ਧੂਰੀ, (ਸੰਜੀਵ ਜੈਨ)— ਲੰਘੀ ਸ਼ਾਮ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਇਕ ਨੌਜਵਾਨ ਦੀ ਟਰਾਲੇ ਦੀ ਮੁਰੰਮਤ ਕਰਨ ਸਮੇਂ ਟਰਾਲੇ ਹੇਠ ਸਿਰ ਕੁਚਲੇ ਜਾਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ 'ਤੇ ਆਪਣੀ ਡਿਊਟੀ 'ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਨੌਜਵਾਨ ਦੀ ਲਾਸ਼ ਖਰਾਬ ਹੋਣ 'ਤੇ ਰੋਸ ਪ੍ਰਗਟ ਕੀਤਾ ਅਤੇ ਹਸਪਤਾਲ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਦੇ ਕਰਮਚਾਰੀਆਂ ਨੇ ਨੌਜਵਾਨ ਦੀ ਲਾਸ਼ ਨੂੰ ਰਾਤ ਵੇਲੇ ਫਰੀਜ਼ਰ ਵਿਚ ਨਹੀਂ ਰੱਖਿਆ, ਜਿਸ ਕਾਰਨ ਉਸ ਦੀ ਲਾਸ਼ ਖਰਾਬ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਦਲੇਲਗੜ੍ਹ ਵਾਸੀ ਨੌਜਵਾਨ ਬੰਟੀ ਸਿੰਘ (19) ਪੁੱਤਰ ਦੇਵ ਸਿੰਘ ਧੂਰੀ ਵਿਖੇ ਟਰੱਕ-ਟਰਾਲਾ ਮੁਰੰਮਤ ਕਰਨ ਵਾਲੀ ਵਰਕਸ਼ਾਪ 'ਤੇ ਕੰਮ ਕਰਦਾ ਸੀ। ਲੰਘੇ ਦਿਨ ਉਹ ਟਰਾਲੇ ਦੇ ਹੇਠਾਂ ਜਦੋਂ ਮੁਰੰਮਤ ਕਰ ਰਿਹਾ ਸੀ ਕਿ ਡਰਾਈਵਰ ਹਰਬਾਗ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਡੇਹਲੋਂ (ਲੁਧਿਆਣਾ) ਨੇ ਟਰਾਲਾ ਸਟਾਰਟ ਕਰ ਦਿੱਤਾ, ਜਿਸ ਕਾਰਨ ਬੰਟੀ ਸਿੰਘ ਦਾ ਸਿਰ ਟਰਾਲੇ ਦੇ ਟਾਇਰ ਹੇਠਾਂ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।
ਸੰਘਰਸ਼ ਦੀ ਦਿੱਤੀ ਚਿਤਾਵਨੀ
ਪਿੰਡ ਵਾਸੀਆਂ ਨੇ ਇਸ ਸਬੰਧੀ ਸਿਵਲ ਸਰਜਨ ਸੰਗਰੂਰ ਨੂੰ ਮਿਲਣ ਦੀ ਗੱਲ ਆਖਦਿਆਂ ਕਿਹਾ ਕਿ ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਇਸਦੇ ਲਈ ਸੰਘਰਸ਼ ਉਲੀਕਿਆ ਜਾਵੇਗਾ ਤਾਂ ਜੋ ਭਵਿੱਖ 'ਚ ਕਿਸੇ ਦੇ ਮ੍ਰਿਤਕ ਸਰੀਰ ਦੀ ਬੇਕਦਰੀ ਨਾ ਹੋ ਸਕੇ।
ਟਰਾਲਾ ਚਾਲਕ ਖਿਲਾਫ ਪਰਚਾ
ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਐੱਸ. ਐੱਮ. ਓ.
ਸਿਵਲ ਹਸਪਤਾਲ ਦੇ ਐੈੱਸ. ਐੈੱਮ. ਓ. ਡਾ. ਗੁਰਸ਼ਰਨ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਹਸਪਤਾਲ ਦੇ ਮੁਰਦਾ ਘਰ ਅੰਦਰ ਏ. ਸੀ. ਅਤੇ ਫ਼ਰੀਜ਼ਰ ਦਰੁੱਸਤ ਹਾਲਤ 'ਚ ਹਨ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਦੋਂਕਿ ਫਰੀਜ਼ਰ ਵਿਚ ਲਾਸ਼ ਰੱਖਣ ਜਾਂ ਨਾ ਰੱਖੇ ਜਾਣ ਦੇ ਸਵਾਲ ਨੂੰ ਉਹ ਗੋਲ ਕਰ ਗਏ।
ਹਸਪਤਾਲ ਦੇ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ
ਵੀਰਵਾਰ ਸਵੇਰੇ ਜਦੋਂ ਪੀੜਤ ਪਰਿਵਾਰ ਹਸਪਤਾਲ ਵਿਖੇ ਨੌਜਵਾਨ ਦੀ ਲਾਸ਼ ਲੈਣ ਪੁੱਜਿਆ, ਜਿਥੇ ਉਨ੍ਹਾਂ ਲਾਸ਼ ਦੇ ਖਰਾਬ ਹੋਣ ਦੀ ਗੱਲ ਆਖਦਿਆਂ ਇਸਦੇ ਲਈ ਹਸਪਤਾਲ ਦੇ ਕਰਮਚਾਰੀਆਂ 'ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਇਆ। ਇਸ ਮੌਕੇ ਮੌਜੂਦ ਸਰਪੰਚ ਸਾਹਿਬ ਦੀਨ, ਬਸ਼ੀਰ ਚੰਦ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਕਾਲਾ ਸਾਬਕਾ ਪੰਚ, ਬਾਬੂ ਖਾਂ ਸਾਬਕਾ ਪੰਚ, ਬਲਵਿੰਦਰ ਸਿੰਘ, ਮੋਹਣ ਸਿੰਘ ਰਾਣਾ, ਅਰਸ਼ਦ ਮੁਹੰਮਦ, ਮਾਸਟਰ ਮਹਿੰਦਰ ਆਦਿ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਸਵੇਰੇ ਕਰੀਬ 11 ਵਜੇ ਲਾਸ਼ ਨੂੰ ਪੋਸਟਮਾਰਟਮ ਤੋਂ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਤਾਂ ਲਾਸ਼ ਫ਼ਰੀਜ਼ਰ 'ਚ ਨਾ ਰੱਖੇ ਜਾਣ ਕਾਰਨ ਕਾਫੀ ਹੱਦ ਤੱਕ ਖ਼ਰਾਬ ਹੋ ਚੁੱਕੀ ਸੀ ਅਤੇ ਲਾਸ਼ 'ਚੋਂ ਕਾਫੀ ਬਦਬੂ ਵੀ ਆ ਰਹੀ ਸੀ। ਉਨ੍ਹਾਂ ਲਾਸ਼ ਨੂੰ ਫ਼ਰਿੱਜ 'ਚ ਨਾ ਰੱਖੇ ਜਾਣ ਸਬੰਧੀ ਜ਼ਿੰਮੇਵਾਰ ਹਸਪਤਾਲ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ।
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਾੜਿਆ ਵਿੱਤ ਮੰਤਰੀ ਦਾ ਪੁਤਲਾ
NEXT STORY