ਗੁਰਦਾਸਪੁਰ, (ਹਰਮਨਪ੍ਰੀਤ)- ਪੰਜਾਬ ਅੰਦਰ ‘ਚਿੱਟੇ’ ਤੇ ਹੋਰ ਨਸ਼ਿਆਂ ਵੱਲੋਂ ਮਚਾਏ ਗਏ ਕਹਿਰ ਸਬੰਧੀ ਕਈ ਦਿਲ ਕੰਬਾਊ ਖੁਲਾਸੇ ਹੋਣ ਦੇ ਬਾਅਦ ਬੇੱਸ਼ਕ ਪੁਲਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋਡ਼ਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ। ਪਰ ਦੂਜੇ ਪਾਸੇ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਅਤੇ ਨਸ਼ਾਖੋਰੀ ਨੂੰ ਸ਼ਹਿ ਦੇਣ ਵਾਲੇ ਵੱਡੇ ‘ਮਗਰਮੱਛਾਂ’ ਨੂੰ ਕਾਬੂ ਕਰਨ ਵਿਚ ਬਹੁਤੀ ਸਫਲਤਾ ਹਾਸਲ ਨਾ ਕੀਤੇ ਜਾ ਸਕਣ ਕਾਰਨ ਆਮ ਲੋਕਾਂ ਅੰਦਰ ਇਹ ਚਰਚਾ ਬਣੀ ਹੋਈ ਹੈ ਕਿ ਕਿਤੇ ਇਹ ਮੁਹਿੰਮ ਕੁਝ ਦਿਨ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਦੇ ਬਾਅਦ ਠੁੱਸ ਨਾ ਹੋ ਜਾਵੇ। ਅੱਜ ਹਰੇਕ ਸੁਚੇਤ ਵਿਅਕਤੀ ਨਸ਼ਿਆਂ ਦਾ ਮੁਕੰਮਲ ਖਾਤਮਾ ਚਾਹੁੰਦਾ ਹੈ ਕਿਉਂਕਿ ਨਸ਼ਿਆਂ ਦੀ ਵਰਤੋਂ, ਵਿਕਰੀ ਅਤੇ ਇਨ੍ਹਾਂ ਦੀ ਜਕਡ਼ ਵਿਚ ਆਏ ਲੋਕਾਂ ਸਬੰਧੀ ਅੰਕਡ਼ੇ ਬੇਹੱਦ ਚਿੰਤਾਜਨਕ ਹਨ।
ਨਸ਼ਾ ਛੁਡਾਊ ਕੇਂਦਰਾਂ ’ਚ ਨਹੀਂ ਵਧੀ ਜ਼ਿਆਦਾ ਗਿਣਤੀ
ਰੈੱਡ ਕਰਾਸ ਨਸ਼ਾ ਛਡਾਊਂ ਕੇਂਦਰ ਗੁਰਦਾਸਪੁਰ ਵਿਚ 35 ਹਜ਼ਾਰ ਇੰਨਡੋਰ ਅਤੇ 29 ਹਜ਼ਾਰ ਓ. ਪੀ. ਡੀ. ਦੇ ਮਰੀਜ਼ਾਂ ਨੂੰ ਮਿਲੇ ਕੇ ਹੁਣ ਤੱਕ ਕਰੀਬ 64 ਹਜ਼ਾਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਪਹਿਲਾਂ ਇਸ ਕੇਂਦਰ ’ਚ ਹਰੇਕ ਹਫਤੇ ਕਰੀਬ 4 ਮਰੀਜ਼ ਆਉਂਦੇ ਸਨ। ਪਰ ਹੁਣ ਪਿਛਲੇ 10 ਦਿਨਾਂ ’ਚ ਉਨ੍ਹਾਂ ਨੇ ਕਰੀਬ 2 ਦਰਜਨ ਮਰੀਜ਼ਾਂ ਨੂੰ ਦਾਖਲ ਕੀਤਾ ਹੈ। ਇਸੇ ਤਰ੍ਹਾਂ ਸਰਕਾਰ ਵੱਲੋਂ ਬੱਬਰੀ ਸਥਿਤ ਸਿਵਲ ਹਸਪਤਾਲ ਨੇਡ਼ੇ ਚਲਾਏ ਜਾ ਰਹੇ ਨਸ਼ਾ ਛਡਾਉੂ ਕੇਂਦਰ ’ਚ ਇੰਨਡੋਰ ਮਰੀਜ਼ਾਂ ਦੀ ਗਿਣÎਤੀ ਨਾ ਮਾਤਰ ਹੈ। ਜਦੋਂ ਕਿ ਇਸੇ ਕੇਂਦਰ ’ਚ ਚੱਲ ਰਹੇ ‘ਓਟ’ ਸੈਂਟਰ ਵਿਚ ਕਰੀਬ 200 ਮਰੀਜ਼ ਨਸ਼ਾ ਛੱਡਣ ਲਈ ਆ ਰਹੇ ਹਨ। ਬਟਾਲਾ ਸਥਿਤ ‘ਓਟ’ ਸੈਂਟਰ ’ਚ ਵੀ ਆਊਟ ਡੋਰ ਮਰੀਜ਼ਾਂ ਦੀ ਗਿਣਤੀ ਸਿਰਫ਼ 90 ਦੇ ਕਰੀਬ ਹੈ। ਕੇਂਦਰੀ ਜੇਲ ਗੁਰਦਾਸਪੁਰ ’ਚ ਵੀ ਇਕ ‘ਓਟ’ ਸੈਂਟਰ ਚਲਾਇਆ ਜਾ ਰਿਹਾ ਹੈ, ਜਿਥੇ ਜੇਲ ਨਾਲ ਸਬੰਧਤ ਹਵਾਲਾਤੀ ਅਤੇ ਕੈਦੀ ਆਪਣਾ ਇਲਾਜ ਕਰਵਾ ਰਹੇ ਹਨ। ਇਸ ਤਰ੍ਹਾਂ ਨਸ਼ਾ ਛੁਡਾਊਂ ਕੇਂਦਰਾਂ ’ਚ ਨਸ਼ੇੜੀਅਾਂ ਦੀ ਗਿਣਤੀ ਜ਼ਿਆਦਾ ਨਹੀਂ ਵਧੀ।
ਰਿਕਵਰੀ ਵਧੀ ਪਰ ਸਜ਼ਾਵਾਂ ਦੀ ਦਰ ਘਟੀ
ਕੈਪਟਨ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕੀਤੇ ਗਏ ਯਤਨਾਂ ਸਦਕਾ ਪਿਛਲੇ ਪੂਰੇ ਸਾਲ ਦੌਰਾਨ ਪੰਜਾਬ ’ਚੋਂ ਬਰਾਮਦ ਕੀਤੀ ਗਈ ਹੈਰੋਇਨ ਤੋਂ ਜ਼ਿਆਦਾ ਹੈਰੋਇਨ ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ ਹੀ ਬਰਾਮਦ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਸਪੈਸ਼ਲ ਟਾਸਕ ਫੋਰਸ, ਪੰਜਾਬ ਪੁਲਸ, ਬੀ. ਐੱਸ. ਐੱਫ. ਅਤੇ ਨਾਰਕੋਟਿਕਸੈੱਲ ਸਮੇਤ ਵੱਖ-ਵੱਖ ਏਜੰਸੀਆਂ ਨੇ ਕਰੀਬ 193.2 ਕਿੱਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਜਦਕਿ ਇਸ ਸਾਲ ਪਹਿਲੇ 6 ਮਹੀਨਿਆਂ ਦੌਰਾਨ ਹੀ ਇਨ੍ਹਾਂ ਏਜੰਸੀਆਂ ਵੱਲੋਂ ਕਰੀਬ 216 ਕਿੱਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪਿਛਲੇ ਸਾਲ ਬਰਾਮਦ ਕੀਤੇ ਗਏ ਕਰੀਬ 1915 ਕਿੱਲੋ ਗਾਂਜੇ ਦੇ ਮੁਕਾਬਲੇ ਇਸ ਸਾਲ ਹੁਣ ਤੱਕ 1817 ਕਿੱਲੋ ਦੇ ਕਰੀਬ ਗਾਂਜਾ ਫਡ਼ਿਆ ਜਾ ਚੁੱਕਾ ਹੈ। ਇਨ੍ਹਾਂ ਏਜੰਸੀਆਂ ਵੱਲੋਂ ਏਨੀ ਭਾਰੀ ਮਾਤਰਾ ’ਚ ਪ੍ਰਾਪਤ ਕੀਤੇ ਗਏ ਇਨ੍ਹਾਂ ਨਸ਼ੇ ਵਾਲੇ ਪਦਾਰਥਾਂ ਦੇ ਉਲਟ ਜੇਕਰ ਇਨ੍ਹਾਂ ਪਦਾਰਥਾਂ ਦੀ ਸਮੱਗਲਿੰਗ ਅਤੇ ਵਰਤੋਂ ਨਾਲ ਸਬੰਧਤ ਦਰਜ ਕੀਤੇ ਗਏ ਮਾਮਲਿਆਂ ’ਚ ਹੋਈਆਂ ਸਜ਼ਾਵਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਪਿਛਲੇ ਸਾਲ ਸਿਰਫ਼ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਦਰ ਸਿਰਫ਼ 72 ਫੀਸਦੀ ਸੀ। ਜਦਕਿ ਉਸ ਤੋਂ ਪਹਿਲਾਂ 2016 ’ਚ 76.7, 2015 ’ਚ 81.4 ਅਤੇ 2014 ’ਚ ਇਹ ਦਰ 80.4 ਫੀਸਦੀ ਸੀ। ਇਸ ਤੋਂ ਪਹਿਲਾਂ 2002 ਤੋਂ 2015 ਤੱਕ ਨਸ਼ਿਆਂ ਦੇ ਮਾਮਲਿਆਂ ’ਚ ਸਜ਼ਾਵਾਂ ਦਾ ਗ੍ਰਾਫ ਲਗਾਤਾਰ ਉੱਪਰ ਉੱਠਦਾ ਰਿਹਾ ਹੈ, ਪਰ ਪਿਛਲੇ 2 ਸਾਲਾਂ ’ਚ ਆਈ ਗਿਰਾਵਟ ਨੇ ਇਸ ਮਾਮਲੇ ’ਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਦਿੱਤੇ ਹਨ।
20 ਤੋਂ 30 ਸਾਲ ਦੇ ਨੌਜਵਾਨ ਹਨ ਸਭ ਤੋਂ ਜ਼ਿਆਦਾ ਨਸ਼ੇ ਦੇ ਆਦੀ
ਨਸ਼ਿਆਂ ਦੇ ਸਬੰਧ ’ਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆ ਦੇ ਨੁਮਾਇੰਦਿਆਂ, ਪੁਲਸ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਹੈਰਾਨੀਜਨਕ ਅਤੇ ਬੇਹੱਦ ਗੰਭੀਰ ਤੱਥ ਸਾਹਮਣੇ ਆ ਰਹੇ ਹਨ ਕਿ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਸਮੇਤ ਅੌਰਤਾਂ ਅਤੇ ਲਡ਼ਕੀਆਂ ਤੋਂ ਇਲਾਵਾ ਕੋਈ ਵੀ ਵਰਗ ਨਸ਼ਿਆਂ ਦੀ ਮਾਰ ਤੋਂ ਬਚ ਨਹੀਂ ਸਕਿਆ। ਜੇਕਰ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਗੁਰਦਾਸਪੁਰ ਵਿਖੇ ਹੁਣ ਤੱਕ ਨਸ਼ਾ ਛੱਡਣ ਆਏ ਨੌਜਵਾਨਾਂ ਦੇ ਅੰਕਡ਼ਿਆਂ ’ਤੇ ਝਾਤੀ ਮਾਰੀਏ ਤਾਂ ਇਸ ਕੇਂਦਰ ’ਚ ਨਸ਼ਾ ਛੱਡਣ ਲਈ ਆਉਣ ਵਾਲੇ ਮਰੀਜ਼ਾਂ ’ਚ ਸਭ ਤੋਂ ਜ਼ਿਆਦਾ ਗਿਣਤੀ 25 ਤੋਂ 30 ਸਾਲ ਉਮਰ ਵਾਲੇ ਮਰੀਜ਼ਾਂ ਦੀ ਹੈ। ਇਸ ਕੇਂਦਰ ਦੇ ਪ੍ਰ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਹੁਣ ਤੱਕ ਕਰੀਬ 35 ਹਜ਼ਾਰ ਨੌਜਵਾਨਾਂ ਦਾ ਇੰਨਡੋਰ ਇਲਾਜ ਕੀਤਾ ਜਾ ਚੁੱਕਾ ਹੈ, ਜਿਨਾਂ ’ਚੋਂ 10 ਤੋਂ 15 ਸਾਲ ਦੇ ਮਰੀਜ਼ਾਂ ਦੀ ਗਿਣਤੀ 360, 15 ਤੋਂ 20 ਉਮਰ ਦੇ 2736, 20 ਤੋਂ 25 ਸਾਲ ਦੇ 5731, 25 ਤੋਂ 30 ਸਾਲ ਦੇ 11361, 30 ਤੋਂ 35 ਸਾਲ ਦੇ 4078, 35 ਤੋਂ 40 ਸਾਲ ਦੇ 3383, 40 ਤੋਂ 45 ਸਾਲ ਦੇ 2557, 45 ਤੋਂ 50 ਸਾਲ ਦੇ 2017, 50 ਤੋਂ 55 ਸਾਲ ਦੇ 1112, 55 ਤੋਂ 60 ਸਾਲ ਦੇ 637, 60 ਤੋਂ 65 ਸਾਲ ਦੇ 623, 65 ਤੋਂ 70 ਸਾਲ ਦੇ 272 ਅਤੇ 70 ਤੋਂ 80 ਸਾਲ ਦੇ ਕਰੀਬ 57 ਮਰੀਜ਼ ਸਨ।
ਨਸ਼ਿਆਂ ਦੇ ਮੁੱਦੇ 'ਤੇ ਕੈਪਟਨ ਨੇ ਸਿਹਤ ਅਧਿਕਾਰੀ ਕੀਤੇ ਤਲਬ
NEXT STORY