ਜਲੰਧਰ (ਸ਼ੋਰੀ)— ਡੇਂਗੂ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਪੈਦਾ ਹੋ ਜਾਂਦੀ ਹੈ। ਖਤਰਨਾਕ ਮੰਨੀ ਜਾਣ ਵਾਲੀ ਇਸ ਬੀਮਾਰੀ ਕਾਰਨ ਪਿਛਲੇ ਸਾਲ ਕਈ ਲੋਕ ਮੌਤ ਦਾ ਸ਼ਿਕਾਰ ਬਣ ਗਏ। ਪਿਛਲੇ ਸਾਲ ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਨਾਲਾਇਕੀ ਕਾਰਨ ਸਮੇਂ 'ਤੇ ਫੌਗਿੰਗ ਨਾ ਹੋਣ ਕਾਰਨ ਡੇਂਗੂ ਮੱਛਰ ਵਧੇ ਅਤੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਗਈ। ਹਾਲਾਤ ਤਾਂ ਇਹ ਸਨ ਕਿ ਸਿਵਲ ਹਸਪਤਾਲ ਪੂਰੀ ਤਰ੍ਹਾਂ ਡੇਂਗੂ ਦੇ ਮਰੀਜ਼ਾਂ ਨਾਲ ਭਰਿਆ ਰਿਹਾ। ਲੋਕ ਘਰਾਂ ਵਿਚੋਂ ਫੋਲਡਿੰਗ ਬੈੱਡ ਲਿਆ ਕੇ ਇਥੇ ਇਲਾਜ ਕਰਵਾਉਣ ਲਈ ਮਜਬੂਰ ਹੋ ਗਏ ਸਨ। ਦਰਜਨਾਂ ਦੀ ਗਿਣਤੀ ਵਿਚ ਮਰੀਜ਼ ਆਉਣ ਨਾਲ ਡਾਕਟਰ ਅਤੇ ਹੋਰ ਸਟਾਫ ਦੇ ਪਸੀਨੇ ਤੱਕ ਛੁੱਟੇ ਸਨ ਪਰ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ।
ਸਿਵਲ ਸਰਜਨ ਡਾ. ਰਘੁਵੀਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਸ ਵਾਰ ਮਹਾਨਗਰ ਵਿਚ ਕੁੱਲ 199 ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ ਜੋ ਸਿਵਲ ਹਸਪਤਾਲ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾ ਕੇ ਠੀਕ-ਠਾਕ ਆਪਣੇ ਘਰ ਜਾ ਚੁੱਕੇ ਹਨ। ਇਸ ਵਾਰ ਡੇਂਗੂ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਡੇਂਗੂ ਦਾ ਪ੍ਰਭਾਵ ਘੱਟ ਰਿਹਾ।
ਹਸਪਤਾਲ 'ਚ ਹਨ ਪੂਰੇ ਇੰਤਜ਼ਾਮ
ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਹਸਪਤਾਲ ਵਿਚ ਮਰੀਜ਼ਾਂ ਲਈ ਸਪੈਸ਼ਲ ਡੇਂਗੂ ਵਾਰਡ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡੇਂਗੂ ਦੇ ਮਰੀਜ਼ਾਂ ਦੇ ਪਲੇਟਲੈੱਟਸ ਸੈੱਲ ਘੱਟ ਹੋਣ ਤੋਂ ਬਾਅਦ ਉਸ ਨੂੰ ਪੂਰਾ ਕਰਨ ਲਈ ਮਸ਼ੀਨ ਹਸਪਤਾਲ ਦੇ ਬਲੱਡ ਬੈਂਕ ਵਿਚ ਹੈ। ਇਸ ਮਸ਼ੀਨ ਦੀ ਮਦਦ ਨਾਲ ਖੂਨ ਵਿਚੋਂ ਪਲੇਟਲੈੱਟਸ ਸੈੱਲ ਕੱਢ ਕੇ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲਾਂ ਨਾਲੋਂ ਸਸਤੇ ਰੇਟ ਵਿਚ ਮੁਹੱਈਆ ਕਰਵਾਏ ਜਾਂਦੇ ਹਨ।

ਡੇਂਗੂ ਦੇ ਲੱਛਣ ਤੇ ਬਚਾਅ
ਸਿਵਲ ਹਸਪਤਾਲ ਵਿਚ ਤਾਇਨਾਤ ਡਾ. ਕਸ਼ਮੀਰੀ ਲਾਲ ਨੇ ਦੱਸਿਆ ਕਿ ਗਲਾ ਖਰਾਬ, ਤੇਜ਼ ਬੁਖਾਰ, ਵਾਰ-ਵਾਰ ਖਾਂਸੀ ਆਉਣਾ, ਸਰੀਰ ਵਿਚ ਕਮਜ਼ੋਰੀ ਅਤੇ ਕਾਂਬਾ, ਸਿਰਦਰਦ, ਦਸਤ ਆਦਿ ਲੱਛਣ ਪਾਏ ਜਾਣ 'ਤੇ ਮਰੀਜ਼ ਨੂੰ ਤੁਰੰਤ ਹਸਪਤਾਲ ਲਿਆਉਣਾ ਚਾਹੀਦਾ ਹੈ। ਮਰੀਜ਼ ਦੇ ਖੂਨ ਦੇ ਟੈਸਟ ਲੈ ਕੇ ਟੈਸਟ ਕੀਤਾ ਜਾਂਦਾ ਹੈ ਕਿ ਉਸ ਦੇ ਸਰੀਰ ਵਿਚ ਪਲੇਟਲੈੱਟਸ ਸੈੱਲਾਂ ਦੀ ਗਿਣਤੀ ਕਿੰਨੀ ਹੈ। ਜੇਕਰ ਸੈੱਲ ਹੋਣੇ ਸ਼ੁਰੂ ਹੋ ਜਾਣ ਤਾਂ ਉਸ ਨੂੰ ਸੈੱਲ ਚੜ੍ਹਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਸਵੇਰ ਅਤੇ ਸ਼ਾਮ ਵੇਲੇ ਲੜਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਸਾਫ ਸਫਾਈ ਰੱਖਣ। ਟਾਇਰ, ਬਾਲਟੀ ਆਦਿ ਵਿਚ ਪਾਣੀ ਜਮ੍ਹਾ ਨਾ ਹੋਣ ਦੇਣ। ਪੂਰੀ ਬਾਂਹ ਵਾਲੇ ਕੱਪੜੇ ਪਾਉਣ ਅਤੇ ਬਾਹਾਂ ਢਕ ਕੇ ਰੱਖਣ।
ਪੁਲ 'ਤੇ 2020 ਸਿੱਖ ਰਿਫਰੈਂਡਮ ਖਾਲਿਸਤਾਨ ਲਿਖਿਆ ਮਿਲਿਆ
NEXT STORY