ਫੂਡ ਸਪਲਾਈ ਵਿਭਾਗ ਦੇ ਕੰਟਰੋਲਰ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਕ ਮਹੀਨਾ ਪਹਿਲਾਂ ਗੋਦਾਮਾਂ ਵਿਚ ਸਾਰਾ ਝੋਨਾ ਪੂਰਾ ਸੀ ਪਰ ਇੰਨੇ ਘੱਟ ਸਮੇਂ ਵਿਚ ਇਹ ਝੋਨਾ ਗੋਦਾਮਾਂ ਤੋਂ ਗਾਇਬ ਕਿਵੇਂ ਹੋ ਗਿਆ, ਇਹ ਕਿਸੇ ਦੇ ਗਲ਼ੇ ਨਹੀਂ ਉਤਰ ਰਿਹਾ। ਰਾਈਸ ਸ਼ੈਲਰ ਵਿਚ ਕੰਮ ਕਰਨ ਵਾਲੀ ਲੇਬਰ ਨੇ ਵੀ ਕਿਹਾ ਹੈ ਕਿ ਝੋਨਾ ਨਾ ਤਾਂ ਸ਼ੈਲਰ ਵਿਚ ਆਇਆ ਤੇ ਨਾ ਹੀ ਬਾਹਰ ਗਿਆ। ਇੰਨਾ ਹੀ ਨਹੀਂ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਇਹੀ ਦੋਸ਼ ਲਾਇਆ ਸੀ ਕਿ ਜਿਸ 400 ਵੈਗਨ ਝੋਨੇ ਦੀ ਗਾਇਬ ਹੋਣ ਦੀ ਗੱਲ ਕਹੀ ਜਾ ਰਹੀ ਹੈ ਉਹ ਝੋਨਾ ਕਦੇ ਰਾਈਸ ਸ਼ੈਲਰ ਵਿਚ ਆਇਆ ਹੀ ਨਹੀਂ, ਸਾਰਾ ਕੁਝ ਕਾਗਜ਼ਾਂ ਵਿਚ ਹੀ ਘੁਮਾਇਆ ਜਾ ਰਿਹਾ ਹੈ।
ਬੈਂਕਾਂ ਨੇ 15 ਕਰੋੜ ਦੀ ਪ੍ਰਾਪਰਟੀ ਦੇ ਬਦਲੇ ਕਿਵੇਂ ਦੇ ਦਿੱਤੇ 250 ਕਰੋੜ
ਵੀਰੂ ਮੱਲ ਮੁਲਖ ਰਾਜ ਰਾਈਸ ਸ਼ੈਲਰ ਦੇ ਮਾਲਕਾਂ ਵੱਲੋਂ ਸਰਕਾਰੀ ਝੋਨੇ ਨੂੰ ਖੁਰਦ-ਬੁਰਦ ਤਾਂ ਕੀਤਾ ਹੀ ਗਿਆ ਹੈ, ਉਥੇ ਹੀ ਇਕੱਲੇ ਪੰਜਾਬ ਨੈਸ਼ਨਲ ਬੈਂਕ ਦਾ ਹੀ 200 ਕਰੋੜ ਰੁਪਇਆ ਵੀ ਹੜੱਪ ਕੀਤਾ ਗਿਆ ਹੈ, ਜਦੋਂ ਕਿ ਹੋਰ ਪ੍ਰਾਈਵੇਟ ਬੈਂਕਾਂ ਨੂੰ ਮਿਲਾ ਕੇ 250 ਕਰੋੜ ਤੋਂ ਵੱਧ ਦਾ ਰੁਪਇਆ ਹੜੱਪ ਕੀਤਾ ਗਿਆ ਹੈ ਪਰ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਿਰਕਾਰ ਬੈਂਕਾਂ ਨੇ ਰਾਈਸ ਮਿੱਲ ਮਾਲਕਾਂ ਦੀ 15 ਕਰੋੜ ਦੀ ਪ੍ਰਾਪਰਟੀ ਦੇ ਬਦਲੇ 250 ਕਰੋੜ ਰੁਪਏ ਦਾ ਕਰਜ਼ ਕਿਵੇਂ ਦੇ ਦਿੱਤਾ। ਅੱਜ ਜਦੋਂ ਗੋਦਾਮਾਂ ਵਿਚ ਚੈਕਿੰਗ ਦੌਰਾਨ ਇਕ ਬੈਂਕ ਅਧਿਕਾਰੀ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸ਼ੈਲਰ ਮਾਲਕ ਨੇ ਦਿੱਲੀ ਸਥਿਤ ਬੈਂਕ ਅਧਿਕਾਰੀਆਂ ਤੋਂ ਇਹ ਸਾਰਾ ਕੰਮ ਓਕੇ ਕਰਵਾਇਆ ਸੀ ਕਿਉਂਕਿ ਉਨ੍ਹਾਂ ਦੀਆਂ ਲੋਕਲ ਬ੍ਰਾਂਚਾਂ ਵਿਚ ਤਾਂ 3 ਕਰੋੜ ਤੋਂ ਵੱਧ ਲੋਨ ਦੇਣ ਦਾ ਕਿਸੇ ਕੋਲ ਅਧਿਕਾਰ ਹੀ ਨਹੀਂ ਹੈ।
ਗੋਦਾਮਾਂ 'ਚ ਪਏ ਝੋਨੇ 1121 'ਤੇ ਆੜ੍ਹਤੀਆਂ ਨੇ ਕੀਤਾ ਦਾਅਵਾ
ਅੰਮ੍ਰਿਤਸਰ : ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ ਦੇ ਗੋਦਾਮਾਂ ਵਿਚ ਸਰਕਾਰੀ ਝੋਨੇ ਤੋਂ ਇਲਾਵਾ ਬਾਸਮਤੀ 1121 ਅਤੇ 1309 ਵੀ ਪਿਆ ਹੋਇਆ ਹੈ, ਜਿਸ 'ਤੇ ਆੜ੍ਹਤੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਝੋਨਾ ਉਨ੍ਹਾਂ ਦਾ ਹੈ, ਜਦੋਂ ਕਿ ਬੈਂਕ ਵੀ ਇਸ 'ਤੇ ਆਪਣਾ ਦਾਅਵਾ ਜਤਾ ਰਿਹਾ ਹੈ। ਆੜ੍ਹਤੀਆਂ ਅਨੁਸਾਰ ਰਾਈਸ ਮਿੱਲ ਵਿਚ ਮਿਲਿੰਗ ਲਈ ਸਿਰਫ ਸਰਕਾਰੀ ਝੋਨਾ ਹੀ ਆਉਂਦਾ ਹੈ, ਜਦੋਂ ਕਿ 1121 ਤੇ ਹੋਰ ਕਿਸਮ ਦਾ ਝੋਨਾ ਆੜ੍ਹਤੀਆਂ ਵੱਲੋਂ ਰਾਈਸ ਮਿੱਲ ਮਾਲਕ ਨੂੰ ਦਿੱਤਾ ਗਿਆ ਹੈ, ਇਸ ਲਈ ਇਹ ਝੋਨਾ ਆੜ੍ਹਤੀਆਂ ਦਾ ਬਣਦਾ ਹੈ ਅਤੇ ਆੜ੍ਹਤੀ ਇਸ ਝੋਨੇ ਤੋਂ ਆਪਣੀ ਵਸੂਲੀ ਕਰ ਸਕਦੇ ਹਨ। ਫਿਲਹਾਲ ਡੀ. ਸੀ. ਵੱਲੋਂ ਆੜ੍ਹਤੀਆਂ ਦੇ ਦਾਅਵਿਆਂ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ।
ਲੇਬਰ ਦੇ 70 ਲੱਖ ਰੁਪਏ ਵੀ ਹੜੱਪ ਕਰ ਗਿਆ ਸ਼ੈਲਰ ਮਾਲਕ
ਰਾਈਸ ਸ਼ੈਲਰ ਮਾਲਕਾਂ ਨੇ ਬੈਂਕਾਂ, ਸਰਕਾਰੀ ਖਰੀਦ ਏਜੰਸੀਆਂ ਤੇ ਆੜ੍ਹਤੀਆਂ ਨਾਲ ਅਰਬਾਂ ਰੁਪਇਆਂ ਦੀ ਗੜਬੜੀ ਤਾਂ ਕੀਤੀ ਹੀ ਹੈ, ਉਥੇ ਰਾਈਸ ਮਿੱਲ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਤੱਕ ਨੂੰ ਵੀ ਨਹੀਂ ਬਖਸ਼ਿਆ। ਅੱਜ ਜਦੋਂ ਪ੍ਰਸ਼ਾਸਨ ਵੱਲੋਂ ਝੋਨੇ ਦੀਆਂ ਬੋਰੀਆਂ ਦੀ ਚੈਕਿੰਗ ਨੂੰ ਸ਼ੁਰੂ ਕੀਤਾ ਗਿਆ ਤਾਂ ਰਾਈਸ ਮਿੱਲ ਵਿਚ ਕੰਮ ਕਰਨ ਵਾਲੇ ਲੇਬਰ ਠੇਕੇਦਾਰ ਵੀ ਇਕੱਠੇ ਹੋ ਕੇ ਡਿਊਟੀ ਨਿਆਂ ਅਧਿਕਾਰੀ ਨੂੰ ਮਿਲੇ ਅਤੇ ਠੇਕੇਦਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੀ ਰਾਈਸ ਸ਼ੈਲਰ ਮਾਲਕਾਂ ਤੋਂ 70 ਲੱਖ ਰੁਪਏ ਲੈਣੇ ਹਨ।
ਸ਼ੈਲਰ 'ਚ ਝੋਨਾ ਲੈ ਕੇ ਆਏ 10 ਟਰੱਕ ਵੀ ਫਸੇ, ਡਰਾਈਵਰ ਪ੍ਰੇਸ਼ਾਨ
ਅੰਮ੍ਰਿਤਸਰ : ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ ਵਿਚ ਬਾਹਰੀ ਜ਼ਿਲਿਆਂ ਤੋਂ ਝੋਨਾ ਲੈ ਕੇ ਆਏ ਟਰੱਕ ਡਰਾਈਵਰ ਵੀ ਫਸ ਗਏ ਹਨ। ਜਾਣਕਾਰੀ ਅਨੁਸਾਰ ਵੱਖ-ਵੱਖ ਗੋਦਾਮਾਂ ਵਿਚ 10 ਦੇ ਕਰੀਬ ਝੋਨੇ ਨਾਲ ਲੱਦੇ ਟਰੱਕ ਗੋਦਾਮਾਂ ਅੰਦਰ ਖੜ੍ਹੇ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਡਰਾਈਵਰ ਕਈ ਦਿਨਾਂ ਤੋਂ ਆਪਣੇ ਟਰੱਕ ਬਾਹਰ ਕੱਢਣ ਦੀ ਇਜਾਜ਼ਤ ਮੰਗ ਰਹੇ ਹਨ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲ ਰਹੀ। ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਘਪਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ., ਤਦ ਤੱਕ ਝੋਨੇ ਨਾਲ ਲੱਦੇ ਟਰੱਕਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਭਾਟੀਆ ਵੱਲੋਂ ਕਰਵਾਈ ਗਈ ਡੀਲ
ਕਣਕ ਗਾਇਬ ਕਰਨ ਦੇ ਮਾਮਲੇ ਵਿਚ ਭਾਟੀਆ ਨਾਂ ਦੇ ਕਿਸੇ ਸਰਕਾਰੀ ਕਰਮਚਾਰੀ ਦਾ ਨਾਂ ਵੀ ਕਾਫ਼ੀ ਚਰਚਾ ਵਿਚ ਆ ਰਿਹਾ ਹੈ ਅਤੇ ਜਾਣਕਾਰਾਂ ਦਾ ਮੰਨਣਾ ਹੈ ਕਿ ਭਾਟੀਆ ਨੂੰ ਪੁਲਸ ਇਨਵੈਸਟੀਗੇਸ਼ਨ ਵਿਚ ਸ਼ਾਮਲ ਕਰ ਕੇ ਪੁੱਛਗਿੱਛ ਕੀਤੀ ਜਾਵੇ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਇਸ ਤੋਂ ਇਲਾਵਾ ਇਕ ਇੰਸਪੈਕਟਰ ਦਾ ਨਾਂ ਵੀ ਕਾਫ਼ੀ ਚਰਚਾ ਵਿਚ ਹੈ।
ਸੀ. ਬੀ. ਆਈ. ਸ਼ੁਰੂ ਕਰ ਸਕਦੀ ਹੈ ਘਪਲੇ ਦੀ ਜਾਂਚ
400 ਕਰੋੜ ਤੋਂ ਵੱਧ ਦੀ ਘਪਲੇਬਾਜ਼ੀ ਵਿਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬੈਂਕ ਅਥਾਰਟੀ ਵੱਲੋਂ ਇਹ ਕੇਸ ਸੀ. ਬੀ. ਆਈ. ਨੂੰ ਸੌਂਪਿਆ ਜਾ ਸਕਦਾ ਹੈ ਕਿਉਂਕਿ ਨੀਰਵ ਮੋਦੀ ਜਿਹੇ ਵੱਡੇ ਕੇਸਾਂ ਦੀ ਈ. ਡੀ. ਜਾਂ ਸੀ. ਬੀ. ਆਈ. ਵੱਲੋਂ ਹੀ ਜਾਂਚ ਕੀਤੀ ਜਾਂਦੀ ਹੈ।
ਪੰਜਾਬ ਪੁਲਸ ਦੇ ਹੈੱਡਕਾਂਸਟੇਬਲ ਵੱਲੋਂ ਆਤਮਹੱਤਿਆ
NEXT STORY