ਮੋਹਾਲੀ (ਨਿਆਮੀਆਂ)—ਗੁਰੂਗ੍ਰਾਮ 'ਚ ਪਿਛਲੇ ਦਿਨੀਂ ਇਕ ਨਿੱਜੀ ਸਕੂਲ 'ਚ ਹੋਈ ਇਕ ਬੱਚੇ ਦੀ ਹੱਤਿਆ ਤੋਂ ਬਾਅਦ ਸ਼ੁੱਕਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਨਾਲ ਸਬੰਧਿਤ ਸਾਰੇ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਨੂੰ ਬੱਚਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਸਾਰੇ ਸਕੂਲ ਦੇ ਪ੍ਰਿੰਸੀਪਲਾਂ ਦੇ ਨਾਂ ਲਿਖੇ ਪੱਤਰ 'ਚ ਬੋਰਡ ਨੇ ਸਪੱਸ਼ਟ ਤੌਰ 'ਤੇ ਇਨ੍ਹਾਂ ਹਦਾਇਤਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ।
ਸਿੱਖਿਆ ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਬੋਰਡ ਵਲੋਂ ਜਾਰੀ ਇਨ੍ਹਾਂ ਹਦਾਇਤਾਂ 'ਚ ਕਿਹਾ ਗਿਆ ਹੈ ਕਿ ਸਕੂਲਾਂ ਦੇ ਅਧਿਆਪਕਾਂ, ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਸੇਵਾਦਾਰਾਂ ਆਦਿ ਦੇ ਆਈ. ਡੀ. ਪਰੂਫ਼ ਅਤੇ ਪੁਲਸ ਵੈਰੀਫਿਕੇਸ਼ਨ ਕਰਵਾਉਣਾ ਹਰ ਹਾਲਤ 'ਚ ਯਕੀਨੀ ਬਣਾਇਆ ਜਾਵੇ । ਜਿਨ੍ਹਾਂ ਮਾਪਿਆਂ ਵਲੋਂ ਆਪਣੇ ਤੌਰ 'ਤੇ ਬੱਚਿਆਂ ਲਈ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਦੀ ਵੀ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। ਸਿੱਖਿਆ ਬੋਰਡ ਨੇ ਸਖਤ ਸ਼ਬਦਾਂ 'ਚ ਕਿਹਾ ਹੈ ਕਿ ਕੰਡਕਟਰਾਂ, ਡਰਾਈਵਰਾਂ, ਗੈਰ-ਅਧਿਆਪਕਾਂ ਅਤੇ ਪੁਰਸ਼ਾਂ ਦਾ ਦਾਖਲਾ ਸਕੂਲਾਂ 'ਚ ਤੁਰੰਤ ਬੰਦ ਕੀਤਾ ਜਾਵੇ, ਸਕੂਲਾਂ 'ਚ ਆਉਣ ਵਾਲੇ ਲੋਕਾਂ ਦੇ ਆਈ. ਡੀ. ਪਰੂਫ਼ ਵੇਖ ਕੇ ਹੀ ਉਨ੍ਹਾਂ ਨੂੰ ਸਕੂਲ ਅੰਦਰ ਜਾਣ ਲਈ ਪਾਸ ਜਾਰੀ ਕੀਤੇ ਜਾਣ । ਸ਼ੱਕ ਪੈਣ 'ਤੇ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਜਾਵੇ ।
ਸਿੱਖਿਆ ਬੋਰਡ ਨੇ ਸਾਰੇ ਸਕੂਲਾਂ ਨੂੰ ਸੁਚੇਤ ਕੀਤਾ ਹੈ ਕਿ ਵਿਦਿਆਰਥੀਆਂ ਤੋਂ ਇਲਾਵਾ ਹੋਰ ਕਿਸੇ ਵੀ ਵਿਅਕਤੀ ਨੂੰ ਵਿਦਿਆਰਥੀਆਂ ਦੇ ਵਾਸ਼ਰੂਮ ਦਾ ਪ੍ਰਯੋਗ ਨਾ ਕਰਨ ਦਿੱਤਾ ਜਾਵੇ । ਸਾਰੇ ਸਕੂਲਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਅਤੇ ਉਨ੍ਹਾਂ ਨੂੰ ਚਾਲੂ ਹਾਲਤ 'ਚ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ । ਸਕੂਲਾਂ ਦੀ ਚਾਰਦੀਵਾਰੀ ਨੂੰ ਕਾਫ਼ੀ ਉੱਚਾ ਕਰਕੇ ਉਸ ਉਤੇ ਕੰਡਿਆਲੀ ਤਾਰ ਲਗਾਉਣ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਲਈ ਇਕ ਕਮੇਟੀ ਬਣਾਉਣ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਅਧਿਆਪਕਾਂ ਨੂੰ ਟਰੇਂਡ ਕਰਨ ਲਈ ਵੀ ਕਿਹਾ ਗਿਆ ਹੈ । ਬੋਰਡ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਹੈ ਕਿ ਵਿਦਿਆਰਥੀਆਂ ਦੀ ਸਕੂਲ 'ਚ ਹਾਜ਼ਰੀ ਦੌਰਾਨ ਅਤੇ ਸਕੂਲ ਵਾਹਨਾਂ 'ਚ ਸਫਰ ਦੌਰਾਨ ਸੁਰੱਖਿਆ ਦੀ ਮੁਕੰਮਲ ਜ਼ਿੰਮੇਵਾਰੀ ਸਕੂਲ ਪਿੰ੍ਰਸੀਪਲ ਅਤੇ ਮੈਨੇਜਮੈਂਟ ਦੀ ਹੋਵੇਗੀ ।
ਗੁਰਦਾਸਪੁਰ ਟਿਕਟ ਦੀ ਇੱਛਾ ਜਿਤਾ ਹੀ ਗਏ ਬਾਜਵਾ (ਵੀਡੀਓ)
NEXT STORY