ਜਲੰਧਰ (ਰਵਿੰਦਰ)— ਅੱਤਵਾਦੀਆਂ ਦੀਆਂ ਧਮਕੀਆਂ ਤੋਂ ਬਾਅਦ ਪੂਰੇ ਸੂਬੇ ਦੀ ਪੁਲਸ ਹਾਈ ਅਲਰਟ 'ਤੇ ਸੀ। ਖਾਲਿਸਤਾਨੀ ਅੱਤਵਾਦੀ ਅਤੇ ਕਸ਼ਮੀਰੀ ਅੱਤਵਾਦੀਆਂ ਦੀ ਲਗਾਤਾਰ ਪੰਜਾਬ 'ਚ ਸਰਗਰਮ ਹੋਣ ਤੋਂ ਬਾਅਦ ਖੁਫੀਆ ਏਜੰਸੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਦੀਵਾਲੀ ਤੱਕ ਅੱਤਵਾਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਦੀਵਾਲੀ ਤੋਂ ਪਹਿਲਾਂ ਫੜੇ ਗਏ ਕਸ਼ਮੀਰੀ ਅੱਤਵਾਦੀ ਅਤੇ ਖਾਲਿਸਤਾਨੀ ਗਦਰ ਫੋਰਸ ਦੇ ਅੱਤਵਾਦੀਆਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਦੀਵਾਲੀ 'ਤੇ ਵੱਡਾ ਹਮਲਾ ਕਰਨ ਦੀ ਯੋਜਨਾ 'ਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਕੰਮ ਕਰ ਰਹੀਆਂ ਸਨ। ਇਸ ਸੂਚਨਾ ਤੋਂ ਬਾਅਦ ਸੂਬੇ ਭਰ 'ਚ ਪੁਲਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਸੀ।
ਸਾਰੇ ਪੁਲਸ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਤੱਕ ਰੱਦ ਕੀਤੀਆਂ ਗਈਆਂ ਸਨ। ਸਾਰੇ ਜ਼ਿਲਿਆਂ ਵਿਚ ਨਾਕਾਬੰਦੀ ਕੀਤੀ ਗਈ ਸੀ ਅਤੇ ਸ਼ੱਕੀ ਇਲਾਕਿਆਂ 'ਚ ਪੁਲਸ ਦੀ ਲਗਾਤਾਰ ਸਰਚ ਚੱਲ ਰਹੀ ਸੀ। ਪੈਰਾ ਮਿਲਟਰੀ ਫੋਰਸ ਦਾ ਸਾਥ ਵੀ ਲਿਆ ਜਾ ਰਿਹਾ ਸੀ। ਪੁਲਸ ਵੀ ਦਿਨ ਰਾਤ ਗੱਲ ਨਾਲ ਦਹਿਸ਼ਤ ਵਿਚ ਸੀ ਕਿ ਕਿਤੇ ਅੱਤਵਾਦੀ ਆਪਣੇ ਮਕਸਦ 'ਚ ਕਾਮਯਾਬ ਨਾ ਹੋ ਜਾਣ।
ਲੋਕ ਚੈਨ ਨਾਲ ਸਭ ਤੋਂ ਵੱਡੇ ਤਿਉਹਾਰ ਨੂੰ ਸ਼ਾਂਤੀ ਅਤੇ ਖੁਸ਼ੀ ਨਾਲ ਮਨਾ ਸਕਣ, ਇਸ ਲਈ ਪੁਲਸ ਦਿਨ ਰਾਤ ਜਾਗਦੀ ਰਹੀ। ਜਿਵੇਂ ਹੀ ਦੀਵਾਲੀ ਦੀ ਰਾਤ ਗੁਜ਼ਰੀ ਤਾਂ ਪੁਲਸ ਨੇ ਵੀ ਚੈਨ ਦਾ ਸਾਹ ਲਿਆ। ਇਕ ਪਾਸੇ ਹਰ ਘਰ 'ਚ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਅਤੇ ਸਾਰੇ ਮਿਲਜੁਲ ਕੇ ਇਸ ਤਿਉਹਾਰ ਦਾ ਆਨੰਦ ਮਾਣ ਰਹੇ ਸਨ ਅਤੇ ਦੂਜੇ ਪਾਸੇ ਪੰਜਾਬ ਪੁਲਸ ਦੇ ਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਲੋਕਾਂ ਦੀ ਸੁਰੱਖਿਆ 'ਚ ਡਟੇ ਹੋਏ ਸਨ।
ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਨਹੀਂ ਸੀ ਕਿ ਉਹ ਪਰਿਵਾਰ ਤੋਂ ਦੂਰ ਹਨ ਅਤੇ ਪਰਿਵਾਰ ਨਾਲ ਦੀਵਾਲੀ ਨਹੀਂ ਮਨਾ ਰਹੇ ਸਗੋਂ ਇਸ ਮਨ 'ਚ ਇਸ ਗੱਲ ਦੀ ਖੁਸ਼ੀ ਸੀ ਕਿ ਲੋਕਾਂ ਸੁਰੱਖਿਅਤ ਰਹਿ ਕੇ ਤਿਉਹਾਰ ਮਨਾ ਸਕਣ। ਇਸ ਲਈ ਉਹ ਆਪਣੀ ਡਿਊਟੀ ਨਿਭਾ ਰਹੇ ਹਨ। ਹੈੱਡ ਕਾਂਸਟੇਬਲ ਗੁਲਜ਼ਾਰ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਪਹਿਲਾਂ ਮਨ 'ਚ ਡਰ ਸੀ ਕਿ ਦੇਸ਼ ਵਿਰੋਧੀ ਤਾਕਤਾਂ ਆਪਣੇ ਮਕਸਦ 'ਚ ਕਾਮਯਾਬ ਨਾ ਹੋ ਜਾਣ ਪਰ ਪੰਜਾਬ 'ਚ ਅੱਤਵਾਦ ਨੂੰ ਮੂੰਹ ਤੋੜ ਜਵਾਬ ਦੇਣ ਵਾਲੀ ਪੰਜਾਬ ਪੁਲਸ ਨੇ ਇਸ ਵਾਰ ਧਾਰ ਲਿਆ ਸੀ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਸੂਬੇ 'ਚ ਦੁਬਾਰਾ ਸਿਰ ਚੁੱਕਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਸਾਰੇ ਪੁਲਸ ਅਧਿਕਾਰੀਆਂ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ ਅਤੇ ਆਖਿਰ ਜਦੋਂ ਦੀਵਾਲੀ ਦੀ ਰਾਤ ਸੁਰੱਖਿਅਤ ਗੁਜ਼ਰੀ ਤਾਂ ਸਾਰਿਆਂ ਨੇ ਚੈਨ ਦਾ ਸਾਹ ਲਿਆ।
ਲੰਮੇ ਸਮੇਂ ਤੋਂ ਡਿਊਟੀ ਨਿਭਾ ਰਹੇ ਪੁਲਸ ਮੁਲਾਜ਼ਮ ਹੁਣ ਲੈ ਸਕਣਗੇ ਛੁੱਟੀ
ਸੂਬੇ 'ਚ ਅੱਤਵਾਦੀ ਧਮਕੀਆਂ ਦੌਰਾਨ ਪੰਜਾਬ ਪੁਲਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਸੀ ਅਤੇ ਦੀਵਾਲੀ ਤੱਕ ਸਾਰੇ ਪੁਲਸ ਮੁਲਾਜ਼ਮਾਂ ਦੀਆਂ ਛੁੱੱਟੀਆਂ ਤੱਕ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਦੀਵਾਲੀ ਦੀ ਰਾਤ ਸੁਰੱਖਿਅਤ ਨਿਕਲਣ ਅਤੇ ਇਸ ਤੋਂ ਬਾਅਦ ਵਿਸ਼ਵਕਰਮਾ ਦਿਹਾੜਾ ਅਤੇ ਭਾਈ ਦੂਜ ਜਿਹੇ ਤਿਉਹਾਰ ਨਿਕਲਣ ਤੋਂ ਬਾਅਦ ਜਿਵੇਂ ਹੀ ਬਾਜ਼ਾਰਾਂ 'ਚ ਰੌਣਕ ਕੁਝ ਘੱਟ ਹੋਣ ਲੱਗੀ ਹੈ ਤਾਂ ਹੁਣ ਪੰਜਾਬ ਪੁਲਸ ਦੇ ਜਵਾਨ ਵੀ ਛੁੱਟੀ ਲੈ ਸਕਣਗੇ ਅਤੇ ਸਕੂਨ ਨਾਲ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਿਤਾ ਸਕਣਗੇ।
ਮਨਮੀਤ ਅਲੀਸ਼ੇਰ ਯਾਦਗਾਰੀ ਸਟੇਡੀਅਮ ਲਈ ਸੁਖਬੀਰ ਵਲੋਂ 11 ਲੱਖ ਰੁਪਏ ਦੇਣ ਦਾ ਐਲਾਨ
NEXT STORY