ਫਤਿਹਗੜ੍ਹ ਸਾਹਿਬ(ਜਗਦੇਵ) : ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਸਾਫ-ਸਫਾਈ ਰੱਖਣ ਅਤੇ ਡੇਂਗੂ ਤੋਂ ਬਚਣ ਲਈ ਕਾਰਜ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਪਿੰਡਾਂ ਵਿਚ ਜਾ ਕੇ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਦਾਅਵੇ ਖੋਖਲੇ ਹਨ ਅਤੇ ਲੋਕ ਗੰਦਗੀ ਦੀ ਭਰਮਾਰ ਕਰ ਕੇ ਹੋਣ ਵਾਲੇ ਰੋਗਾਂ ਤੋਂ ਗ੍ਰਸਤ ਹੁੰਦੇ ਜਾ ਰਹੇ ਹਨ ਪਰ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀ ਉਸ ਵੇਲੇ ਹਰਕਤ ਵਿਚ ਆਉਂਦੇ ਹਨ ਜਦੋਂ ਬੀਮਾਰੀ ਫੈਲ ਜਾਵੇ ਅਤੇ ਸਬੰਧਤ ਅਫਸਰ ਮਰੀਜ਼ਾਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਜਾ ਕੇ ਮਰੀਜ਼ ਨਾਲ ਤਸਵੀਰ ਖਿਚਵਾ ਕੇ ਸਰਕਾਰ ਤੱਕ ਆਪਣੀ ਰਿਪੋਰਟ ਭੇਜ ਦਿੰਦੇ ਹਨ ਕਿ ਅਸੀ ਡੇਂਗੂ ਤੋਂ ਪੀੜਤ ਮਰੀਜ਼ਾਂ ਦਾ ਹਾਲ ਪੁੱਛ ਰਹੇ ਹਾਂ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਅਜਿਹੀ ਹੀ ਸਥਿਤੀ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਝਾਮਪੁਰ ਦੀ ਬਣੀ ਹੋਈ ਹੈ। ਜਿੱਥੇ ਛੱਪੜਾਂ ਦੀ ਸਫਾਈ ਨਾ ਹੋਣ ਕਰ ਕੇ ਫੈਲ ਰਹੀ ਗੰਦਗੀ ਤੋਂ ਪੰਚਾਇਤ ਤੋਂ ਇਲਾਵਾ ਬੀ. ਡੀ. ਪੀ. ਓ. ਤੋਂ ਲੈ ਕੇ ਡੀ. ਡੀ. ਪੀ. ਓ., ਸਿਹਤ ਵਿਭਾਗ ਦੇ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਦਫਤਰ ਤੱਕ ਦੇ ਅਧਿਕਾਰੀ ਵੀ ਜਾਣੂ ਹਨ ਪਰ ਸਫਾਈ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਫੈਲ ਰਹੀ ਗੰਦਗੀ ਕਰ ਕੇ ਕਿਸੇ ਵੀ ਵੇਲੇ ਡੇਂਗੂ ਫੈਲ ਸਕਦਾ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰ ਕੇ ਪਿੰਡ ਵਾਲਿਆਂ ਵੱਲੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਰੋਸ ਦੀ ਲਹਿਰ ਹੈ, ਜਦੋਂ ਮੀਡੀਆ ਵਿਚ ਖਬਰਾਂ ਲੱਗਣ ਉਪਰੰਤ ਪ੍ਰਸ਼ਾਸਨ ਹਰਕਤ ਵਿਚ ਆਉਂਦਾ ਹੈ ਅਤੇ ਥੋੜ੍ਹਾ ਕੰਮ ਹੁੰਦਾ ਹੈ ਪਰ ਬਾਅਦ ਵਿਚ ਸਥਿਤੀ ਫਿਰ ਉਹੀ ਬਣ ਜਾਂਦੀ ਹੈ। ਪਿੰਡ ਦੇ ਛੱਪੜ ਵਿਚ ਪਾਣੀ ਦੀ ਸਪਲਾਈ ਨਾ ਜਾਣ ਕਰ ਕੇ ਪਾਣੀ ਵਾਪਸ ਗਲੀਆਂ ਵਿਚ ਆ ਰਿਹਾ ਹੈ, ਜਿਸ ਕਾਰਨ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ। ਜਿਸ ਕਰ ਕੇ ਹਾਲਤ ਹੁਣ ਇਹ ਹੋ ਗਈ ਹੈ ਕਿ ਛੱਪੜ ਭਰ ਜਾਣ ਕਰ ਕੇ ਸਾਰਾ ਪਾਣੀ ਗਲੀਆਂ ਵਿਚ ਆ ਜਾਂਦਾ ਹੈ ਅਤੇ ਰਸਤਾ ਵੀ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਰੂੜੀਆਂ ਦੇ ਢੇਰ ਪਏ ਹਨ। ਮੱਛਰ ਮੱਖੀਆਂ ਦੀ ਭਰਮਾਰ ਹੈ ਜਿਸ ਕਰ ਕੇ ਕਿਸੇ ਵੀ ਸਮੇਂ ਇਸ ਪਿੰਡ ਵਿਚ ਬੀਮਾਰੀ ਫੈਲਣ ਦਾ ਖਤਰਾ ਹੈ। ਲੋਕਾਂ ਨੇ ਦੱਸਿਆ ਕਿ ਭਾਵੇਂ ਕਿ ਇਸ ਮਾਮਲੇ ਬਾਰੇ ਪਿੰਡ ਦੀ ਪੰਚਾਇਤ ਜਾਣੂ ਹੈ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਰ ਕੇ ਇਹ ਸਮੱਸਿਆ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਪਹਿਲਾਂ ਬਲਾਕ ਖੇੜਾ ਦੇ ਬੀ. ਡੀ.ਪੀ. ਓ. ਵੱਲੋਂ ਪਿੰਡ ਦਾ ਦੌਰਾ ਵੀ ਕੀਤਾ ਗਿਆ ਸੀ ਅਤੇ ਪਾਣੀ ਦੀ ਨਿਕਾਸੀ ਲਈ ਪੰਚਾਇਤ ਨੂੰ ਹੁਕਮ ਵੀ ਜਾਰੀ ਕੀਤੇ ਗਏ ਪਰ ਕੁਝ ਕੁ ਸਮਾਂ ਪਾਣੀ ਦੀ ਨਿਕਾਸੀ ਕੀਤੀ ਗਈ ਪਰ ਸਫਾਈ ਦਾ ਕੰਮ ਸ਼ੁਰੂ ਨਾ ਹੋਣ ਕਰ ਕੇ ਫਿਰ ਤੋਂ ਉਹੀ ਸਥਿਤੀ ਉਤਪੰਨ ਹੋ ਗਈ ਹੈ ਅਤੇ ਗੰਦਗੀ ਦੀ ਭਰਮਾਰ ਹੈ।
ਟਰੈਕਟਰ-ਟਰਾਲੀ ਹਾਦਸੇ 'ਚ ਬਾਈਕ ਸਵਾਰ ਦੀ ਮੌਤ
NEXT STORY