ਲੁਧਿਆਣਾ (ਬਸਰਾ) : ਦੁਪਹਿਰ ਸਮੇਂ ਤੱਕ ਤਪਿਸ਼ ਨੇ ਲੋਕਾਂ ਨੂੰ ਖੂਬ ਪਰੇਸ਼ਾਨ ਕੀਤਾ ਪਰ ਬੁੱਧਵਾਰ ਨੂੰ ਦੁਪਹਿਰੋਂ ਬਾਅਦ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਤੇਜ਼ ਹਨ੍ਹੇਰੀ, ਝੱਖੜ, ਬਿਜਲੀ ਦੀ ਚਮਕ ਅਤੇ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਸ਼ਾਮ 5 ਵਜੇ ਤੋਂ ਬਾਅਦ ਅਚਾਨਕ ਆਏ ਤੇਜ਼ ਮੀਂਹ ਅਤੇ ਹਨੇਰੀ ਝੱਖੜ ਨਾਲ ਪਾਰੇ ਵਿਚ ਕਾਫੀ ਕਮੀ ਦਰਜ ਕੀਤੀ ਗਈ।
ਪਹਿਲਾਂ ਹੀ ਬਿਜਲੀ ਕੱਟਾਂ ਨੂੰ ਝੱਲ ਰਹੇ ਸ਼ਹਿਰ ਵਾਸੀਆਂ ਲਈ ਅਚਾਨਕ ਆਈ ਬਾਰਿਸ਼ ਨੇ ਬਿਜਲੀ ਦੀ ਕਿੱਲਤ ਨੂੰ ਹੋਰ ਵਧਾ ਦਿੱਤਾ। ਜਿੱਥੇ ਸ਼ਾਮ ਤੋਂ ਬਾਅਦ ਪਈ ਬਾਰਿਸ਼ ਨੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਸ਼ਹਿਰ ਦੇ ਕਈ ਇਲਾਕਿਆਂ ’ਚ ਸੜਕਾਂ ਅਤੇ ਗਲੀਆਂ ’ਚ ਪਾਣੀ ਭਰ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਤੇਜ਼ ਬਾਰਿਸ਼ ਕਾਰਨ ਅਤੇ ਸੜਕਾਂ ਉੱਪਰ ਪਾਣੀ ਭਰਨ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ’ਚ ਮੁਸ਼ਕਿਲਾਂ ਆਈਆਂ।
ਕਈ ਥਾਈਂ ਸੜਕਾਂ ਕੰਡੇ ਲੱਗੇ ਦਰੱਖਤ ਤੇਜ਼ ਹਨ੍ਹੇਰੀ ਨੇ ਉਖਾੜ ਦਿੱਤੇ। ਇਸ ਤੋਂ ਇਲਾਵਾ ਕਈ ਜਗ੍ਹਾ ਤੇ ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡ ਵੀ ਨੁਕਸਾਨੇ ਗਏ। ਬੀਤੇ ਦਿਨਾਂ ਦੌਰਾਨ ਤਾਪਮਾਨ ’ਚ ਹੋਏ ਵਾਧੇ ਤੋਂ ਬਾਅਦ ਅਚਾਨਕ ਮੌਸਮ ’ਚ ਆਈ ਇਸ ਤਬਦੀਲੀ ਦਾ ਸ਼ਹਿਰ ਵਾਸੀ ਖੂਬ ਆਨੰਦ ਲੈ ਰਹੇ ਹਨ। 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਤਪਿਸ਼ ’ਚ ਕਾਫੀ ਕਟੌਤੀ ਕੀਤੀ।
ਲੁਧਿਆਣਾ (ਮੁਕੇਸ਼) : ਮੀਂਹ ਕਾਰਨ ਚੰਡੀਗੜ੍ਹ ਰੋਡ ਹਾਈਵੇ ਤੇ ਨਾਲ ਲਗਦੇ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਨਜ਼ਰ ਆਏ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਫੋਕਲ ਪੁਆਇੰਟ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ, ਜਿਸ ਕਾਰਨ ਸਨਅਤਕਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਚੰਡੀਗੜ੍ਹ ਰੋਡ ਹਾਈਵੇ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਈਵੇ ਨੇ ਨਹਿਰ ਦਾ ਰੂਪ ਧਾਰ ਲਿਆ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ। ਜਾਮ ’ਚ ਫਸੇ ਹੋਏ ਵਾਹਨ ਚਾਲਕ ਕਾਫੀ ਪ੍ਰੇਸ਼ਾਨ ਦਿਖਾਈ ਦਿੱਤੇ। ਸੈਕਟਰ- 39 ਐਸੋਸੀਏਸ਼ਨ ਦੇ ਸੁਦਰਸ਼ਨ ਸ਼ਰਮਾ ਮਾਮਾ, ਸਾਜਨ ਗੁਪਤਾ, ਸੁਰਿੰਦਰ ਤਾਂਗੜੀ, ਰਾਜੂ ਕਪੂਰ, ਬਿੱਟੂ ਕਪੂਰ, ਵਿਕਰਮ ਜਿੰਦਲ, ਨਰਿੰਦਰ ਆਨੰਦ, ਅਵਤਾਰ ਸਿੰਘ ਆਹਲੂਵਾਲੀਆ, ਟੀ. ਕੇ. ਗੁਪਤਾ, ਚਰਨਜੀਤ ਅਰੋੜਾ ਹੁਰਾਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਚੰਡੀਗੜ੍ਹ ਰੋਡ ਹਾਈਵੇ ’ਤੇ ਸੈਕਟਰ- 39 ਵਿਖੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕਰ ਸਕੀਆਂ, ਜੋ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ। ਹਾਲੇ ਤਾਂ ਬਰਸਾਤਾਂ ਸ਼ੁਰੂ ਵੀ ਨਹੀਂ ਹੋਈਆਂ ਕਿ ਇਕ ਘੰਟੇ ਦੇ ਮੀਂਹ ਨੇ ਹੀ ਨਗਰ ਨਿਗਮ ਵਲੋਂ ਸਫਾਈ ਨੂੰ ਲੈ ਕੇ ਕੀਤੇ ਜਾਣ ਵਾਲੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਰਸਾਤਾਂ ’ਚ ਰੱਬ ਹੀ ਰਾਖਾ ਹੈ।
ਕਈ ਥਾਈਂ ਸੀਵਰੇਜ ਦੇ ਗਟਰ ਫਟੇ
ਚੰਡੀਗੜ੍ਹ ਰੋਡ, ਸੈਕਟਰ-39 ਅਤੇ ਨਾਲ ਲਗਦੇ ਇਲਾਕਿਆਂ ’ਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਕਈ ਥਾਈਂ ਸੀਵਰੇਜ ਦੇ ਗਟਰ ਫਟ ਗਏ। ਸੀਵਰੇਜ ਦਾ ਗੰਦਾ ਪਾਣੀ ਸੜਕਾਂ ਉੱਪਰ ਭਰ ਗਿਆ। ਇਸੇ ਤਰ੍ਹਾਂ ਕਈ ਥਾਵਾਂ ’ਤੇ ਸੜਕ ਧੱਸਣ ਕਾਰਨ ਟੋਏ ਪੈ ਗਏ, ਜਿਸ ਵਿਚ ਅੱਧੀ ਦਰਜਨ ਦੇ ਕਰੀਬ ਦੋਪਹੀਆ ਵਾਹਨ ਫਸ ਗਏ। ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨੇ ਮੀਂਹ ’ਚ ਮੋਰਚਾ ਸੰਭਾਲਦਿਆਂ ਹਾਈਵੇ ’ਤੇ ਲੱਗੇ ਜਾਮ ਨੂੰ ਖੁੱਲ੍ਹਵਾਇਆ ਜਿਸ ਮਗਰੋਂ ਜਾਮ ’ਚ ਫਸੇ ਵਾਹਨ ਚਾਲਕਾਂ ਨੇ ਰਾਹਤ ਮਹਿਸੂਸ ਕੀਤੀ।
ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ
NEXT STORY