ਲੁਧਿਆਣਾ (ਨਰਿੰਦਰ) : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਾਗੂ ਹੋਏ ਕਰਫਿਊ ਦੌਰਾਨ ਜਿੱਥੇ ਇੱਕ ਪਾਸੇ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਨਸ਼ੇ ਦੇ ਆਦੀਆਂ ਨੂੰ ਨਸ਼ਾ ਨਹੀਂ ਮਿਲ ਰਿਹਾ, ਜਿਸ ਕਰਕੇ ਉਹ ਨਸ਼ਾ ਛੁਡਾਊ ਕੇਂਦਰਾਂ ਵੱਲ ਰੁਖ ਕਰ ਰਹੇ ਹਨ। ਸਿਹਤ ਮਹਿਕਮੇ ਦੇ ਅੰਕੜਿਆਂ ਮੁਤਾਬਕ ਪੰਜਾਬ 'ਚ ਬੀਤੇ 42 ਦਿਨਾਂ ਅੰਦਰ ਤਿੰਨ ਹਜ਼ਾਰ ਤੋਂ ਵੱਧ ਲੋਕ ਨਸ਼ਾ ਛੱਡਣ ਲਈ ਖੁਦ ਨੂੰ ਰਜਿਸਟਰਡ ਕਰਵਾ ਚੁੱਕੇ ਹਨ। ਸਰਕਾਰੀ ਅੰਕੜਿਆਂ ਤੋਂ ਇਲਾਵਾ ਜੇਕਰ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਵੱਡੀ ਗਿਣਤੀ 'ਚ ਮਰੀਜ਼ ਪਹੁੰਚ ਰਹੇ ਹਨ। ਖਾਸ ਕਰਕੇ ਲੁਧਿਆਣਾ ਦੇ ਗੁਰੂ ਨਾਨਕ ਹਸਪਤਾਲ 'ਚ ਆਯੁਰਵੈਦਿਕ ਨਸ਼ੇ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਜਦੋਂ 'ਜਗਬਾਣੀ' ਦੀ ਟੀਮ ਨੇ ਨਸ਼ੇ ਦੇ ਆਦੀ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਕਾਰਨ ਉਨ੍ਹਾਂ ਨੂੰ ਨਸ਼ਾ ਨਹੀਂ ਮਿਲ ਰਿਹਾ ਸੀ ਅਤੇ ਪਰਿਵਾਰਾਂ 'ਚ ਰਹਿਣ ਕਰਕੇ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਹੁਣ ਨਸ਼ਾ ਛੱਡ ਦੇਣਾ ਚਾਹੀਦਾ ਹੈ, ਜਿਸ ਕਰਕੇ ਉਨ੍ਹਾਂ ਨੇ ਨਸ਼ਾ ਛੱਡਣ ਦਾ ਫ਼ੈਸਲਾ ਲਿਆ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਕਰਫ਼ਿਊ ਤੋਂ ਪਹਿਲਾਂ ਉਨ੍ਹਾਂ ਨੂੰ ਸੌਖੇ ਤਰੀਕੇ ਨਾਲ ਨਸ਼ਾ ਮਿਲ ਜਾਂਦਾ ਸੀ।
ਨਸ਼ੇ ਦੇ ਆਦੀ ਨੌਜਵਾਨ
ਉਧਰ ਦੂਜੇ ਪਾਸੇ ਹਸਪਤਾਲ ਦੀ ਡਾ. ਮਨੀਸ਼ਾ ਸ਼ਰਮਾ ਨੇ ਦੱਸਿਆ ਕਿ ਨਸ਼ੇ ਦੇ ਆਦੀ ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਅਣੁਵੰਸ਼ਿਕ ਤੌਰ ਅਤੇ ਫਿਰ ਸਰੀਰਕ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਦਵਾਈ ਦਿੱਤੀ ਜਾਂਦੀ ਹੈ, ਉਹ ਆਯੁਰਵੈਦਿਕ ਹੈ ਅਤੇ ਉਸ ਦਾ ਕੋਈ ਬੁਰਾ ਪ੍ਰਭਾਵ ਵੀ ਸਰੀਰ 'ਤੇ ਨਹੀਂ ਪੈਂਦਾ। ਡਾ. ਮਨੀਸ਼ਾ ਨੇ ਦੱਸਿਆ ਹੈ ਕਿ ਇਨ੍ਹਾਂ ਮਰੀਜ਼ਾਂ ਨੂੰ ਪਰਿਵਾਰਕ ਮੈਂਬਰਾਂ ਦਾ ਵੀ ਸਾਥ ਜ਼ਰੂਰੀ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇਨ੍ਹਾਂ ਨੂੰ ਮੈਡੀਟੇਸ਼ਨ ਕਰਵਾਈ ਜਾਂਦੀ ਹੈ, ਯੋਗਾ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਨਸ਼ਾ ਛੱਡ ਸਕਣ। ਹੁਣ ਇਕ ਪਾਸੇ ਜਿੱਥੇ ਲਗਾਤਾਰ ਨਸ਼ਾ ਛੁਡਾਓ ਕੇਂਦਰਾਂ 'ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨਸ਼ੇ ਦੇ ਆਦੀ ਮਰੀਜ਼ਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਰਫ਼ਿਊ ਤੋਂ ਪਹਿਲਾਂ ਸੌਖੇ ਤਰੀਕੇ ਨਾਲ ਨਸ਼ਾ ਮਿਲ ਜਾਂਦਾ ਸੀ, ਜਿਸ ਤੋਂ ਜ਼ਾਹਿਰ ਹੈ ਕਿ ਪ੍ਰਸ਼ਾਸਨ ਅਤੇ ਸਰਕਾਰਾਂ ਸੂਬੇ ਅੰਦਰ ਨਸ਼ਾ ਖਤਮ ਕਰਨ ਦੇ ਜਿਹੜੇ ਦਾਅਵੇ ਕਰਦੀਆਂ ਹਨ, ਉਨ੍ਹਾਂ 'ਚ ਕੋਈ ਵੱਡੀ ਸੱਚਾਈ ਨਹੀਂ ਹੈ।
ਸ਼ਰਾਬ ਮਾਮਲੇ 'ਤੇ ਚੁਫੇਰਿਓਂ ਘਿਰੀ ਸਰਕਾਰ, ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ
NEXT STORY