ਮਾਨਸਾ(ਜੱਸਲ)-ਮਾਨਸਾ ਜ਼ਿਲੇ ਅੰਦਰ ਡੇਂਗੂ ਦੀ ਬੀਮਾਰੀ ਨੇ ਘਰ-ਘਰ 'ਚ ਪੈਰ ਪਸਾਰ ਕੇ ਤਰਥੱਲੀ ਮਚਾ ਰੱਖੀ ਹੈ। ਇਸ ਵੇਲੇ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 320 ਤੋਂ ਉਪਰ ਟੱਪ ਗਈ ਹੈ। ਹਰ ਕੋਈ ਡੇਂਗੂ ਦਾ ਡੰਗਿਆ ਹਲਕਾ ਬੁਖਾਰ ਆਉਣ 'ਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ 'ਚ ਪਹੁੰਚ ਕੇ ਟੈਸਟ ਲਈ ਜੁੱਟਿਆ ਹੋਇਆ ਹੈ ਅਤੇ ਦੋ ਦਿਨਾਂ 'ਚ 3 ਦਰਜਨ ਦੇ ਕਰੀਬ ਹੋਰ ਮਰੀਜ਼ ਟੈਸਟ 'ਚ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਸਰਦ ਰੁੱਤ ਦੇ ਦਸਤਕ ਤੇ ਹਲਕੇ ਬੁਖਾਰ ਅਤੇ ਖਾਂਸੀ-ਜ਼ੁਕਾਮ ਦੇ ਮਰੀਜ਼ਾਂ 'ਚ ਵੀ ਕਮੀ ਨਹੀਂ ਹੈ।
ਸਿਵਲ ਹਸਪਤਾਲ ਮਾਨਸਾ ਦਾ ਹਾਲ
ਸਿਵਲ ਹਸਪਤਾਲ ਮਾਨਸਾ ਅੰਦਰ ਡੇਂਗੂ ਦੀ ਬੀਮਾਰੀ ਨਾਲ ਨਜਿੱਠਣ ਲਈ ਵੱਖਰਾ ਸਪੈਸ਼ਲ ਵਾਰਡ ਬਣਾਇਆ ਹੋਇਆ ਹੈ, ਜਿਸ 'ਚ ਹਰ ਰੋਜ਼ ਕਾਫ਼ੀ ਮਰੀਜ਼ ਦਾਖਲ ਹੋ ਰਹੇ ਹਨ। ਇਸ ਵਾਰਡ 'ਚ ਸਿਰਫ ਇਕ ਐੱਮ. ਡੀ. ਡਾਕਟਰ ਤਾਇਨਾਤ ਹੈ ਜਦਕਿ 2 ਡਾਕਟਰਾਂ ਦਾ ਹੋਣਾ ਜ਼ਰੂਰੀ ਬਣਦਾ ਹੈ। ਹੋਰ ਤਾਂ ਹੋਰ ਸਿਵਲ ਹਸਪਤਾਲ ਮਾਨਸਾ ਦੀ ਲੈਬਾਰਟਰੀ ਅੰਦਰ ਲੈਬ. ਟੈਕਨੀਸ਼ੀਅਨ ਦੀਆਂ 8 ਅਸਾਮੀਆਂ ਸਾਰੀਆਂ ਖਾਲੀ ਹਨ। ਇਸ ਘਾਟ ਦੀ ਪੂਰਤੀ ਲਈ ਖਿਆਲਾ, ਜੋਗਾ ਅਤੇ ਫਫੜੇ ਦੇ ਸਿਹਤ ਕੇਂਦਰਾਂ 'ਚ 4 ਲੈਬ. ਟੈਕਨੀਸ਼ੀਅਨ ਡੈਪੂਟੇਸ਼ਨ 'ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੀ ਸੰਭਾਲ ਲਈ ਸਿਰਫ 8 ਸਟਾਫ ਨਰਸਾਂ ਹਨ ਜਦਕਿ 15 ਸਟਾਫ ਨਰਸਾਂ ਦੀ ਲੋੜ ਹੈ, ਜਿਸ ਕਾਰਨ ਮਰੀਜ਼ਾਂ ਦੀ ਇਲਾਜ ਦੌਰਾਨ ਟਾਈਮ ਟੂ ਟਾਈਮ ਦੇਖਭਾਲ ਕਰਨ 'ਚ ਵੱਡੀ ਰੁਕਾਵਟ ਆ ਰਹੀ ਹੈ। ਇਸ ਵੱਲ ਸਿਹਤ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਹੈ।
ਸਿਵਲ ਸਰਜਨ ਦਾ ਪੱਖ
ਸਿਵਲ ਸਰਜਨ ਮਾਨਸਾ ਡਾ. ਸੁਰੇਸ਼ ਪਾਠਕ ਦਾ ਕਹਿਣਾ ਹੈ ਕਿ ਹਸਪਤਾਲਾਂ 'ਚ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਸਹੀ ਚੱਲ ਰਿਹਾ ਹੈ ਤੇ ਇਲਾਜ ਲਈ ਦਵਾਈਆਂ ਦਾ ਪੂਰਾ ਇੰਤਜ਼ਾਮ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹਾਲੇ ਤੱਕ ਕਿਸੇ ਵੀ ਮਰੀਜ਼ ਦੀ ਮੌਤ ਡੇਂਗੂ ਨਾਲ ਨਹੀਂ ਹੋਈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੀ ਸਫ਼ਾਈ ਰੱਖਣ ਅਤੇ ਕਿਸੇ ਵੀ ਕਨਟੇਨਰ 'ਚ ਇਕ ਹਫ਼ਤੇ ਤੋਂਂ ਵਧ ਪਾਣੀ ਇਕੱਠਾ ਨਾ ਹੋਣ ਦੇਣ, ਕਿਉਂਕਿ ਲਾਰਵਾ ਤੋਂ ਡੇਂਗੂ ਦਾ ਮੱਛਰ ਬਣਨ 'ਚ ਇਕ ਹਫ਼ਤੇ ਦਾ ਸਮਾਂ ਲੈਂਦਾ ਹੈ। ਇਸ ਵੇਲੇ ਸਿਹਤ ਵਿਭਾਗ ਦੀਆਂ ਟੀਮਾਂ ਨੇ 250 ਤੋਂ ਉਪਰ ਘਰਾਂ ਦੇ ਅੰਦਰ ਬਾਹਰ ਡੇਂਗੂ ਦੇ ਲਾਰਵੇ ਦੀ ਭਾਲ ਕੀਤੀ ਗਈ। ਮਾਨਸਾ ਸ਼ਹਿਰ ਅੰਦਰ 60 ਤੋਂ ਜ਼ਿਆਦਾ ਥਾਵਾਂ 'ਤੇ ਡੇਂਗੂ ਦਾ ਲਾਰਵਾ ਮਿਲਿਆ ਹੈ ਤੇ 60 ਦੇ ਕਰੀਬ ਵਿਅਕਤੀਆਂ ਨੂੰ ਨੋਟਿਸ ਵੀ ਭੇਜੇ ਜਾ ਚੁਕੇ ਹਨ।
ਜ਼ਿਲਾ ਪ੍ਰਸ਼ਾਸਨ ਨੇ ਸੱਦੀ ਮੀਟਿੰਗ
ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਅੱਜ ਬੱਚਤ ਭਵਨ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਜ਼ਿਲਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਡੇਂਗੂ ਤੇ ਮਲੇਰੀਆ ਨੂੰ ਫੈਲਣ ਤੋਂ ਰੋਕਣ ਲਈ ਸਮੂਹ ਅਧਿਕਾਰੀ ਜ਼ਿੰਮੇਵਾਰੀ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਹਦਾਇਤ ਕੀਤੀ ਕਿ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਈ ਵਧ ਤੋਂ ਵਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸ਼ਹਿਰਾਂ ਤੇ ਕਸਬਿਆਂ 'ਚ ਲਗਾਤਾਰ ਫੌਗਿੰਗ ਕਰਨੀ ਯਕੀਨੀ ਬਣਾਈ ਜਾਵੇ ਤੇ ਸ਼ਹਿਰਾਂ 'ਚ ਗੰਦਗੀ ਦੇ ਢੇਰਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਸਮੇਂ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾਵੇ।
ਸ਼੍ਰੀ ਗੁਪਤਾ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਘਰਾਂ 'ਚ ਲਗਾਤਾਰ ਟੀਮਾਂ ਭੇਜ ਕੇ ਚੈਕਿੰਗ ਜਾਰੀ ਰੱਖੀ ਜਾਵੇ ਅਤੇ ਜੇਕਰ ਕਿਸੇ ਘਰ 'ਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ 'ਤੇ ਵਿਸ਼ੇਸ਼ ਵਾਰਡ ਬਣਾ ਕੇ ਲੋੜਵੰਦ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇ।
ਕੌਣ-ਕੌਣ ਸਨ ਹਾਜ਼ਰ?
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਪਰਮਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਡਾ. ਜਤਿੰਦਰਪਾਲ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ (ਸ) ਜਗਰੂਪ ਭਾਰਤੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਕਾਰੀ ਮੌਜੂਦ ਸਨ।
ਟਰਾਂਸਪੋਰਟ ਵਿਭਾਗ ਨੇ ਅਕਾਲੀ ਲੀਡਰ ਦੀਆਂ 2 ਬੱਸਾਂ ਕਬਜ਼ੇ 'ਚ ਲਈਆਂ
NEXT STORY