ਰੂਪਨਗਰ, (ਵਿਜੇ)- ਵਿਜੀਲੈਂਸ ਵਿਭਾਗ ਦੀ ਟੀਮ ਨੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਜਦੋਂਕਿ ਮੰਡੀ ਕਲਰਕ ਅੰਮ੍ਰਿਤਪਾਲ ਸਿੰਘ ਗੋਨਾ ਨੂੰ ਵੀ ਇਸ ਮਾਮਲੇ 'ਚ ਸ਼ਾਮਲ ਹੋਣ ਕਰ ਕੇ ਉਸ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਲਖਵੀਰ ਸਿੰਘ ਮਾਨ ਨੂੰ 6000 ਰੁਪਏ ਕਥਿਤ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ, ਜਿਸ ਨੇ ਕਲਰਕ ਅੰਮ੍ਰਿਤਪਾਲ ਸਿੰਘ ਨਾਲ ਮਿਲ ਕੇ ਆੜ੍ਹਤੀ ਦਾ ਰਜਿਸਟਰ ਚੁੱਕ ਲਿਆ ਸੀ ਅਤੇ ਉਸ 'ਤੇ ਜੁਰਮਾਨਾ ਲਾਉਣ ਦੀ ਧਮਕੀ ਦੇ ਰਹੇ ਸੀ। ਆੜ੍ਹਤੀ ਅੰਕੁਸ਼ ਕੱਕੜ 2000 ਰੁਪਏ ਪਹਿਲਾਂ ਹੀ ਦੇ ਚੁੱਕਾ ਸੀ, ਜਦੋਂਕਿ ਹੁਣ ਉਸ ਨੇ ਫਿਰ 6000 ਰੁਪਏ ਉਕਤ ਨੂੰ ਦਿੱਤੇ ਸੀ। ਉਨ੍ਹਾਂ ਕਿਹਾ ਕਿ ਰਿਸ਼ਵਤ ਦੀ ਰਿਕਵਰੀ ਸਕੱਤਰ ਤੋਂ ਹੋਈ ਹੈ ਅਤੇ ਮੰਡੀ ਕਲਰਕ ਦੇ ਵਿਰੁੱਧ ਵੀ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਸ ਦੀ ਜਾਂਚ ਕੀਤੀ ਜਾਵੇਗੀ।
ਸ਼ਿਕਾਇਤਕਰਤਾ ਅੰਕੁਸ਼ ਕੱਕੜ ਨੇ ਕਿਹਾ ਕਿ ਸਕੱਤਰ ਲਖਵੀਰ ਸਿੰਘ ਮਾਨ ਅਤੇ ਕਲਰਕ ਅੰਮ੍ਰਿਤਪਾਲ ਸਿੰਘ ਰੋਜ਼ਾਨਾ ਹੀ ਆ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸੀ। ਇਹ ਦੋਵੇਂ ਆੜ੍ਹਤੀਆਂ ਦੇ ਰਜਿਸਟਰ ਚੁੱਕ ਕੇ ਲੈ ਜਾਂਦੇ ਸੀ ਅਤੇ ਫਿਰ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੇ ਸਨ। ਹੁਣ ਉਨ੍ਹਾਂ ਤੋਂ ਕਥਿਤ 'ਮਹੀਨੇ' ਦੀ ਮੰਗ ਕੀਤੀ ਜਾ ਰਹੀ ਸੀ ਅਤੇ ਨਾ ਦੇਣ 'ਤੇ ਜੁਰਮਾਨਾ ਪਾਉਣ ਦੀ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਲਰਕ ਅੰਮ੍ਰਿਤਪਾਲ ਸਿੰਘ ਹੀ ਸਾਰੀ ਮੰਡੀ ਤੋਂ ਕਥਿਤ ਕੁਲੈਕਸ਼ਨ ਕਰਦਾ ਸੀ।
ਮਾਰਕੀਟ ਕਮੇਟੀ ਦੇ ਰਿਕਾਰਡ ਦੀ ਜਾਂਚ ਦੀ ਮੰਗ
'ਜਗ ਬਾਣੀ' ਇਸ ਬਾਰੇ ਪਹਿਲਾਂ ਵੀ ਪ੍ਰਮੁੱਖਤਾ ਨਾਲ ਮਾਰਕੀਟ ਕਮੇਟੀ ਦੀਆਂ ਅਨਿਯਮਤਾਈਆਂ ਅਤੇ ਧਾਂਦਲੀਆਂ ਵਿਰੁੱਧ ਖਬਰਾਂ ਪ੍ਰਕਾਸ਼ਤ ਕਰ ਚੁੱਕਾ ਹੈ ਕਿ ਮਾਰਕੀਟ ਕਮੇਟੀ ਦੇ ਕੁਝ ਅਧਿਕਾਰੀ ਰਾਤ 2 ਵਜੇ ਹੀ ਸਬਜ਼ੀ ਅਤੇ ਫਲਾਂ ਦੀ ਬੋਲੀ ਸ਼ੁਰੂ ਕਰਵਾ ਦਿੰਦੇ ਸੀ, ਜਦੋਂਕਿ ਬੋਲੀ ਕਰੀਬ 5 ਵਜੇ ਕਰਵਾਉਣ ਦੇ ਹੁਕਮ ਹਨ। ਇਸ ਕਾਰਨ ਵਿਆਹ ਤੇ ਹੋਰ ਸਮਾਰੋਹ ਆਦਿ ਕਰਨ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆਉਂਦੀ ਸੀ ਕਿਉਂਕਿ ਉਨ੍ਹਾਂ ਵੀ ਇਸ ਮੰਡੀ ਤੋਂ ਸਾਮਾਨ ਲੈਣਾ ਹੁੰਦਾ ਸੀ। ਇਹ ਅਧਿਕਾਰੀ ਕੁਝ ਲੋਕਾਂ ਦੀ ਮਿਲੀਭੁਗਤ ਨਾਲ ਪਿਛਲੇ ਕਾਫੀ ਸਮੇਂ ਤੋਂ ਇਹ ਕਾਰਵਾਈ ਕਰ ਰਹੇ ਸੀ ਅਤੇ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਵੀ ਲਿਆਂਦਾ ਗਿਆ ਸੀ। ਲੋਕਾਂ ਦੀ ਮੰਗ ਹੈ ਕਿ ਮਾਰਕੀਟ ਕਮੇਟੀ ਰੂਪਨਗਰ ਦੇ ਰਿਕਾਰਡ ਦੀ ਤੁਰੰਤ ਜਾਂਚ ਕਰਵਾਈ ਜਾਵੇ।
2 ਕਿਲੋ ਭੁੱਕੀ ਸਣੇ ਕਾਬੂ
NEXT STORY