ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)— ਪੰਜਾਬ 'ਚ ਨਸ਼ਿਆਂ ਦੀ ਲਤ ਲੱਗਣ ਕਾਰਨ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਨੌਜਵਾਨਾਂ ਨੂੰ ਸਿੱਧੇ ਰਸਤੇ 'ਤੇ ਲਿਆਉਣ ਲਈ ਜਿਥੇ ਇਨ੍ਹਾਂ ਨੌਜਵਾਨਾਂ ਦੇ ਮਾਪੇ ਅਤੇ ਹੋਰ ਕਰੀਬੀ ਰਿਸ਼ਤੇਦਾਰ ਬੇਵੱਸੀ ਮਹਿਸੂਸ ਕਰ ਰਹੇ ਹਨ, ਉਸ ਦੇ ਉਲਟ ਡੈਨਮਾਰਕ ਦੀ ਇਕ ਨੌਜਵਾਨ ਲੜਕੀ ਨੇ ਕਰੀਬ 8 ਮਹੀਨੇ ਪਹਿਲਾਂ ਸ਼ੋਸ਼ਲ ਮੀਡੀਏ 'ਤੇ ਦੋਸਤ ਬਣੇ ਇਕ ਪੰਜਾਬੀ ਨੌਜਵਾਨ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਨਾ ਸਿਰਫ ਸੱਤ ਸਮੁੰਦਰ ਆ ਕੇ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਹੈ ਸਗੋਂ ਉਸ ਨੌਜਵਾਨ ਦੀ ਚੰਗਿਆਈ ਅਤੇ ਸੱਚਾਈ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਵਿਆਹ ਵੀ ਕਰਵਾ ਲਿਆ ਹੈ। ਇਸ ਲੜਕੀ ਵੱਲੋਂ ਕੀਤੇ ਗਏ ਇਸ ਵੱਡੇ ਉਪਰਾਲੇ ਦਾ ਪਤਾ ਲੱਗਣ 'ਤੇ ਮੰਗਲਵਾਰ ਹਲਕਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਖੁਦ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਉ ਕੇਂਦਰ ਦਾ ਦੌਰਾ ਕੀਤਾ, ਜਿਥੇ ਇਹ ਲੜਕੀ ਆਪਣੇ ਪਤੀ ਕੋਲ ਰਹਿ ਕੇ ਉਸ ਦਾ ਇਲਾਜ ਕਰਵਾ ਰਹੀ ਹੈ।
ਇਸ ਮੌਕੇ ਵਿਧਾਇਕ ਬਾਜਵਾ ਨੇ ਨਤਾਸ਼ਾ ਨਾਅ ਦੀ ਇਸ ਲੜਕੀ ਨਾਲ ਗੱਲਬਾਤ ਕਰਦਿਆਂ ਉਸ ਨੂੰ ਪੁੱਛਿਆ ਕਿ ਆਖੀਰ ਉਸ ਨੇ ਵਿਦੇਸ਼ ਵਿਚ ਏਨੀ ਦੂਰ ਇਸ ਨੌਜਵਾਨ 'ਤੇ ਭਰੋਸਾ ਕਰ ਕੇ ਭਾਰਤ ਆਉਣ ਦਾ ਫੈਸਲਾ ਏਨੀ ਅਸਾਨੀ ਨਾਲ ਕਿਵੇਂ ਲੈ ਲਿਆ? ਜਿਸ 'ਤੇ ਉਕਤ ਲੜਕੀ ਨੇ ਕਿਹਾ ਕਿ ਉਸ ਨੇ ਭਾਰਤ ਅਤੇ ਪੰਜਾਬ ਨਾਲ ਸਬੰਧਤ ਲਿਟਰੇਚਰ ਪੜਿਆ ਸੀ, ਜਿਸ ਵਿਚੋਂ ਉਸ ਨੇ ਇਹ ਸਿੱਖਿਆ ਕਿ ਪੰਜਾਬੀ ਲੋਕ ਬਹੁਤ ਸੱਚੇ, ਨੇਕ ਦਿਲ ਅਤੇ ਈਮਾਨਦਾਰ ਹੁੰਦੇ ਹਨ। ਉਕਤ ਲੜਕੀ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਹੀ ਉਸ ਦੀ ਘਣੀਏ ਕੇ ਬਾਂਗਰ ਨੇੜਲੇ ਪਿੰਡ ਦੇ ਇਸ ਨੌਜਵਾਨ ਨਾਲ ਜਾਣ ਪਹਿਚਾਣ ਹੋਈ ਸੀ। ਜਿਸ ਦੇ ਬਾਅਦ ਉਕਤ ਨੌਜਵਾਨ ਨੇ ਚੈਟਿੰਗ ਦੌਰਾਨ ਹੀ ਇਹ ਦੱਸ ਦਿੱਤਾ ਸੀ ਕਿ ਉਹ ਨਸ਼ਿਆਂ ਦਾ ਆਦੀ ਹੈ।
ਉਕਤ ਲੜਕੀ ਨੇ ਵਿਧਾਇਕ ਬਾਜਵਾ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਦੀ ਇਸ ਗੱਲ ਨੂੰ ਲੈ ਕੇ ਪ੍ਰਭਾਵਿਤ ਹੋਈ ਕਿ ਉਸ ਨੇ ਝੂਠ ਬੋਲਣ ਦੀ ਬਜਾਏ ਸੱਚਾਈ ਬਿਆਨ ਕੀਤੀ ਹੈ, ਜਿਸ ਕਾਰਨ ਉਸ ਨੇ ਦੋਸਤ ਨੂੰ ਛੱਡਣ ਦੀ ਬਜਾਏ ਇਹ ਮਹਿਸੂਸ ਕੀਤਾ ਕਿ ਉਹ ਆਪਣੇ ਦੋਸਤ ਨੂੰ ਇਸ ਚੁੰਗਲ 'ਚੋਂ ਕੱਢਣ ਲਈ ਉਸ ਦੀ ਹਰ ਸਹਾਇਤਾ ਕਰੇਗੀ। ਇਸ ਕਾਰਨ ਉਹ ਭਾਰਤ ਵਿਚ ਪੰਜਾਬ ਆ ਗਈ ਅਤੇ ਇਥੇ ਆ ਕੇ ਉਸ ਨੇ ਉਕਤ ਲੜਕੇ ਨੂੰ ਨਸ਼ੇ ਛੱਡਣ ਲਈ ਮਨਾਇਆ ਅਤੇ ਉਸ ਨੂੰ ਇਲਾਜ ਲਈ ਸਾਈਬੇਰੀਆ ਲੈ ਗਈ। ਪਰ ਉਥੇ ਇਲਾਜ ਨਾ ਹੋ ਸਕਣ ਕਾਰਨ ਉਹ ਵਾਪਸ ਗੁਰਦਾਸਪੁਰ ਦੇ ਇਸ ਕੇਂਦਰ ਵਿਚ ਇਲਾਜ ਕਰਵਾ ਰਹੀ ਹੈ। ਇਸੇ ਦੌਰਾਨ ਉਕਤ ਲੜਕੇ ਵੱਲੋਂ ਉਸ ਨੂੰ ਵਿਆਹ ਕਰਨ ਦੀ ਪੇਸ਼ਕਸ਼ ਵੀ ਦਿੱਤੀ ਗਈ, ਜਿਸ ਕਾਰਨ ਹੁਣ ਉਨ੍ਹਾਂ ਕੋਰਟ ਮੈਰਿਜ ਵਿਆਹ ਵੀ ਕਰਵਾ ਲਈ ਹੈ।
ਇਸ ਮੌਕੇ ਨਸ਼ਾ ਛੁਡਾਓ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਉਕਤ ਲੜਕਾ ਠੀਕ ਹੋ ਰਿਹਾ ਹੈ ਅਤੇ ਡੈਨਮਾਰਕ ਦੀ ਇਸ ਲੜਕੀ ਨੇ ਉਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਬਲਵਿੰਦਰ ਸਿੰਘ ਭਿੰਦਾ ਵੀ ਮੌਜੂਦ ਸਨ।
ਡਾਕਟਰ ਦੀ ਅਣਗਹਿਲੀ ਕਾਰਨ ਮਹਿਲਾ ਦੀ ਮੌਤ, ਮਾਮਲਾ ਦਰਜ
NEXT STORY