ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਤੇਵਰ ਨਰਮ ਨਹੀਂ ਪਏ ਹਨ। ਦਿੱਲੀ ’ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਦੇ ਘਰ ਮੁਲਾਕਾਤ ਕਰਨ ਪੁੱਜੇ ਸਨ। ਉੱਥੇ ਸਿੱਧੂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਨੇ ਪੰਜਾਬ ਪ੍ਰਤੀ, ਪੰਜਾਬ ਕਾਂਗਰਸ ਪ੍ਰਤੀ ਜੋ ਵੀ ਚਿੰਤਾਵਾਂ ਹਨ, ਉਹ ਪਾਰਟੀ ਹਾਈਕਮਾਨ ਨੂੰ ਦੱਸੀਆਂ ਹਨ। ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਿਯੰਕਾ ਅਤੇ ਰਾਹੁਲ ਗਾਂਧੀ ’ਤੇ ਪੂਰਾ ਭਰੋਸਾ ਹੈ। ਉਹ ਜੋ ਵੀ ਫ਼ੈਸਲਾ ਲੈਣਗੇ, ਉਹ ਕਾਂਗਰਸ ਅਤੇ ਪੰਜਾਬ ਦੇ ਹਿੱਤ ਵਿਚ ਹੋਵੇਗਾ। ਉਨ੍ਹਾਂ ਦੇ ਹਰ ਹੁਕਮ ਦਾ ਪਾਲਣ ਕਰਾਂਗਾ।
ਉੱਧਰ, ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਬੈਠਕ ਵਿਚ ਜੋ ਵੀ ਗੱਲਾਂ ਹੋਈਆਂ ਹਨ, ਉਨ੍ਹਾਂ ’ਤੇ ਸ਼ੁੱਕਰਵਾਰ ਨੂੰ ਫੈਸਲਾ ਲਿਆ ਜਾਵੇਗਾ। ਹਾਲਾਂਕਿ ਰਾਵਤ ਨੇ ਕਿਹਾ ਕਿ ਸਿੱਧੂ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਹੁਕਮ ਉਨ੍ਹਾਂ ਨੂੰ ਸਰਵ ਵਿਆਪਕ ਤੌਰ ’ਤੇ ਮੰਨਣਯੋਗ ਹੋਵੇਗਾ। ਹੁਕਮ ਬਿਲਕੁਲ ਸਾਫ਼ ਹੈ ਕਿ ਉਹ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਪ੍ਰਧਾਨ ਦੇ ਰੂਪ ਵਿਚ ਆਪਣਾ ਕੰਮ ਪੂਰੀ ਸ਼ਕਤੀ ਨਾਲ ਕਰਨ। ਸਾਫ਼ ਹੈ ਕਿ ਸਿੱਧੂ ਦੇ ਅਸਤੀਫੇ ’ਤੇ ਸਸਪੈਂਸ ਹੁਣ ਸ਼ੁੱਕਰਵਾਰ ਨੂੰ ਹੀ ਸਾਫ਼ ਹੋ ਸਕੇਗਾ। ਉਂਝ ਹਰੀਸ਼ ਰਾਵਤ ਨੇ ਸਿੱਧੂ ਨਾਲ ਮੁਲਾਕਾਤ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਸਿੱਧੂ ਅਤੇ ਚੰਨੀ ਕਈ ਮਸਲਿਆਂ ’ਤੇ ਗੱਲਬਾਤ ਕਰ ਚੁੱਕੇ ਹਨ। ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਸਮਾਂ ਲੱਗਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ ਵਧਾਉਣ ਦਾ ‘ਆਪ’ ਨੇ ਕੀਤਾ ਸਖ਼ਤ ਵਿਰੋਧ
ਸਿੱਧੂ ਨੇ ਜਿਨ੍ਹਾਂ ਚਿੰਤਾਵਾਂ ਦਾ ਜ਼ਿਕਰ ਕੀਤਾ, ਉਨ੍ਹਾਂ ਨੂੰ ਪਹਿਲਾਂ ਹੀ ਕਰ ਚੁੱਕੇ ਹਨ ਜਨਤਕ
ਰਾਵਤ ਅਤੇ ਵੇਣੂਗੋਪਾਲ ਨਾਲ ਬੈਠਕ ਤੋਂ ਬਾਅਦ ਸਿੱਧੂ ਨੇ ਜਿਨ੍ਹਾਂ ਚਿੰਤਾਵਾਂ ਦਾ ਇਸ਼ਾਰਾ ਕੀਤਾ, ਉਸਨੂੰ ਉਹ ਪਹਿਲਾਂ ਹੀ ਜਨਤਕ ਤੌਰ ’ਤੇ ਸਾਫ਼ ਕਰ ਚੁੱਕੇ ਹਨ। ਇਸ ਮੁਲਾਕਾਤ ਤੋਂ ਠੀਕ ਪਹਿਲਾਂ ਸਿੱਧੂ ਨੇ ਇੱਕ ਵੀਡੀਓ ਦੇ ਜ਼ਰੀਏ ਪੰਜਾਬ ਦੇ ਕੁਝ ਮਸਲਿਆਂ ’ਤੇ ਸਵਾਲ ਚੁੱਕਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ। ਚੰਨੀ ਨਾਲ ਉਨ੍ਹਾਂ ਦੇ ਤਣਾਅ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਲਖੀਮਪੁਰ ਖੀਰੀ ਵੱਲ ਰੋਸ ਮਾਰਚ ਦੌਰਾਨ ਵੀ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਅਪਸ਼ਬਦਾਂ ਦੀ ਵਰਤੋਂ ਤਕ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਵੇਣੂਗੋਪਾਲ ਦੇ ਘਰ ਬੈਠਕ ਦੌਰਾਨ ਵੀ ਸਿੱਧੂ ਨੇ ਚੰਨੀ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ। ਖਾਸ ਤੌਰ ’ਤੇ ਸਿੱਧੂ ਨੇ ਐਡਵੋਕੇਟ ਜਨਰਲ ਅਤੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਜਿਸ ਪੁਰਾਣੇ ਸਿਸਟਮ ਖਿਲਾਫ ਉਹ ਲੜ ਰਹੇ ਸਨ, ਜੇਕਰ ਉਸ ਨੂੰ ਹੀ ਦੁਹਰਾਇਆ ਜਾਵੇਗਾ ਤਾਂ ਉਹ ਸਮਝੌਤਾ ਨਹੀਂ ਕਰਨਗੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਹੁਣ ਤੱਕ 18 ਸੂਤਰੀ ਏਜੰਡਾ ਠੰਡੇ ਬਸਤੇ ਵਿਚ ਪਿਆ ਹੈ। ਅਲਬਤਾ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪੇ ਗਏ 5 ਸੂਤਰੀ ਏਜੰਡੇ ’ਤੇ ਵੀ ਕੋਈ ਕੰਮ ਨਹੀਂ ਹੋਇਆ ਹੈ। ਮੁੱਖ ਮੰਤਰੀ ਚੰਨੀ ਨੇ ਰੇਤਾ ਮੁਫ਼ਤ ਕਰਨ ਦਾ ਜੋ ਫੈਸਲਾ ਕੀਤਾ ਹੈ, ਉਸ ਦਾ ਜ਼ਿਆਦਾਤਰ ਲਾਭ ਵੀ ਮਾਫੀਆ ਹੀ ਚੁੱਕੇਗਾ। ਹਾਲਾਂਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਦੇ ਤਮਾਮ ਮਸਲਿਆਂ ਨੂੰ ਛੇਤੀ ਸੁਲਝਾਉਣ ਦਾ ਭਰੋਸਾ ਦਿੱਤਾ ਪਰ ਸਿੱਧੂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਤਦ ਤਕ ਟੱਸ ਤੋਂ ਮੱਸ ਨਹੀਂ ਹੋਣਗੇ, ਜਦੋਂ ਤਕ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦਿੱਲੀ ਪੇਸ਼ੀ ਤੋਂ ਪਹਿਲਾਂ ਸਿੱਧੂ ਦੀ ਖੁੱਲ੍ਹੀ ਬਗਾਵਤ, ਬੋਲੇ-ਸਮਝੌਤਾ ਨਹੀਂ ਹੋਵੇਗਾ, ਲੜਾਂਗੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮੁੱਖ ਮੰਤਰੀ ਨੇ ਦੂਜੇ ਸੂਬਿਆਂ ਤੋਂ ਝੋਨੇ ਦੀ ਆਮਦ ਨੂੰ ਰੋਕਣ ਲਈ ਅੰਤਰਰਾਜੀ ਬਾਸਮਤੀ ਮੂਵਮੈਂਟ ਪੋਰਟਲ ਕੀਤਾ ਜਾਰੀ
NEXT STORY