ਸਮਾਣਾ(ਦਰਦ, ਅਸ਼ੋਕ)-ਪੰਜ ਦਿਨ ਪਹਿਲਾਂ 14 ਜੂਨ ਨੂੰ ਲਾਪਤਾ ਪਿੰਡ ਮੋਮੀਆਂ ਦੇ ਨੌਜਵਾਨ ਸੁਖਵਿੰਦਰ ਰਾਮ ਦੀ ਲਾਸ਼ ਮੰਗਲਵਾਰ ਸਵੇਰੇ ਭਾਖੜਾ ਨਹਿਰ ਖਨੌਰੀ 'ਚੋਂ ਬਰਾਮਦ ਹੋਈ। ਉਸ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿਚ ਲਾਸ਼ ਲੈ ਕੇ ਪੁੱਜੇ ਮ੍ਰਿਤਕ ਸੁਖਵਿੰਦਰ ਰਾਮ ਦੇ ਪਿਤਾ ਪੱਪੂ ਰਾਮ ਵਾਸੀ ਪਿੰਡ ਮੋਮੀਆਂ ਵੱਲੋਂ ਬੇਟੇ ਨੂੰ ਠੇਕੇਦਾਰਾਂ ਦੇ ਕਰਿੰਦਿਆਂ ਦੁਆਰਾ ਜਾਨੋਂ ਮਾਰ ਦੇਣ ਦਾ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬੇਟਾ 14 ਜੂਨ ਦੀ ਸ਼ਾਮ ਨੂੰ ਘਰੋਂ ਸ਼ਰਾਬ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ। ਇਸ ਸਬੰਧੀ ਉਨ੍ਹਾਂ 16 ਜੂਨ ਨੂੰ ਸ਼ੁਤਰਾਣਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਕ ਰਾਹਗੀਰ ਨੇ ਸੁਖਵਿੰਦਰ ਰਾਮ ਨੂੰ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਫੜ ਲਏ ਜਾਣ ਬਾਰੇ ਦੱਸਿਆ ਸੀ। ਹਸਪਤਾਲ ਵਿਚ ਮ੍ਰਿਤਕ ਸੁਖਵਿੰਦਰ ਦੇ ਚਾਚਾ ਬਨਵਾਰੀ ਲਾਲ ਅਤੇ ਪਿੰਡ ਅਰਨੇਟੂ ਦੇ ਸਰਪੰਚ ਅਮਰਜੀਤ ਰਾਮ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪ੍ਰਾਪਤ ਸੂਚਨਾ ਅਨੁਸਾਰ 14 ਜੂਨ ਦੀ ਰਾਤ ਨੂੰ ਹੀ ਠੇਕੇਦਾਰ ਦੇ ਕਰਿੰਦੇ ਸੁਖਵਿੰਦਰ ਰਾਮ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਤੋਂ ਬਾਅਦ ਗੱਡੀ ਵਿਚ ਲੱਦ ਕੇ ਭਾਖੜਾ ਨਹਿਰ ਵੱਲ ਲੈ ਗਏ। ਇਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਅੱਜ ਖਨੌਰੀ ਦੀ ਭਾਖੜਾ ਨਹਿਰ 'ਚੋਂ ਉਸ ਦੀ ਲਾਸ਼ ਬਰਾਮਦ ਹੋਈ। ਉਨ੍ਹਾਂ ਠੇਕੇਦਾਰਾਂ ਦੇ ਕਰਿੰਦਿਆਂ 'ਤੇ ਸੁਖਵਿੰਦਰ ਨੂੰ ਫੜ ਕੇ ਕੁੱਟ-ਮਾਰ ਕੇ ਜਾਨੋਂ ਮਾਰਨ ਦਾ ਦੋਸ਼ ਵੀ ਲਾਇਆ। ਇਸ ਸਬੰਧੀ ਥਾਣਾ ਸ਼ੁਤਰਾਣਾ ਦੇ ਏ. ਐੈੱਸ. ਆਈ. ਜਸਵਿੰਦਰ ਸਿੰਘ ਨੇ ਲਾਪਤਾ ਹੋਣ ਅਤੇ ਸ਼ਿਕਾਇਤ ਮਿਲਣ ਸਬੰਧੀ ਪੁਸ਼ਟੀ ਕਰ ਕੇ ਦੱਸਿਆ ਕਿ ਬੁੱਧਵਾਰ ਨੂੰ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਵੱਲੋਂ ਇਕ ਪੈਨਲ ਬਣਾ ਕੇ ਕੀਤਾ ਜਾਵੇਗਾ। ਉਸ ਦੀ ਰਿਪੋਰਟ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।
ਲਿੰਗ ਟੈਸਟ ਦੇ ਸ਼ੱਕ 'ਚ ਸਕੈਨ ਕੇਂਦਰ 'ਚ ਛਾਪੇਮਾਰੀ
NEXT STORY