ਜਲੰਧਰ, (ਖੁਰਾਣਾ)— ਕੋਰੋਨਾ ਵਾਇਰਸ ਨੇ ਇਸ ਸਮੇਂ ਵਿਸ਼ਵ ਭਰ ਦੇ 200 ਤੋਂ ਜ਼ਿਆਦਾ ਦੇਸ਼ਾਂ ਦੇ ਅਰਬਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ 'ਚ ਵੀ 100 ਕਰੋੜ ਤੋਂ ਵਧ ਲੋਕਾਂ ਨੂੰ ਲਾਕਡਾਊਨ ਤੇ ਕਰਫਿਊ ਕਾਰਨ ਪਿਛਲੇ 40 ਦਿਨਾਂ ਤੋਂ ਘਰਾਂ 'ਚ ਰਹਿਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤਰ੍ਹਾਂ ਦੇ ਹਾਲਾਤਾਂ 'ਚ ਜਲੰਧਰ ਦੇ ਇਕ ਨੌਜਵਾਨ ਨੇ ਹਿਮਾਚਲ 'ਚ 7 ਫੇਰੇ ਲੈ ਕੇ ਤੇ ਸ਼ਿਮਲਾ ਤੋਂ ਜਲੰਧਰ ਆਪਣੀ ਨਵ-ਵਿਆਹੀ ਲਾੜੀ ਨੂੰ ਲਿਆ ਕੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ ਹੈ।
ਜਾਣਕਾਰੀ ਅਨੁਸਾਰ ਕਿਸ਼ਨਪੁਰਾ 'ਚ ਮੋਬਾਈਲ ਅਤੇ ਪਾਰਸਲ ਡਲੀਵਰੀ ਦਾ ਕੰਮ ਕਰਨ ਵਾਲੇ ਅਗਮ ਸ਼ਰਮਾ ਦਾ ਵਿਆਹ ਕਈ ਮਹੀਨੇ ਪਹਿਲਾਂ ਸ਼ਿਮਲਾ ਨਿਵਾਸੀ ਸੁਨੀਤਾ ਸ਼ਰਮਾ ਨਾਲ 4 ਮਈ ਤੈਅ ਹੋਇਆ ਸੀ। ਅਗਮ ਨੇ ਦੱਸਿਆ ਕਿ 3 ਮਈ ਨੂੰ ਸਵੇਰੇ 5 ਵਜੇ ਆਪਣੇ ਪਿਤਾ ਅਤੇ ਭਰਾ ਨੂੰ ਲੈ ਕੇ ਸ਼ਿਮਲਾ ਲਈ ਰਵਾਨਾ ਹੋਇਆ ਪਰ ਰਸਤੇ 'ਚ ਥਾਂ-ਥਾਂ 'ਤੇ ਪੁਲਸ ਜਾਂਚ ਅਤੇ ਨਾਕਿਆਂ ਕਾਰਨ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। 4 ਮਈ ਨੂੰ ਉਥੇ ਹੀ ਵਿਆਹ ਦੀਆਂ ਰਸਮਾਂ ਸਾਧਾਰਨ ਢੰਗ ਨਾਲ ਨਿਭਾਈਆਂ ਗਈਆਂ ਅਤੇ 5 ਮਈ ਨੂੰ ਸਵੇਰੇ 8 ਵਜੇ ਡੋਲੀ ਦੀ ਵਿਦਾਈ ਹੋਈ। ਦੇਰ ਰਾਤ ਇਹ ਪਰਿਵਾਰ ਲਾੜੀ ਲੈ ਕੇ ਜਲੰਧਰ ਵਾਪਸ ਪੁੱਜਾ। ਦੋਵੇਂ ਪਰਿਵਾਰਾਂ ਤੋਂ ਇਲਾਵਾ ਲਾੜੇ ਦੇ ਚਾਚਾ ਸੰਜੀਵ ਸ਼ਰਮਾ ਅਤੇ ਰੋਲਵੇ ਰੋਡ ਦੇ ਕਾਰੋਬਾਰੀ ਯਾਦਵ ਖੋਸਲਾ ਨੇ ਇਸ ਖੁਸ਼ੀ ਭਰੇ ਆਯੋਜਨ ਲਈ ਸ਼ਿਮਲਾ ਅਤੇ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ।
ਬਠਿੰਡਾ 'ਚ 8 ਸਾਲਾ ਬੱਚੀ ਸਣੇ 3 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY