ਬਠਿੰਡਾ(ਅਬਲੂ)-ਵਿਆਹ ਤੋਂ ਬਾਅਦ ਦਾਜ ਮੰਗਣ ਦੀਆਂ ਹਰ ਰੋਜ਼ ਅਨੇਕਾਂ ਹੀ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਵਿਆਹ ਤੋਂ ਪਹਿਲਾਂ ਹੀ ਦਾਜ ਦੀ ਮੰਗ ਕਰਨੀ ਅਤੇ ਮੰਗ ਪੂਰੀ ਨਾ ਕਰਨ ’ਤੇ ਮੰਗਣੀ ਤੋਡ਼ਨ ਦਾ ਮਾਮਲਾ ਸਾਹਮਣੇ ਆਇਅਾ ਹੈ। ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਆਪਣੀ ਦੁੱਖ ਭਰੀ ਵਿੱਥਿਆ ਸੁਣਾਉਂਦੇ ਹੋਏ ਤੇ ਦੋਸ਼ ਲਾਉਂਦੇ ਹੋਏ ਓਮ ਪ੍ਰਕਾਸ਼ ਪੁੱਤਰ ਰਾਮ ਸਿੰਘ ਵਾਸੀ ਪ੍ਰਜਾਪਤ ਕਾਲੋਨੀ ਬਠਿੰਡਾ ਨੇ ਕਿਹਾ ਕਿ ਉਸ ਨੇ ਆਪਣੀ ਲਡ਼ਕੀ ਦੀ ਮੰਗਣੀ ਇਕ ਸਾਲ ਪਹਿਲਾਂ ਖਾਈ ਬਸਤੀ ਲਹਿਰਾਗਾਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਪੁੱਤਰ ਨੱਥੂ ਰਾਮ ਦੇ ਨਾਲ ਕੀਤੀ ਅਤੇ ਮੰਗਣੀ ’ਤੇ ਹੀ ਇਕ ਏ. ਸੀ. 1.5 ਟਨ, ਐੱਲ. ਈ. ਡੀ., 5 ਤੋਲੇ ਸੋਨਾ, 1 ਲੱਖ ਰੁਪਏ ਨਕਦ ਅਤੇ ਹੋਰ ਸਾਮਾਨ ਦਿੱਤਾ। ਲਡ਼ਕੇ ਵਾਲਿਆਂ ਵੱਲੋਂ ਉਸ ਦੇ ਘਰ ਆ ਕੇ ਸ਼ਗਨ ਲਾਇਆ ਗਿਆ ਅਤੇ ਸਗਾਈ ਵੀ ਕੀਤੀ ਪਰ ਜਦੋਂ ਵਿਆਹ ਕਰਨ ਬਾਰੇ ਗੱਲਬਾਤ ਕੀਤੀ ਗਈ ਤਾਂ ਲਡ਼ਕੇ ਵਾਲਿਆਂ ਨੇ ਕਾਰ ਅਤੇ 10 ਤੋਲੇ ਸੋਨੇ ਦੀ ਮੰਗ ਰੱਖ ਦਿੱਤੀ। ਅੱਗੇ ਦੱਸਦੇ ਹੋਏ ਓਮ ਪ੍ਰਕਾਸ਼ ਨੇ ਦੋਸ਼ ਲਾਇਆ ਕਿ ਜਦ ਉਸ ਨੇ ਕਾਰ ਅਤੇ 10 ਤੋਲੇ ਸੋਨਾ ਦੇਣ ਦੀ ਅਸਮੱਰਥਾ ਪ੍ਰਗਟਾਈ ਤਾਂ ਉਨ੍ਹਾਂ ਨੇ ਵਿਆਹ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਰਿਸ਼ਤਾ ਤੋਡ਼ ਦਿੱਤਾ। ਇਸ ਦੀ ਸ਼ਿਕਾਇਤ ਥਾਣਾ ਮਹਿਲਾ ਬਠਿੰਡਾ ਵਿਖੇ ਕੀਤੀ ਗਈ ਪਰ ਕੋਈ ਸੁਣਵਾਈ ਨਾ ਹੋਈ ਅਤੇ ਅਰਜ਼ੀ ਠੰਡੇ ਬਸਤੇ ਵਿਚ ਪਾ ਦਿੱਤੀ ਗਈ। ਓਮ ਪ੍ਰਕਾਸ਼ ਨੇ ਮੁੱਖ ਮੰਤਰੀ, ਪੁਲਸ ਮੁਖੀ ਅਤੇ ਗਵਰਨਰ ਨੂੰ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ।
ਭੁੱਖ ਹਡ਼ਤਾਲ ’ਤੇ ਬੈਠੇ ਬਜ਼ੁਰਗ ਕਾਂਗਰਸੀ ਆਗੂ ਦੀ ਹਾਲਤ ਵਿਗਡ਼ੀ
NEXT STORY