ਮੌੜ ਮੰਡੀ(ਜ. ਬ.)-ਇਨਕਲਾਬ ਜ਼ਿੰਦਾਬਾਦ ਮੁਹਿੰਮ ਦੇ ਵਰਕਰਾਂ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਨਸ਼ਾ ਸਮੱਗਲਰਾਂ ਦਾ ਘਿਰਾਓ ਕਰ ਕੇ ਪੁਲਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਾ ਸੌਦਾਗਰਾਂ ਨੂੰ ਨਸ਼ੇ ਸਮੇਤ ਮੌਕੇ ’ਤੇ ਗ੍ਰਿਫਤਾਰ ਕਰਵਾਇਆ ਜਾ ਸਕੇ ਪਰ ਵਾਰ-ਵਾਰ ਸੂਚਿਤ ਕਰਨ ’ਤੇ ਪੁਲਸ ਵੱਲੋਂ ਮੌਕੇ ’ਤੇ ਨਾ ਪਹੁੰਚਣ ਤੋਂ ਭੜਕੇ ਮੁਹਿੰਮ ਦੇ ਵਰਕਰਾਂ ਨੇ ਬਾਬਾ ਦਵਿੰਦਰ ਸਿੰਘ ਅਤੇ ਹਰਪਾਲ ਸਿੰਘ ਚਾਉਕੇ ਦੀ ਅਗਵਾਈ ’ਚ ਥਾਣਾ ਮੌੜ ਅੱਗੇ ਧਰਨਾ ਲਾ ਕੇ ਪੁਲਸ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਾਬਾ ਦਵਿੰਦਰ ਸਿੰਘ ਅਤੇ ਹਰਪਾਲ ਸਿੰਘ ਚਾਓਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ਕ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਥਾਣਾ ਮੌੜ ਦੀ ਹਦੂਦ ਅੰਦਰ ਚਿੱਟੇ, ਨਸ਼ੇ ਦੀਆਂ ਗੋਲੀਆਂ ਅਤੇ ਟੀਕਿਆਂ ਦਾ ਵਪਾਰ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਭਾਵੇਂ ਲੋਕਾਂ ਵੱਲੋਂ ਨਸ਼ੇ ਦੀ ਵਿਕਰੀ ਨੂੰ ਰੋਕਣ ਲਈ ਆਪਣੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਪੁਲਸ ਨਸ਼ਾ ਸਮੱਗਲਰਾਂ ਖਿਲਾਫ਼ ਕਾਰਵਾਈ ਕਰਨ ਤੋਂ ਹਰ ਸਮੇਂ ਟਾਲਾ ਵੱਟ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੱਚਮੁੱਚ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ ਤਾਂ ਥਾਣਿਅਾਂ ’ਚ ਵੱਧ ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕਰੇ ਅਤੇ ਪੰਜਾਬ ’ਚੋਂ ਨਸ਼ੇ ਦਾ ਖਾਤਮਾ ਕਰਨ ਲਈ ਇਸ ਮੁਹਿੰਮ ਦੀ ਵਾਗਡੋਰ ਕੁਝ ਈਮਾਨਦਾਰ ਅਫ਼ਸਰਾਂ ਨੂੰ ਸੌਂਪੀ ਜਾਵੇ ਜੋ ਨਸ਼ਾ ਸਮੱਗਲਰਾਂ ਵਿਰੁੱਧ ਤੁਰੰਤ ਐਕਸ਼ਨ ਲੈਣ ਅਤੇ ਪੰਜਾਬ ’ਚੋਂ ਨਸ਼ੇ ਦਾ ਸਫਾਇਆ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਮਨਜੀਤ ਕੌਰ, ਅਮਰਜੀਤ ਕੌਰ, ਮਨਦੀਪ ਸਿੰਘ ਦੁੱਲਾ, ਸਤਵੀਰ ਸਿੰਘ, ਮਿੰਟੂ ਸਿੰਘ, ਸਿਕੰਦਰ ਸਿੰਘ, ਅਜਾਇਬ ਸਿੰਘ, ਹੈਰੀ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਰਾਹੀ, ਤੇਜਾ ਸਿੰਘ ਮਿਸਤਰੀ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਅੌਰਤਾਂ ਵੀ ਮੌਜੂਦ ਸਨ।
ਸ਼ਾਰਟ ਸਰਕਟ ਕਾਰਨ ਜਿਊਲਰਜ਼ ਦੇ ਸ਼ੋਅਰੂਮ ’ਚ ਲੱਗੀ ਅੱਗ
NEXT STORY