ਲੌਂਗੋਵਾਲ(ਵਿਜੇ)-ਬਰਨਾਲਾ-ਸੁਨਾਮ ਰੋਡ 'ਤੇ ਬਣੇ ਡਰੇਨ ਦੇ ਪੁਲ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਪੁਲ 'ਤੇ ਟੋਏ ਪੈਣ ਦੇ ਨਾਲ-ਨਾਲ ਸਾਈਡ ਸਪੋਰਟਾਂ ਵੀ ਟੁੱਟ ਚੁੱਕੀਆਂ ਹਨ, ਜਿਸ ਕਾਰਨ ਇਥੇ ਕਈ ਹਾਦਸੇ ਵਾਪਰ ਚੁੱਕੇ ਹਨ। ਪੀ. ਡਬਲਿਊ. ਡੀ. ਮਹਿਕਮੇ ਦੀ ਅਣਗਹਿਲੀ ਤੋਂ ਰੋਹ 'ਚ ਆਏ ਲੋਕਾਂ ਨੇ ਕਿਸਾਨ ਮੋਰਚਾ ਸੰਗਰੂਰ ਦੇ ਕਨਵੀਨਰ ਕੌਂਸਲਰ ਭੁਪਿੰਦਰ ਸਿੰਘ ਦੀ ਅਗਵਾਈ 'ਚ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਜਲਦੀ ਪੁਲ ਦੀ ਉਸਾਰੀ ਨਹੀਂ ਕੀਤੀ ਗਈ ਤਾਂ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਪੀ. ਡਬਲਿਊ. ਡੀ. ਮਹਿਕਮੇ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਪੁਲ ਦੀ ਖਸਤਾ ਹਾਲਤ ਬਾਰੇ ਲੌਂਗੋਵਾਲ ਦੇ ਸਾਰੇ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪੀ. ਡਬਲਿਊ. ਡੀ. ਮਹਿਕਮੇ ਨਾਲ ਪੱਤਰ-ਵਿਹਾਰ ਕਰ ਕੇ ਪੁਲ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਨਗਰ ਕੌਂਸਲ ਵੱਲੋਂ ਪਹਿਲਾਂ ਵੀ ਪੱਤਰ ਲਿਖਿਆ ਗਿਆ ਅਤੇ ਮਹਿਕਮੇ ਵੱਲੋਂ ਕੋਈ ਜਵਾਬ ਨਾ ਆਉਣ 'ਤੇ ਦੁਬਾਰਾ ਮਿਤੀ 1/8/17 ਨੂੰ ਨਿਗਰਾਨ ਇੰਜੀਨੀਅਰ ਨੂੰ ਰਿਮਾਈਂਡਰ ਭੇਜਿਆ ਗਿਆ ਪਰ ਮਹਿਕਮੇ ਵੱਲੋਂ ਹੁਣ ਤੱਕ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਹਰ ਸਾਲ 20 ਅਗਸਤ ਨੂੰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸੂਬਾ ਪੱਧਰੀ ਸਮਾਗਮ 'ਚ ਕੌਮੀ ਪੱਧਰ ਦੇ ਨੇਤਾ ਪਹੁੰਚਦੇ ਹਨ ਪਰ ਲੌਂਗੋਵਾਲ ਵਾਸੀਆਂ ਦੀ ਪੁਲ ਸਬੰਧੀ ਮੰਗ ਨੂੰ ਬੂਰ ਨਹੀਂ ਪੈ ਰਿਹਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਪੁਲ ਦੀ ਖਸਤਾ ਹਾਲਤ ਸੁਧਾਰਨ ਦੇ ਵਾਅਦੇ ਕੀਤੇ ਸਨ ਪਰ ਹੁਣ ਸ਼ਾਇਦ ਉਹ ਵੀ ਭੁੱਲ ਗਏ ਹਨ। ਇਸੇ ਕਰਕੇ ਨਗਰ ਵਾਸੀਆਂ ਨੇ ਸੰਘਰਸ਼ ਦਾ ਰਾਹ ਚੁਣਿਆ ਹੈ ਅਤੇ ਕਿਹਾ ਕਿ ਜਿੰਨਾ ਚਿਰ ਪੁਲ ਦਾ ਨਿਰਮਾਣ ਨਹੀਂ ਹੁੰਦਾ ਪੀ. ਡਬਲਿਊ. ਡੀ. ਮਹਿਕਮੇ ਦੇ ਅਧਿਕਾਰੀਆਂ ਅਤੇ ਸਰਕਾਰ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ।
ਇਸ ਸਮੇਂ ਮੀਤ ਪ੍ਰਧਾਨ ਪਰਮਜੀਤ ਸਿੰਘ ਗਾਂਧੀ, ਕੌਂਸਲਰ ਰਮਨਦੀਪ ਚੋਟੀਆਂ, ਗੁਰਮੇਲ ਸਿੰਘ ਚੋਟੀਆਂ ਆਦਿ ਸਮੇਤ ਵੱਡੀ ਗਿਣਤੀ 'ਚ ਕਸਬਾ ਵਾਸੀ ਹਾਜ਼ਰ ਸਨ।
20 ਹਾਨੀਕਾਰਕ ਕੀਟਨਾਸ਼ਕਾਂ 'ਤੇ ਪਾਬੰਦੀ ਦੀ ਮੁੱਖ ਮੰਤਰੀ ਨੇ ਦਿੱਤੀ ਪ੍ਰਵਾਨਗੀ
NEXT STORY